ਸੱਜਣ ਕੁਮਾਰ ਨੂੰ ਉਮਰ ਕੈਦ ‘ਤੇ ਕਾਂਗਰਸ ਆਪਣਾ ਰੁਖ ਸਪਸ਼ਟ ਕਰੇ – ਜਗਮੋਹਨ ਸਿੰਘ ਰਾਜੂ
ਭਾਜਪਾ ਸੱਜਣ ਕੁਮਾਰ ਨੂੰ ਫਾਂਸੀ ਦੀ ਸਜਾ ਦੁਆਉਣ ਲਈ ਪੈਰਵਾਈ ਕਰੇਗੀ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ, 3 ਮਾਰਚ 2025 – ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਪ੍ਰਦੇਸ਼ ਜਨਰਲ ਸਕੱਤਰ ਅਤੇ ਸੇਵਾਮੁਕਤ ਆਈਏਐਸ ਅਧਿਕਾਰੀ ਜਗਮੋਹਨ ਸਿੰਘ ਰਾਜੂ ਅੱਜ ਰੂਪਨਗਰ ਪ੍ਰੈਸ ਕਲੱਬ ਪਹੁੰਚੇ, ਜਿੱਥੇ ਭਾਜਪਾ ਰੂਪਨਗਰ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਭਾਜਪਾ ਜ਼ਿਲ੍ਹਾ ਰੂਪਨਗਰ ਦੇ ਜਨਰਲ ਸਕੱਤਰ ਰਮਨ ਜਿੰਦਲ, ਮੰਡਲ ਰੂਪਨਗਰ ਦੇ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਅਤੇ ਜ਼ਿਲ੍ਹਾ ਕੈਸ਼ੀਅਰ ਸੁਰਿੰਦਰ ਪਾਲ ਸੇਠੀ (ਰੋਰੂਮਾਜਰਾ) ਵੀ ਮੌਜੂਦ ਰਹੇ।
ਪ੍ਰੈਸ ਕਾਨਫਰੰਸ ਦੌਰਾਨ ਜਗਮੋਹਨ ਸਿੰਘ ਰਾਜੂ ਨੇ 1984 ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਨੂੰ ਮਿਲੀ ਉਮਰ ਕੈਦ ‘ਤੇ ਕਾਂਗਰਸ ਨੇਤ੍ਰਤਵ ਖਾਸ ਕਰਕੇ ਪੰਜਾਬ ਦੇ ਕਾਂਗਰਸੀਆਂ ਤੋਂ ਸਿੱਧਾ ਜਵਾਬ ਮੰਗਿਆ। ਉਨ੍ਹਾਂ ਕਿਹਾ ਕਿ 38 ਸਾਲ ਬਾਅਦ ਮਿਲਿਆ ਇਨਸਾਫ਼ ਇਹ ਸਾਬਤ ਕਰਦਾ ਹੈ ਕਿ 1984 ‘ਚ ਹੋਇਆ ਸਿੱਖ ਕਤਲੇਆਮ ਕਾਂਗਰਸ ਦੀ ਸ਼ਹ ‘ਤੇ ਹੋਇਆ ਸੀ। ਪਰ ਅੱਜ ਵੀ ਕਾਂਗਰਸ ਨੇਤ੍ਰਤਵ ਚੁੱਪ ਬੈਠਾ ਹੈ।
ਉਨ੍ਹਾਂ ਨੇ ਰਾਹੁਲ ਗਾਂਧੀ ਅਤੇ ਕਾਂਗਰਸ ਹਾਈਕਮਾਨ ਤੋਂ ਪੁੱਛਿਆ –
“ਕੀ ਤੁਸੀਂ ਇਸ ਅਦਾਲਤੀ ਫੈਸਲੇ ਦਾ ਸਮਰਥਨ ਕਰਦੇ ਹੋ ਜਾਂ ਅਜੇ ਵੀ ਦੋਸ਼ੀਆਂ ਦੇ ਪੱਖ ‘ਚ ਹੋ?”
ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਹਮੇਸ਼ਾ ਸਿੱਖ ਭਾਈਚਾਰੇ ਨਾਲ ਧੋਖਾ ਕੀਤਾ ਅਤੇ 1984 ‘ਚ ਆਪਣੇ ਹੀ ਨੇਤਾਵਾਂ ਨੂੰ ਬਚਾਉਣ ‘ਚ ਲੱਗੀ ਰਹੀ। ਅੱਜ ਜਦ ਅਦਾਲਤਾਂ ਤੋਂ ਇਨਸਾਫ਼ ਮਿਲ ਰਿਹਾ ਹੈ, ਤਾਂ ਕਾਂਗਰਸ ਨੂੰ ਆਪਣਾ ਰੁਖ ਸਪਸ਼ਟ ਕਰਨਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਬਚਾਉਣਾ ਬੰਦ ਕਰਨਾ ਚਾਹੀਦਾ ਹੈ।
ਜਗਮੋਹਨ ਸਿੰਘ ਰਾਜੂ ਨੇ ਮੋਦੀ ਸਰਕਾਰ ਦੀ ਸਿੱਖ ਭਾਈਚਾਰੇ ਪ੍ਰਤੀ ਵਚਨਬੱਧਤਾ ਨੂੰ ਵੀ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇਤ੍ਰਤਵ ਹੇਠ ਕੇਂਦਰ ਸਰਕਾਰ ਨੇ ਸਿੱਖ ਭਾਈਚਾਰੇ ਨੂੰ ਇਨਸਾਫ਼ ਅਤੇ ਸਨਮਾਨ ਦਿਵਾਉਣ ਲਈ ਬਹੁਤ ਸਾਰੇ ਇਤਿਹਾਸਕ ਫੈਸਲੇ ਲਏ ਹਨ।
ਇਨ੍ਹਾਂ ਵਿੱਚ ਸ਼ਾਮਲ ਹਨ:
1984 ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ SIT ਦੀ ਸਥਾਪਨਾ
ਕਰਤਾਰਪੁਰ ਕੋਰੀਡੋਰ ਖੋਲ੍ਹਣਾ
ਲੰਗਰ ‘ਤੇ GST ਮਾਫ਼ ਕਰਨਾ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸ਼ਰਧਾ ਭਾਵਨਾ ਨਾਲ ਮਨਾਉਣਾ
ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਸਿੱਖ ਭਾਈਚਾਰੇ ਦੇ ਹੱਕ ਅਤੇ ਇਨਸਾਫ਼ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਅੱਗੇ ਵੀ ਸਿੱਖ ਭਾਈਚਾਰੇ ਦੇ ਵਿਕਾਸ ਲਈ ਢਿੱਲ ਨਹੀਂ ਕਰੇਗੀ।
ਪ੍ਰੈਸ ਕਾਨਫਰੰਸ ਵਿੱਚ ਮੌਜੂਦ ਭਾਜਪਾ ਨੇਤਾਵਾਂ ਨੇ ਕਾਂਗਰਸ ਦੀ ਸਿੱਖ ਵਿਰੋਧੀ ਨੀਤੀਆਂ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਅਦਾਲਤ ਨੇ 1984 ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਹੈ, ਪਰ ਕਾਂਗਰਸ ਨੂੰ ਆਪਣੇ ਅਪਰਾਧਾਂ ਦੀ ਜ਼ਿੰਮੇਵਾਰੀ ਵੀ ਸਵੀਕਾਰ ਕਰਨੀ ਚਾਹੀਦੀ ਹੈ।
ਭਾਜਪਾ ਹਮੇਸ਼ਾ ਸਿੱਖ ਭਾਈਚਾਰੇ ਦੇ ਨਾਲ ਖੜੀ ਸੀ, ਖੜੀ ਹੈ ਅਤੇ ਅੱਗੇ ਵੀ ਉਨ੍ਹਾਂ ਦੇ ਹੱਕ ਅਤੇ ਇਨਸਾਫ਼ ਲਈ ਲੜਦੀ ਰਹੇਗੀ।