ਆ ਗਈ ਰੋਡਵੇਜ ਦੀ ਲਾਰੀ…. ਇਹ ਉਹ ਗਾਣਾ ਹੈ,ਜਿਸ ਨੇ ਸਰਦੂਲ ਸਿਕੰਦਰ ਦੀ ਮਹਿਜ ਤਿੰਨ ਮਿੰਟ ਚ ਪੂਰੇ ਵਿਸ਼ਵ ਭਰ ਚ ਜਾਣ ਪਛਾਣ ਬਣਾ ਦਿੱਤੀ।ਇਹ ਗੱਲ ਕੋਈ ਹੋਰ ਨਹੀਂ,ਸਗੋਂ ਸਰਦੂਲ ਭਾਅ ਜੀ ਖੁਦ ਦੱਸਿਆ ਕਰਦੇ ਸਨ।ਉਹ ਦੱਸਦੇ ਹੁੰਦੇ ਸਨ ਇਸ ਗਾਣੇ ਤੋਂ ਪਹਿਲਾਂ ਮੈਨੂੰ ਕੋਈ ਨਹੀਂ ਜਾਣਦਾ ਸੀ।ਪਰ ਜਿਉਂ ਹੀ ਮੈਂ ਜਲੰਧਰ ਦੂਰਦਰਸ਼ਨ ਤੋਂ ਇਹ ਗਾਣਾ ਗਾ ਕੇ ਬਾਹਰ ਨਿਕਲਿਆ ਤਾਂ ਪੂਰੀ ਦੁਨੀਆ ਚ ਮੇਰੀ ਬੱਲੇ ਬੱਲੇ ਹੋ ਗਈ।ਉਨਾਂ ਦਿਨਾਂ ਚ ਸਿਰਫ ਦੂਰਦਰਸ਼ਨ ਹੀ ਕਲਾਕਾਰਾਂ ਲਈ ਪ੍ਰਸਿੱਧੀ ਹਾਸਲ ਦਾ ਇੱਕ ਮਾਤਰ ਸਾਧਨ ਸੀ।ਇਸ ਤੋਂ ਪਹਿਲਾਂ ਉਹ ਸਿਰਫ ਭੋਗ ਵਗੈਰਾ ਤੇ ਕੀਰਤਨ ਪ੍ਰੋਗਰਾਮ ਲਾਇਆ ਕਰਦੇ ਸਨ।ਪਰ ਰੋਡਵੇਜ ਦੀ ਲਾਰੀ ਚੜ੍ਹ ਉਨਾਂ ਪੰਜਾਬੀ ਸੰਗੀਤ ਦੇ ਸਫ਼ਰ ਚ ਮੁੜ ਕਦੇ ਪਿੱਛੇ ਮੁੜ ਨਹੀਂ ਵੇਖਿਆ।ਇਸ ਗਾਣੇ ਨਾਲ ਜੁੜੇ ਕਿੱਸੇ ਬਾਰੇ ਉਹ ਦੱਸਦੇ ਹੁੰਦੇ ਸਨ ਕਿ ਇਕ ਦਿਨ ਖੰਨੇ ਤੋ ਇਕ ਗਾਇਕ ਦੂਰਦਰਸ਼ਨ ਉੱਤੇ ਗਾਣਾ ਗਾਉਣ ਗਿਆ ਤਾਂ ਦੂਰਦਰਸ਼ਨ ਵਾਲਿਆਂ ਉਸ ਨੂੰ ਪੁੱਛਿਆ ਕੇ ਤੁਹਾਡੇ ਖੰਨੇ ਇੱਕ ਮੁੰਡਾ ਹੈ।ਜੋ ਵੱਖ ਵੱਖ ਕਲਾਕਾਰਾਂ ਦੀ ਆਵਾਜ਼ ਕੱਢਦਾ ਹੈ,ਉਸ ਨੂੰ ਭੇਜਣਾ।ਸੁਨੇਹਾ ਮਿਲਣ ਤੇ ਮੈਂ ਪਹਿਲੀ ਵਾਰ ਉਦੋਂ ਦੂਰ ਦਰਸ਼ਨ ਗਿਆ ਸਾਂ।ਜਿੱਥੇ ਵੱਖ ਵੱਖ ਕਲਾਕਾਰਾਂ ਦੀ ਆਵਾਜ਼ ਕੱਢਦੇ ਹੋਏ ,’ਆ ਗਈ ਰੋਡਵੇਜ ਦੀ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ’ ….ਤਿੰਨ ਮਿੰਟ ਦਾ ਗਾਣਾ ਰਿਕਾਰਡ ਹੋਇਆ।ਜਿਸ ਨੇ ਮੇਰੀ ਤਕਦੀਰ ਬਦਲ ਦਿੱਤੀ ਤੇ ਮੈਨੂੰ ਗਾਇਕੀ ਦੇ ਖੇਤਰ ਚ ਚੋਟੀ ਦੇ ਕਲਾਕਾਰਾ ਚ ਲਿਆ ਖੜਾ ਕੀਤਾ।
