Babushahi Special: ਆਮਦਨ ਵਿੱਚ ਵਾਧੇ ਤੋਂ ਬਗੈਰ ਹੀ 'ਪਦਮ ਵਧਾਉਣਗੇ ਕਦਮ'ਮ
- ਮਾਮਲਾ ਨਗਰ ਨਿਗਮ ਦੇ ਅਗਾਮੀ ਬਜਟ ਦਾ
ਅਸ਼ੋਕ ਵਰਮਾ
ਬਠਿੰਡਾ, 2 ਮਾਰਚ 2025: ਨਗਰ ਨਿਗਮ ਬਠਿੰਡਾ ਦਾ ਸਾਲ 2025-26 ਲਈ 4 ਮਾਰਚ ਨੂੰ 198 ਕਰੋੜ 81 ਲੱਖ 90 ਹਜ਼ਾਰ ਦਾ ਬਜਟ ਪੇਸ਼ ਕੀਤਾ ਜਾਏਗਾ ਜੋ ਨਿਗਮ ਦੇ ਹੁਣ ਤੱਕ ਦਾ ਰਿਕਾਰਡ ਹੈ। ਵਿੱਤੀ ਸਾਲ 2024-25 ਦੌਰਾਨ ਨਗਰ ਨਿਗਮ ਦਾ ਬਜਟ 187 ਕਰੋੜ 94 ਲੱਖ 62 ਹਜ਼ਾਰ ਰੁਪਏ ਦਾ ਸੀ। ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਆਪਣੀ ਚੋਣ ਤੋਂ ਬਾਅਦ ਪੇਸ਼ ਹੋਣ ਵਾਲੇ ਪਲੇਠੇ ਬਜਟ ਲਈ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਤਜਵੀਜਾਂ ਤਿਆਰ ਕਰਨ ਮੌਕੇ ਵਿਸ਼ੇਸ਼ ਦਿਲਚਸਪੀ ਦਿਖਾਈ ਹੈ। ਨਵੇਂ ਮੇਅਰ ਵੱਲੋਂ ਆਮਦਨ ਵਧਾਉਣ ਤੋਂ ਬਿਨਾਂ ਬਜਟ ਨੂੰ ਵਿਕਾਸ ਤੇ ਕੇਂਦਰਿਤ ਕੀਤਾ ਗਿਆ ਹੈ ਅਤੇ ਪਿਛਲੀ ਵਾਰ ਤੋਂ ਜਿਆਦਾ ਫੰਡ ਵਿਕਾਸ ਕਾਰਜਾਂ ਲਈ ਅਲਾਟ ਕੀਤੇ ਹਨ। ਮੰਗਲਵਾਰ 4 ਮਾਰਚ ਨੂੰ ਸਵੇਰੇ 11 ਵਜੇ ਜਰਨਲ ਹਾਊਸ ਦੀ ਮੀਟਿੰਗ ਨਗਰ ਨਿਗਮ ਦੇ ਮੀਟਿੰਗ ਹਾਲ ਵਿੱਚ ਸੱਦੀ ਗਈ ਹੈ ਜਿੱਥੇ ਅਗਲੇ ਵਿੱਤੀ ਸਾਲ ਦਾ ਬਜਟ ਪੇਸ਼ ਕੀਤਾ ਜਾਏਗਾ।
ਮੀਟਿੰਗ ਦੀ ਪ੍ਰਧਾਨਗੀ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਕੀਤੀ ਜਾਏਗੀ ਅਤੇ ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਕਮ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਵੀ ਹਾਜ਼ਰ ਰਹਿਣਗੇ। ਹਾਲਾਂਕਿ ਵਿਰੋਧੀਆਂ ਵੱਲੋਂ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਮੇਅਰ ਲਈ ਬਜਟ ਇਜਲਾਸ ਚੁਣੌਤੀ ਬਣ ਸਕਦਾ ਹੈ ਪਰ ਇਸ ਤੋਂ ਪਹਿਲਾਂ ਵਾਲੇ ਬਜਟ ਤੋਂ ਰਾਸ਼ੀ ਵਧਾਕੇ ਮੇਅਰ ਪਦਮਜੀਤ ਮਹਿਤਾ ਨੇ ਦਰਸਾ ਦਿੱਤਾ ਹੈ ਕਿ ਉਹ ਹਰ ਤਰਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਨ। ਪਿਛਲੇ ਦਿਨੀਂ ਮੇਅਰ ਦੀ ਚੋਣ ਮੌਕੇ ਜਿਸ ਢੰਗ ਨਾਲ ਕਾਂਗਰਸੀ ਤੇ ਹਾਕਮ ਧਿਰ ਦੇ ਕੌਂਸਲਰਾਂ ਤੋਂ ਇਲਾਵਾ ਸੱਤਾਧਾਰੀ ਪਾਰਟੀ ਦੇ ਵਿਧਾਇਕ ਨੇ ਆਪੋ ਆਪਣੀ ਪਾਰਟੀ ਦੇ ਉਲਟ ਜਾਕੇ ਡੰਕੇ ਦੀ ਚੋਟ ਤੇ ਕਰਾਸ ਵੋਟਿੰਗ ਕੀਤੀ ਅਤੇ ਮਗਰੋਂ ਅਣਸੁਖਾਵੇਂ ਹਾਲਾਤਾਂ ਦਰਮਿਆਨ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਨੂੰ ਅਸਤੀਫਾ ਦੇਣਾ ਪਿਆ ਉਸ ਨੂੰ ਦੇਖਦਿਆਂ ਬਜਟ ਮੀਟਿੰਗ ਹੰਗਾਮਿਆਂ ਭਰਪੂਰ ਰਹਿਣ ਦੇ ਆਸਾਰ ਹਨ।
ਮੋਟੇ ਤੌਰ ਤੇ ਸਾਹਮਣੇ ਆਈ ਜਾਣਕਾਰੀ ਅਨੁਸਾਰ ਕੁੱਲ ਬਜਟ ਚੋਂ 107 ਕਰੋੜ 77 ਲੱਖ 35 ਹਜਾਰ ਰੁਪਏ ਦੀ ਰਾਸ਼ੀ ਨਗਰ ਨਿਗਮ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਆਦਿ ਤੇ ਖਰਚ ਕੀਤੀ ਜਾਣੀ ਹੈ ਜੋ ਬਜਟ ਤਜਵੀਜਾਂ ਦਾ ਤਕਰੀਬਨ 54 ਫੀਸਦੀ ਬਣਦਾ ਹੈ। ਬਜਟ ਦਾ 24 ਫੀਸਦੀ ਸ਼ਹਿਰ ਦੇ ਵਿਕਾਸ ਤੋਂ ਲੈਕੇ ਕਰਜੇ ਦਾ ਵਿਆਜ ਮੋੜਨ ਦੀ ਤਜਵੀਜ ਰੱਖੀ ਗਈ ਹੈ। ਇਸ ਵਿੱਚ ਮੇਂਟੀਨੈਂਸ ਖਰਚਾ 71 ਕਰੋੜ 75 ਲੱਖ ਰੁਪਏ ਹੈ ਜਦੋਂਕਿ ਵਿਕਾਸ ਕਾਰਜਾਂ ਲਈ48 ਕਰੋੜ 25 ਲੱਖ ਰੁਪਏ ਰੱਖੇ ਗਏ ਹਨ। ਨਗਰ ਨਿਗਮ ਨੇ 2024-25 ’ਚ ਕੰਟੀਜੈਂਸੀ ਤੇ 1 ਕਰੋੜ 94 ਲੱਖ ਰੁਪਏ ਦੀ ਰਾਸ਼ੀ ਰੱਖੀ ਸੀ ਜਦੋਂਕਿ ਮੇਂਟੀਨੈਂਸ ਤੇ ਬਜਟ ’ਚ 34 ਕਰੋੜ 90 ਲੱਖ ਰੁਪਏ ਰੱਖੇ ਹਨ। ਬਜਟ ’ਚ ਆਮਦਨ ਵਧਾਉਣ ਲਈ ਕਿਸੇ ਨਵੇਂ ਪ੍ਰੋਗਰਾਮ ਦਾ ਜਿਕਰ ਨਹੀਂ ਹੈ ਬਲਕਿ ਮੇਅਰ ਦੀ ਨਜ਼ਰ ਪੰਜਾਬ ਸਕਾਰ ਵੱਲ ਜਿਆਦਾ ਰਹੇਗੀ।
ਚਾਲੂ ਮਾਲੀ ਸਾਲੀ ਦਰਮਿਆਨ ਨਗਰ ਨਿਗਮ ਨੂੰ ਪੰਜਾਬ ਸਰਕਾਰ ਤੋਂ 31 ਦਿਸੰਬਰ 2024 ਤੱਕ 16 ਕਰੋੜ 95 ਲੱਖ 24 ਹਜ਼ਾਰ ਰੁਪਏ ਗਰਾਂਟ ਵਜੋਂ ਮਿਲ ਚੁੱਕੇ ਹਨ। ਨਗਰ ਨਿਗਮ ਵੱਲੋਂ ਹੁਡਕੋਂ ਤੋਂ ਲਏ 43.75 ਕਰੋੜ ਰੁਪਏ ਕਰਜੇ ਬਦਲੇ 40.80 ਕਰੋੜ ਰੁਪਏ ਦੀ ਮੂਲ ਰਾਸ਼ੀ ਤੋਂ ਬਿਨਾਂ 14.94 ਕਰੋੜ ਵਿਆਜ ਅਦਾ ਕੀਤਾ ਜਾ ਚੁੱਕਿਆ ਹੈ। ਨਗਰ ਨਿਗਮ ਵੱਲੋਂ 11 ਕਰੋੜ ਰਪਏ ਪੰਜਾਬ ਮਿਉਂਸਿਪਲ ਇਕੱਤਰ ਕਰਨ ਦੀ ਤਜਵੀਜ ਹੈ ਜਦੋਂਕਿ ਬੀਤੇ ਸਾਲ 10 ਕਰੋੜ ਦੀ ਤਜਵੀਜ ਚੋਂ 31 ਮਾਰਚ 2024 ਤੱਕ 9 ਕਰੋੜ 41 ਲੱਖ ਆਮਦਨੀ ਹੋਈ ਜਦੋਂਕਿ 31 ਮਾਰਚ 2025ਤੱਕ 9 ਕਰੋੜ 88 ਲੱਖ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਹਾਊਸ ਟੈਕਸ ,ਸਰਵਿਸ ਚਾਰਜਜ਼ ਅਤੇ ਜਾਇਦਾਦ ਟੈਕਸ ਸਮੇਤ ਵਿਆਜ ਤੇ ਜੁਰਮਾਨਾ 17 ਕਰੋੜ 55 ਲੱਖ ਰੁਪਏ ਦੀ ਤਜਵੀਜ ਰੱਖੀ ਗਈ ਹੈ। ਇਸੇ ਤਰਾਂ ਹੀ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਰਾਹੀਂ 50 ਲੱਖ ਰਪਏ ਹੋਰ ਵਸੂਲੇ ਜਾ ਸਕਦੇ ਹਨ।
