Babushahi Special- ਬੀੜ ਤਲਾਬ: ਸਿਆਸੀ ਆਗੂ ਦੀ ਮਿਹਰ ਨਾਲ ਬਣਿਆ ਨਸ਼ਿਆਂ ਦਾ ਤਲਾਬ
ਅਸ਼ੋਕ ਵਰਮਾ
ਬਠਿੰਡਾ, 3 ਮਾਰਚ 2025 :ਬਠਿੰਡਾ ਜਿਲ੍ਹੇ ਦੀ ਬਸਤੀ ਬੀੜ ਤਲਾਬ ਜਿੱਥੇ ਅੱਜ ਪੁਲਿਸ ਪ੍ਰਸ਼ਾਸ਼ਨ ਵੱਲੋਂ ਇੱਕ ਨਸ਼ਾ ਤਸਕਰ ਦੇ ਘਰ ਤੇ ਬੁਲਡੋਜਰ ਕਾਰਵਾਈ ਕੀਤੀ ਗਈ ਹੈ ਪਹਿਲਾਂ ਅਜਿਹਾ ਨਹੀਂ ਬਲਕਿ ਸਧਾਰਨ ਪਿੰਡਾਂ ਵਰਗਾ ਹੁੰਦਾ ਸੀ। ਪਿੰਡ ਦੇ ਹੀ ਇੱਕ ਸਿਆਸੀ ਨੇਤਾ ਦੀ ਮਿਹਰਬਾਨੀ ਨੇ ਬੀੜ ਤਲਾਬ ਨੂੰ ਨਸ਼ਿਆਂ ਦੀ ਦਲਦਲ ’ਚ ਅਜਿਹਾ ਧੱਕਿਆ ਕਿ ਹੁਣ ਇਹ ਨਸ਼ਾ ਤਸਕਰੀ ਲਈ ਬਦਨਾਮ ਖਿੱਤਾ ਬਣ ਗਿਆ ਹੈ। ਸਾਲ 1947 ’ਚ ਹੋਈ ਭਾਰਤ ਪਾਕਿ ਵੰਡ ਦੌਰਾਨ ਪਾਕਿਸਤਾਨ ਦੇ ਰਾਵਲਪਿੰਡੀ ਤੋਂ ਉੱਜੜਣ ਪਿੱਛੋਂ ਬੀੜ ਤਲਾਬ ’ਚ ਆਕੇ ਵੱਸੇ ਜਿਆਦਾਤਰ ਪ੍ਰੀਵਾਰਾਂ ਦੀ ਦੀ ਦਾਸਤਾਨ ਹੁਣ ਨਸ਼ਾ ਵੇਚਣ ਲਈ ਸਭ ਤੋਂ ਵੱਧ ਬਦਨਾਮੀ ਖੱਟਣ ਵਾਲੇ ਮੋਗਾ ਜਿਲ੍ਹੇ ਦੇ ਦੌਲੇ ਵਾਲਾ ਤੋਂ ਕੋਈ ਵੱਖਰੀ ਨਹੀਂ ਹੈ। ਫਰਕ ਸਿਰਫ ਐਨਾ ਹੈ ਕਿ ਦੌਲੇਵਾਲਾ ਦੇ ਲੋਕਾਂ ਨੂੰ ਆਲੀਸ਼ਾਨ ਕੋਠੀਆਂ ਅਤੇ ਲਗਜ਼ਰੀ ਗੱਡੀਆਂ ਦੇ ਸ਼ੌਂਕ ਨੇ ਹੈਰੋਇਨ ਤਸਕਰ ਬਣਾਇਆ ਸੀ।
ਇਸ ਦੇ ਉਲਟ ਬੀੜ ਤਲਾਬ ਦੀ ਗਰੀਬੀ ਪਹਿਲਾਂ ਲੋਕਾਂ ਨੂੰ ਰੂੜੀ ਮਾਰਕਾ ਕੱਢਣ ਤੱਕ ਲੈ ਗਈ ਅਤੇ ਵਕਤ ਦੇ ਨਾਲ ਇੱਥੋਂ ਦੇ ਲੋਕ ਹਰ ਕਿਸਮ ਦੇ ਨਸ਼ਿਆਂ ਦੀ ਤਸਕਰੀ ਲਈ ਮਸ਼ਹੂਰ ਹੋ ਗਏ। ਬੀੜ ਤਲਾਬ ਵਿੱਚ ਨਸ਼ਾ ਤਸਕਰੀ ਕੋਈ ਅੱਜ ਨਵੀਂ ਨਹੀਂ ਹੈ ਬਲਕਿ ਕਰੀਬ 20 ਸਾਲ ਪਹਿਲਾਂ ਇਸ ਕਾਲੇ ਧੰਦੇ ਦਾ ਮੁੱਢ ਬੱਝਿਆ ਸੀ। ਇੱਕ ਸੇਵਾਮੁਕਤ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸਲ ’ਚ ਉਦੋਂ ਵੱਡੇ ਸਿਆਸੀ ਲੋਕਾਂ ਦੇ ਨਜ਼ਦੀਕ ਮੰਨੇ ਜਾਂਦੇ ਪ੍ਰੀਵਾਰ ਨਾਲ ਸਬੰਧਤ ਮਹਿਲਾ ਸਰਪੰਚ ਦੇ ਪਤੀ ਨੂੰ ਸਮੈਕ ਪੀਣ ਦੀ ਆਦਤ ਸੀ ਜਿਸ ਨੂੰ ਪੂਰੀ ਕਰਨ ਲਈ ਉਹ ਪਿੰਡ ਵਿੱਚ ਸਮੈਕ ਦੀ ਵਿੱਕਰੀ ਸ਼ੁਰੂ ਕਰ ਦਿੱਤੀ। ਇਸ ਦਾ ਮਕਸਦ ਆਪਣੀ ਨਸ਼ੇ ਦੀ ਤਲਬ ਮਿਟਾਉਣ ਦੇ ਨਾਲ ਨਾਲ ਇਸ ਧੰਦੇ ਚੋਂ ਕਮਾਈ ਕਰਨਾ ਸੀ। ਇਸੇ ਦੌਰਾਨ ਆਪਣੇ ਪਿਤਾ ਨੂੰ ਦੇਖਦਿਆਂ ਉਸ ਦਾ ਇੱਕ ਪੁੱਤ ਵੀ ਸਮੈਕ ਦੀ ਚਾਟ ਤੇ ਲੱਗ ਪਿਆ।
ਸਿਰ ਤੇ ਸਿਆਸੀ ਹੱਥ ਹੋਣ ਕਰਕੇ ਅੱਗੇ ਚੱਲਕੇ ਮਹਿਲਾ ਸਰਪੰਚ ਦੇ ਦੋਵੇਂ ਲੜਕੇ ਸਮੈਕ ਦੇ ਵੱਡੇ ਸਪਲਾਇਰ ਬਣ ਗਏ। ਇੰਨ੍ਹਾਂ ਦੋਵਾਂ ਭਰਾਵਾਂ ਚੋਂ ਇੱਕ ਖਿਲਾਫ ਥਾਣਾ ਸਦਰ ਬਠਿੰਡਾ ਪੁਲਿਸ ਨੇ 12 ਮਾਰਚ 2010 ਨੂੰ ਸਮੈਕ ਤਸਕਰੀ ਦਾ ਪਹਿਲਾ ਮੁਕੱਦਮਾ ਦਰਜ ਕੀਤਾ ਸੀ। ਉਨ੍ਹਾਂ ਦਿਨਾਂ ਦੌਰਾਨ ਨਸ਼ਾ ਤਸਕਰੀ ਕਾਰਨ ਹੁੰਦੇ ਵੱਡੇ ਮੁਨਾਫੇ ਕਰਕੇ 18 ਤੋਂ 25 ਸਾਲ ਉਮਰ ਦੇ ਜਿਆਦਾਤਰ ਮੁੰਡਿਆਂ ਨੇ ਨਾਂ ਕੇਵਲ ਸਮੈਕ ਪੀਣੀ ਸ਼ੁਰੂ ਕਰ ਦਿੱਤੀ ਬਲਕਿ ਉਹ ਇਸ ਨੂੰ ਵਪਾਰਕ ਪੱਧਰ ਤੇ ਵੇਚਣ ਵੀ ਲੱਗ ਪਏ। ਇਸੇ ਦੌਰਾਨ ਮਹਿਲਾ ਸਰਪੰਚ ਦੇ ਪਤੀ ਦੀ ਮੌਤ ਹੋ ਗਈ ਅਤੇ ਉਸ ਦਾ ਇੱਕ ਪੁੱਤ ਜੇਲ੍ਹ ਚਲਾ ਗਿਆ ਜਦੋਂਕਿ ਦੂਸਰੇ ਨੇ ਰਾਜਸਥਾਨ ਦੇ ਹਨੂੰਮਾਨਗੜ੍ਹ ਨੂੰ ਆਪਣਾ ਟਿਕਾਣਾ ਬਣਾ ਲਿਆ ਜਿੱਥੋਂ ਬੈਠਕੇ ਉਹ ਮੱਧ ਪ੍ਰਦੇਸ਼ ਤੋਂ ਮੰਗਵਾਕੇ ਸਮੈਕ ਦੀ ਤਸਕਰੀ ਕਰਨ ਲੱਗ ਪਿਆ ਜੋਕਿ ਬੀੜ ਤਲਾਬ ਦੇ ਨੌਜਵਾਨਾਂ ਨੂੰ ਅੱਗੇ ਵੇਚਣ ਲਈ ਭੇਜ ਦਿੱਤੀ ਜਾਂਦੀ ਸੀ।
ਇਸ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਾਅਦ ’ਚ ਇੰਨ੍ਹਾਂ ਦੋਵਾਂ ਭਰਾਵਾਂ ਦੀ ਕੀ ਬਣਿਆ ਉਨ੍ਹਾਂ ਨੂੰ ਇਸ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਪਰ ਸਮੈਕ ਦੇ ਵਪਾਰੀਆਂ ਵੱਲੋਂ ਲਾਇਆ ਨਸ਼ਾ ਤਸਕਰੀ ਦਾ ਬੂਟਾ ਦਰਖਤ ਬਣਕੇ ਪਿੰਡ ਦੀਆਂ ਜੜ੍ਹਾਂ ਖੋਖਲੀਆਂ ਕਰ ਰਿਹਾ ਹੈ। ਇੱਕ ਪਿੰਡ ਵਾਸੀ ਨੇ ਦੱਸਿਆ ਕਿ ਸਾਲ 2011 ਤੱਕ ਸਮੈਕ ਦਾ ਕਾਰੋਬਾਰ ’ਚ ਐਨਾ ਵਾਧਾ ਹੋਇਆ ਕਿ ਬੱਸ ਅੱਡੇ ਦੇ ਨਜ਼ਦੀਕ ਅਤੇ ਘਰਾਂ ਵਿੱਚ ਖੁੱਲ੍ਹਆਮ ਸਮੈਕ ਵਿਕਣ ਲੱਗ ਪਈ। ਉਨ੍ਹਾਂ ਦੱਸਿਆ ਕਿ ਬੀੜ ਤਲਾਬ ਇਸ ਮਾਮਲੇ ’ਚ ਐਨਾ ਮਸ਼ਹੂਰ ਹੋ ਗਿਆ ਕਿ ਦੂਰ ਦੁਰਾਡੇ ਸ਼ਹਿਰਾਂ ਤੋਂ ਲਗਜ਼ਰੀ ਗੱਡੀਆਂ ਵਿੱਚ ਗਾਹਕ ਆਉਂਦੇ ੇ ਸਨ। ਪਿੰਡ ਦੇ ਸਾਬਕਾ ਪੰਚ ਸੁਖਮੰਦਰ ਸਿੰਘ ਸੁੱਖਾ ਨੇ ਨਸ਼ਾ ਤਸਕਰੀ ਖਿਲਾਫ ਐਕਸ਼ਨ ਕਮੇਟੀ ਬਣਾਈ ਸੀ ਜਿਸ ਦੀ ਪਹਿਲ ਕਦਮੀ ਤੇ ਪੁਲਿਸ ਚੌਂਕੀ ਵੀ ਖੋਲੀ੍ਹ ਗਈ । ਕੁੱਝ ਸਮਾਂ ਸਭ ਕੁੱਝ ਠੀਕ ਰਿਹਾ ਪਰ ਮਗਰੋਂ ਸਥਿਤੀ ਫਿਰ ਬਦਤਰ ਹੋ ਗਈ ਜਦੋਂਕਿ ਹੁਣ ਤਾਂ ਕੋਈ ਹਿਸਾਬ ਹੀ ਨਹੀਂ ਰਹਿ ਗਿਆ ਹੈ।
ਬਠਿੰਡਾ ਜਿਲ੍ਹੇ ’ਚ ਦੋ ਹਾਟ ਸਪਾਟ