ਬਸ ਇੱਥੋ ਹੀ ਸਰਦੂਲ ਸਿਕੰਦਰ ਦਾ ਗਾਇਕੀ ਦਾ ਸਫ਼ਰ ਸ਼ੁਰੂ ਹੋਇਆ।ਇਸ ਮਗਰੋਂ ਉਨਾਂ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਉਹਨਾਂ ਦੀ ਇੱਕ ਤੋਂ ਬਾਦ ਇੱਕ ਕੈਸਿਟ ਮਾਰਕੀਟ ਚ ਆਈ ਜੋ ਸੁਪਰ ਹਿੱਟ ਹੁੰਦੀ ਗਈ।ਉਨਾਂ ਦੀਆਂ 50 ਤੋਂ ਵਧੇਰੇ ਐਲਬਮ ਆਈਆਂ।ਸਰਦੂਲ ਸਿਕੰਦਰ ਦੇ ਕੁਝ ਗਾਣੇ ਜੋ ਅੱਜ ਵੀ ਲੋਕਾਂ ਦੀ ਜ਼ੁਬਾਨ ਤੇ ਚੜ੍ਹੇ ਨਜ਼ਰ ਆਉਂਦੇ ਹਨ,ਜਿਵੇਂ ……..
ਹੁਸਨਾਂ ਦੇ ਮਾਲਕੋ ਸਤਾਇਆ ਨਾ ਕਰੋ
ਹਰ ਗੱਲ ਦਿਲ ਉੱਤੇ ਲਾਇਆ ਨਾ ਕਰੋ
ਤੁਰ ਗੀ ਜਹਾਜ਼ ਚਾੜ ਕੇ
ਨੀ ਤੂੰ ਟਿਕਟ ਕਰਾ ਲੀ ਚੋਰੀ ਚੋਰੀ
ਫੁੱਲਾਂ ਦੀਏ ਕੱਚੀਏ ਵਪਾਰਨੇ
ਕੰਡਿਆਂ ਦੇ ਭਾਅ ਤੇ ਸਾਨੂੰ ਤੋਲ ਨਾ
ਇੱਕ ਚਰਖਾ ਗਲੀ ਦੇ ਵਿਚ ਢਾਹ ਲਿਆ
ਦੂਜਾ ਸੁਰਮਾ ਅੱਖਾਂ ਦੇ ਵਿਚ ਪਾ ਲਿਆ
ਨੀ ਇਕ ਤੇਰੀ ਅੱਖ ਕਾਸ਼ਨੀ…ਸੋਹਣੀਏ
ਨੀ ਇੱਕ ਤੇਰੀ ਲਾਲ ਘੱਗਰੀ …ਹੀਰੀਏ
ਸਾਡਿਆਂ ਪਰਾਂ ਤੇ ਸਿੱਖੀ ਉੱਡਣਾ
ਨੀ ਬਹਿ ਗਈ ਦੂਰ ਕਿਤੇ ਆਲ੍ਹਣਾ ਬਣਾ ਕੇ
ਉਂਝ ਗਿਰਦੀ ਤਾਂ ਚੁੱਕ ਲੈਦੇ
ਨਜ਼ਰਾਂ ਤੋ ਗਿਰ ਗੀ ਕੀ ਕਰੀਏ
ਐਨੀਆ ਗੁੜੀਆਂ ਛਾਵਾਂ,ਜੱਗ ਤੇ ਲੱਭਦੀਆਂ ਨਹੀਂ
ਤੁਰ ਜਾਵਣ ਇੱਕ ਵਾਰ,ਤਾਂ ਮਾਂਵਾਂ ਲੱਭਦੀਆਂ ਨਹੀਂ