ਬਜਟ ’ਚ ਫਾਇਰ ਸੈਸ ਦੇ ਰੂਪ ’ਚ 1 ਕਰੋੜ ਰੁਪਏ ਆਮਦਨ ਦੀ ਤਜਵੀਜ ਰੱਖੀ ਗਈ ਹੈ ਜਦੋਂਕਿ 31 ਮਾਰਚ 2024 ਤੱਕ 58 ਲੱਖ 10 ਹਜ਼ਾਰ ਰੁਪਏ ਮਿਲੇ ਸਨ ਜੋਕਿ 31 ਮਾਰਚ 2025 ਤੱਕ 78 ਲੱਖ ਤੱਕ ਪੁੱਜਣ ਦੇ ਅਨੁਮਾਨ ਲਾਏ ਗਏ ਹਨ। ਕੈਂਸਰ ਸੈਸ ਤੋਂ 50 ਲੱਖ ਰੁਪਏ ਆਮਦਨੀ ਦਾ ਪ੍ਰਸਤਾਵ ਹੈ। 31 ਦਸੰਬਰ 2024 ਤੱਕ 26 ਲੱਖ 17 ਹਜ਼ਾਰ ਦੀ ਵਸੂਲੀ ਹੋਈ ਅਤੇ 31 ਮਾਰਚ 2025 ਤੱਕ 34 ਲੱਖ 17 ਹਜ਼ਾਰ ਰੁਪਏ ਦੀ ਸੰਭਾਵਨਾ ਹੈ। ਇਸ ਤੋਂ ਬਿਨਾਂ ਇਸ਼ਤਿਹਾਰੀ ਟੈਕਸ ਲਂ ਯੂਨੀਪੋਲਾਂ ਰਾਹੀਂ ਵੀ ਆਮਦਨ ਵਧਾਉਣ ਦੀ ਤਜਵੀਜ ਹੈ। ਨਗਰ ਨਿਗਮ ਨੇ ਆਮਦਨ ਵਧਾਉਣ ਲਈ 2.40 ਕਰੋੜ ਰੁਪਏ ਦੁਕਾਨਾਂ ਦੇ ਕਿਰਾਏ, ਬਿਲਡਿੰਗ ਰਾਜੀਨਾਮਾ ਫੀਸ 1.50 ਕਰੋੜ ਰੁਪਏ, ਬਿਲਡਿੰਗ ਰੈਗਲੂਰ ਕਰਨ ਤੋਂ 1.30 ਕਰੋੜ ਰੁਪਏ,ਗਊ ਟੈਕਸ ਤੋਂ 3.25 ਕਰੋੜ ,ਕੂੜਾ ਚੁੱਕਣ ਤੋਂ 4.50 ਕਰੋੜ , ਇਸ਼ਤਿਹਾਰ ਟੈਕਸ ਤੋਂ 4.25 ਕਰੋੜ ਅਤੇ ਵੱਖ ਵੱਖ ਸਾਧਨਾਂ ਤੋਂ 7.10 ਕਰੋੜ ਆਦਿ ਇਕੱਤਰ ਕਰਨ ਦੀ ਤਜਵੀਜ ਹੈ।
ਇੰਨ੍ਹਾਂ ਪ੍ਰਜੈਕਟਾਂ ਦੀ ਯੋਜਨਾ
ਨਗਰ ਨਿਗਮ ਵੱਲੋਂ ਸਿਵਲ ਲਾਈਨਜ਼ ਵਿਖੇ 40 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਦਫਤਰ ਬਣਾਇਆ ਜਾਏਗਾ ਜਿਸ ਦੀ ਉਸਾਰੀ ਲਈ ਪੰਜਾਬ ਸਰਕਾਰ ਗਰਾਂਟ ਦੇਵੇਗੀ। ਇਸੇ ਤਰਾਂ 50 ਲੱਖ ਦੀ ਲਾਗਤ ਨਾਲ ਲਾਇਬਰੇਰੀ ਬਨਾਉਣ ਦੀ ਯੋਜਨਾ ਹੈ ਅਤੇ ਲਾਈਨੋਪਾਰ ਇਲਾਕੇ ’ਚ ਦੋ ਕਰੋੜ ਦੀ ਲਾਗਤ ਨਾਲ ਕਮਿਊਨਿਟੀ ਹਾਲ ਬਣਾਇਆ ਜਾਏਗਾ। ਇਸੇ ਤਰਾਂ ਖੇਡ੍ਹ ਦਾ ਮੈਦਾਨ,ਸੋਲਰ ਪਲਾਂਟ ਅਤੇ ਇੱਕ ਡੀਸਿਲਟਿੰਗ ਮਸ਼ੀਨ ਖਰੀਦਣ ਸਮੇਤ ਹੋਰ ਵੀ ਕਈ ਪ੍ਰਜੈਕਟ ਪਾਈਪ ਲਾਈਨ ’ਚ ਰੱਖੇ ਗਏ ਹਨ।