ਇੱਕ ਹੋਰ ਨੌਜਵਾਨ ਦੀ ਹੋਈ ਓਵਰ ਡੋਜ਼ ਨਾਲ ਮੌਤ
- ਥਾਣਾ ਸਿਟੀ ਤੋਂ ਕੁਛ ਹੀ ਦੂਰੀ ਤੇ ਮਿਲੀ ਇੱਕ ਹੋਰ ਨੌਜਵਾਨ ਦੀ ਟੀਕੇ ਨਾਲ ਲਾਸ਼
ਦੀਪਕ ਜੈਨ
ਜਗਰਾਉਂ/11 ਮਾਰਚ 2025: ਜਿੱਥੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਏ ਗਏ ਯੁੱਧ ਦੀ ਪੰਜਾਬ ਦੇ ਵਿੱਚ ਚੰਗੀ ਚਰਚਾ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਠਾਏ ਗਏ ਇਸ ਕਦਮ ਤੇ ਜੰਮ ਕੇ ਤਾਰੀਫ ਵੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੰਜਾਬ ਸਰਕਾਰ ਦੀ ਇਹ ਮੁਹਿੰਮ ਜਗਰਾਉਂ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਦਿਖਾਈ ਦੇ ਰਹੀ ਹੈ। ਦੱਸ ਦਈਏ ਕੀ ਜਿੱਥੇ ਪੰਜਾਬ ਸਰਕਾਰ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਪੱਬਾ ਭਾਰ ਹੋਈ ਹੈ ਉੱਥੇ ਹੀ ਜਗਰਾਉਂ ਵਿੱਚ ਬੀਤੇ ਕੁਝ ਕੂ ਦਿਨਾਂ ਦੇ ਅੰਤਰਾਲ ਦੌਰਾਨ ਥਾਣਾ ਸਿਟੀ ਤੋਂ ਕੁਛ ਹੀ ਦੂਰੀ ਤੇ ਸਾਇੰਸ ਕਾਲਜ ਦੇ ਨੇੜਿਓਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ।
ਅੱਜ ਮੰਗਲਵਾਰ ਦੀ ਸ਼ਾਮ ਸਾਇੰਸ ਕਾਲਜ ਦੇ ਸਾਹਮਣੇ ਇੱਕ ਉਜਾੜ ਪਏ ਪਲਾਂਟ ਵਿੱਚੋਂ ਜਿਸ ਨੌਜਵਾਨ ਦੀ ਲਾਸ਼ ਬਰਾਮਦ ਹੋਈ ਉਸ ਵਿਅਕਤੀ ਦੀ ਲਾਸ਼ ਨੇੜੇ ਇੱਕ ਟੀਕਾ ਲਗਾਉਣ ਵਾਲੀ ਸਰਿੰਜ ਵੀ ਪਈ ਦਿਖਾਈ ਦਿੱਤੀ ਜਿਸ ਤੋਂ ਇਸ ਗੱਲ ਦਾ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ ਨਾਲ ਹੋਈ ਹੈ ਅਤੇ ਮੌਕੇ ਤੇ ਮੌਜੂਦ ਕੁਛ ਚਸ਼ਮਦੀਦਾਂ ਨੇ ਵੀ ਇਸ ਗੱਲ ਨੂੰ ਪੁਖਤਾ ਕਰਦਿਆਂ ਕਿਹਾ ਕਿ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਹ ਇਕੱਲਾ ਨਹੀਂ ਸੀ ਬਲਕਿ ਉਸਦੇ ਨਾਲ ਉਹਨਾਂ ਵੱਲੋਂ ਇੱਕ ਹੋਰ ਵਿਅਕਤੀ ਨੂੰ ਵੀ ਦੇਖਿਆ ਗਿਆ ਹੈ ਜੋ ਕਿ ਸ਼ਾਇਦ ਰਾਏਕੋਟ ਵੱਲ ਜਾਂਦੀ ਬੱਸ ਤੇ ਸਵਾਰ ਹੋ ਕੇ ਚਲਾ ਗਿਆ।