ਸੁਰਾਂ ਦੇ ਸਿਕੰਦਰ ਨਾਲ ਮੇਰੀ ਚੋਖੀ ਨੇੜਤਾ ਰਹੀ ਹੈ।ਜਿੱਥੋਂ ਤੱਕ ਮੈਂ ਵੇਖਿਆ ਉਨ੍ਹਾਂ ਦੀ ਸਟੇਜ ਬਾ ਕਮਾਲ ਸੀ।ਦਰਸ਼ਕਾਂ ਨੂੰ ਬੰਨ ਕੇ ਬਿਠਾਉਣ ਤੇ ਦੂਸਰੇ ਗਾਇਕ ਦੀ ਹੂ ਬ ਹੂ ਆਵਾਜ਼ ਕੱਢਣ ਦੀ ਬਾਖੂਬੀ ਕਲਾ ਵੀ ਉਹਨਾਂ ਵਰਗੀ ਕਿਸੇ ਹੋਰ ਕਲਾਕਾਰ ਚ ਨਹੀਂ ਸੀ।ਫਿਰ ਉਹ ਅਖਾੜਾ ਹੋਵੇ ਭਾਂਵੇਂ ਮਹਾਂਮਾਹੀ ਦਾ ਜਾਗਰਣ।ਮਹੀਨੇ ਦਾ ਸ਼ਾਇਦ ਹੀ ਕੋਈ ਦਿਨ ਅਜਿਹਾ ਹੁੰਦਾ ਹੋਵੇਗਾ।ਜਦੋਂ ਉਨਾਂ ਦਾ ਪ੍ਰੋਗਰਾਮ ਬੁੱਕ ਨਾ ਹੁੰਦਾ ਹੋਵੇ।
ਖੰਨੇ ਲਾਗਲੇ ਪਿੰਡ ਖੇੜੀ ਨੌਧ ਸਿੰਘ ਦੇ ਸਰਦੂਲ ਸਿਕੰਦਰ ਵੱਲੋਂ ਦਵਿੰਦਰ ਖੰਨੇਵਾਲਾ,ਜਸਬੀਰ ਗੁਣਾਚੌਰੀਆ,ਸ਼ਮਸ਼ੇਰ ਸੰਧੂ ,ਪ੍ਰੀਤ ਮਹਿੰਦਰ ਤਿਵਾੜੀ, ਸੰਜੀਵ ਅਨੰਦ ਦਿੱਲੀ ਵਾਲਾ,ਲਾਭ ਚਿਤਮਲੀ ਵਾਲਾ ,ਭੱਟੀ ਭੜੀ ਵਾਲਾ ਤੇ ਰਾਜ਼ੀ ਸਲਾਣੇ ਵਾਲਾ ਦੇ ਲਿਖੇ ਗੀਤਾਂ ਨੂੰ ਆਪਣੀ ਬੁਲੰਦ ਆਵਾਜ਼ ਚ ਗਾਇਆ ਗਿਆ।ਜਦ ਕੇ ਜਾਗਰਣ ਚ ਭੇਟਾਂ ਜਿਆਦਤਰ ਉਹ ‘ਕਰਮਾ ਰੋਪੜ ਵਾਲਾ’ਦੀਆਂ ਲਿਖੀਆਂ ਹੀ ਗਾਉਂਦੇ ਸਨ।ਉਨਾਂ ਵੱਲੋਂ ਕਈ ਪੰਜਾਬੀ ਫਿਲਮਾਂ ਵਿਚ ਵੀ ਅਹਿਮ ਭੂਮਿਕਾ ਨਿਭਾਈ ਗਈ।ਜਿੰਨਾ ਚੋ ਜੱਗਾ ਡਾਕੂ ,ਪੰਚਾਇਤ,ਦੂਰ ਨਨਕਾਣਾ,ਪਿੰਡ ਦੀ ਕੁੜੀ, ਪੁਲਿਸ ਇਨ ਬੌਲੀਵੁੱਡ ਤੇ ਪੀ ਆਰ ਮੁੱਖ ਹਨ।ਇਸ ਤੋਂ ਇਲਾਵਾ ਉਨ੍ਹਾਂ ਕਈ ਫਿਲਮਾਂ ਚ ਪਲੇਅ ਬੈਕ ਸਿੰਗਰ ਵਜੋਂ ਵੀ ਗਾਇਆ।ਕਲਾਕਾਰੀ ਦੇ ਨਾਲ ਨਾਲ ਉਨਾਂ ਵੱਲੋਂ ਅੰਤਰ ਰਾਸ਼ਟਰੀ ਕਲਾਕਾਰ ਮੰਚ ਦੀ ਸਥਾਪਨਾ ਕਰਕੇ ਕਲਾਕਾਰਾ ਦੀਆਂ ਮੁਸ਼ਕਲਾਂ ਨੂੰ ਵੀ ਸਰਕਾਰੇ ਦਰਬਾਰੇ ਉਠਾਇਆ ਗਿਆ ।ਮੁੱਕਦੀ ਗੱਲ ਇਸ ਸਦਾਬਹਾਰ ਗਾਇਕ ਨੇ ਸੰਗੀਤ ਖੇਤਰ ਦੀਆ ਸਭ ਵਨੰਗੀਆ ਵਿੱਚ ਨਿੱਘਰ ਨਰੋਈ ਅਤੇ ਮਜਬੂਤ ਮੁਹਾਰਤ ਹਾਸਲ ਕੀਤੀ ਸੀ।