ਪੁਲਿਸ ਰਿਕਾਰਡ ਵਿੱਚ ਨਸ਼ਿਆਂ ਦੀ ਤਸਕਰੀ ਦੇ ਮਾਮਲੇ ’ਚ ਪੁਲਿਸ ਬਠਿੰਡਾ ਦੀ ਬਸਤੀ ਬੀੜ ਤਲਾਬ ਅਤੇ ਧੋਬੀਆਣਾ ਬਸਤੀ ਨੂੰ ਹਾਟ ਸਪਾਟ ਮੰਨਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਹੋਰਨਾਂ ਥਾਵਾਂ ਤੇ ਨਸ਼ਾ ਨਹੀਂ ਵਿਕਦਾ ਹੈ ਬਲਕਿ ਬਠਿੰਡਾ ਪੁਲਿਸ ਨੇ ਮੈਡੀਕਲ ਨਸ਼ਿਆਂ ਨਾਲ ਕਈ ਮੱਗਰਮੱਛ ਵੀ ਕਾਬੂ ਕੀਤੇ ਹਨ। ਸਾਲ 2023 ’ਚ ਬਠਿੰਡਾ ਪੁਲਿਸ ਨੇ ਧੋਬੀਆਣਾ ਬਸਤੀ ਨਾਲ ਸਬੰਧਤ ਚਿੱਟੇ ਦੀ ਤਸਕਰੀ ਕਰਨ ਵਾਲਾ ਪੂਰਾ ਪ੍ਰੀਵਾਰ ਗ੍ਰਿਫਤਾਰ ਕੀਤਾ ਸੀ ਜਿਸ ’ਚ ਔਰਤਾਂ ਵੀ ਸ਼ਾਮਲ ਸਨ। ਮਹੱਤਵਪੂਰਨ ਤੱਥ ਹੈ ਕਿ ਬੀੜ ਤਲਾਬ ’ਚ ਤਾਂ ਔਰਤਾਂ ਵੀ ਇਸ ਧੰਦੇ ਵਿੱਚ ਲੱਗੀਆਂ ਹੋਈਆਂ ਹਨ।
ਪੁਲਿਸ ਨਸ਼ੇ ਰੋਕਣ ਲਈ ਸੰਜੀਦਾ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਅੱਜ ਨਸ਼ਿਆਂ ਦੀ ਤਸਕਰੀ ਦੇ ਹਾਟ ਸਪਾਟ ਬੀੜ ਤਲਾਬ ਵਿੱਚ ਕਾਰਵਾਈ ਕਰਕੇ ਨਸ਼ੇ ਦੇ ਵਪਾਰੀਆਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਹੁਣ ਇਹ ਕਾਲਾ ਧੰਦਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ। ਐਸਐਸਪੀ ਨੇ ਆਮ ਲੋਕਾਂ ਨੂੰ ਪਿੰਡਾਂ ਜਾਂ ਸ਼ਹਿਰਾਂ ਵਿੱਚ ਨਸ਼ਾ ਤਸਕਰੀ ਕਰਨ ਵਾਲਿਆਂ ਸਬੰਧੀ ਪੁਲਿਸ ਨੂੰ ਸੂਚਨਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲਿਆਂ ਦਾ ਨਾਮ ਗੁਪਤ ਰੱਖਿਆ ਜਾਏਗਾ।