ਸਰਦੂਲ ਸਿਕੰਦਰ ਦੇ ਪਿਤਾ ਸਾਗਰ ਮਸਤਾਨਾ ਮਸ਼ਹੂਰ ਤਬਲਾ ਮਾਸਟਰ ਸਨ। ਜਿਨ੍ਹਾਂ ਨੇ ਇੱਕ ਵੱਖ ਤਰਾਂ ਦਾ ਤਬਲਾ ਬਣਾਇਆ ਸੀ।ਜੋ ਸਿਰਫ ਬਾਂਸ ਦੀਆਂ ਡੰਡੀਆਂ ਨਾਲ ਹੀ ਵੱਜਦਾ ਸੀ।ਸਰਦੂਲ ਦਾ ਪਹਿਲਾ ਨਾਂਅ ਸਰਦੂਲ ਸਿੰਘ ਸੀ।ਇਹ ਆਪਣੇ ਦੋਂਵੇ ਭਰਾਵਾਂ ਗਮਦੂਰ ਸਿੰਘ ਤੇ ਭਰਪੂਰ ਸਿੰਘ ਤੋਂ ਛੋਟਾ ਸੀ। ਤਿੰਨੇ ਭਰਾ 1976-77 ਵਿੱਚ ਧਾਰਮਿਕ ਪ੍ਰੋਗਰਾਮ ਕਰਿਆ ਕਰਦੇ ਸਨ।ਫਿਰ 1993 ਚ ਵਿਸ਼ਵ ਪ੍ਰਸਿੱਧ ਲੋਕ ਗਾਇਕਾ ਤੇ ਫਿਲਮੀ ਅਦਾਕਾਰ ਅਮਰ ਨੂਰੀ ਸਰਦੂਲ ਸਿਕੰਦਰ ਦੀ ਜੀਵਨ ਸਾਥਣ ਬਣੀ।ਉਨਾਂ ਦੇ ਦੋ ਸਪੁੱਤਰ ਸਾਰੰਗ ਅਤੇ ਅਲਾਪ ਹਨ।ਜੋ ਸੰਗੀਤ ਦੀਆ ਬਰੀਕੀਆਂ ਦੀ ਗਹਿਰੀ ਪਕੜ ਰੱਖਦੇ ਹਨ।
ਪੰਜਾਬੀ ਸੰਗੀਤ ਦੀ ਦੁਨੀਆ ਚ ਅਮਿੱਟ ਛਾਪ ਛੱਡਣ ਵਾਲੇ ਸੁਰਾਂ ਦੇ ਸਿਕੰਦਰ ਮਰਹੂਮ ਸਰਦੂਲ ਸਿਕੰਦਰ ਅਖੀਰ 24 ਫਰਵਰੀ 2021 ਨੂੰ ਸੰਖੇਪ ਬਿਮਾਰੀ ਪਿੱਛੋਂ 60 ਸਾਲ ਦੀ ਉਮਰ ਚ ਜਿ਼ੰਦਗੀ ਤੇ ਮੌਤ ਦੀ ਜੰਗ ਹਾਰ ਗਏ ਤੇ ਸਦਾ ਵਾਸਤੇ ਇਸ ਦੁਨੀਆ ਨੂੰ ਅਲਵਿਦਾ ਕਹਿੰਦੇ ਹੋਏ ਇਸ ਜਹਾਨ ਤੋਂ ਰੁਖ਼ਸਤ ਹੋ ਗਏ।

-
ਲੈਕਚਰਾਰ ਅਜੀਤ ਖੰਨਾ , ਐਮਏ ਐਮਫਿਲ ਐਮਜੇਐਮਸੀ ਬੀ ਐਡ
khannaajitsingh@gmail.com
76967-54669
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.