ਉਹਨਾਂ ਕਿਹਾ ਕੀ ਮ੍ਰਿਤਕ ਨੌਜਵਾਨ ਰਾਏਕੋਟ ਵਾਲੀ ਸਾਈਡ ਦਾ ਹੋਵੇ। ਵੱਡੀ ਗੱਲ ਇਹ ਹੈ ਕਿ ਥਾਣਾ ਸਿਟੀ ਦੇ ਨੇੜਿਓਂ ਕੁਝ ਕੁ ਦਿਨਾਂ ਦੇ ਅੰਤਰਾਲ ਦੌਰਾਨ ਨਸ਼ੇ ਦੀ ਓਵਰਡੋਜ਼ ਨਾਲ ਕੋਈ ਦੂਜੀ ਮੌਤ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੀ ਸਵਾਲੀਆ ਨਿਸ਼ਾਨ ਖੜੇ ਕਰਦੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਸ ਵਾਰਡ ਵਿੱਚ ਦੋ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਇਸ ਵਾਰਡ ਦੇ ਮੁਹੱਲਾ ਗਾਂਧੀ ਨਗਰ ਜੋ ਕਿ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੀ ਹੈਡ ਲਿਸਟ ਵਿੱਚ ਆਉਂਦਾ ਹੈ ਅਤੇ ਇਸ ਮੁਹੱਲੇ ਵਿੱਚ ਕਈ ਵਾਰ ਪੰਜਾਬ ਪੁਲਿਸ ਦੇ ਉੱਚੇ ਅਧਿਕਾਰੀਆਂ ਵੱਲੋਂ ਵੱਡੇ ਪੱਧਰ ਤੇ ਸਰਚ ਅਭਿਆਨ ਵੀ ਚਲਾਇਆ ਜਾ ਚੁੱਕਿਆ ਹੈ ਅਤੇ ਇਸ ਮੁਹੱਲੇ ਵਿੱਚ ਥਾਣਾ ਸਿਟੀ ਪੁਲਿਸ ਵੱਲੋਂ ਬਕਾਇਦਾ ਤੌਰ ਤੇ ਕੈਮਰੇ ਵੀ ਲਗਾਏ ਗਏ ਹਨ ਜਿਸ ਦਾ ਸਿੱਧਾ ਪ੍ਰਸਾਰਨ ਥਾਣਾ ਸਿਟੀ ਜਗਰਾਉਂ ਦੇ ਮੁੱਖ ਅਫਸਰ ਦੇ ਦਫਤਰ ਵਿੱਚ ਚੱਲਦਾ ਹੈ।
ਇਸ ਦੇ ਬਾਵਜੂਦ ਵੀ ਥਾਣਾ ਸਿਟੀ ਦੇ ਕੁਛ ਹੀ ਦੂਰੀ ਤੇ ਸਥਿਤ ਮਹੱਲਾ ਗਾਂਧੀ ਨਗਰ ਵਿਖੇ ਚੱਲ ਰਹੇ ਨਸ਼ੇ ਦੇ ਕਾਰੋਬਾਰ ਉੱਪਰ ਪੁਲਿਸ ਵੱਲੋਂ ਠੱਲ ਨਹੀਂ ਪਾਈ ਜਾ ਸਕੀ। ਜਦੋਂ ਇਸ ਪੂਰੀ ਘਟਨਾਕ੍ਰਮ ਸੰਬੰਧ ਵਿੱਚ ਕੁਝ ਪੱਤਰਕਾਰਾਂ ਵੱਲੋਂ ਥਾਣਾ ਸਿਟੀ ਇਨਚਾਰਜ ਅਮਰਜੀਤ ਸਿੰਘ ਨਾਲ ਸੰਪਰਕ ਸਾਧਿਆ ਗਿਆ ਤਾਂ ਉਹਨਾਂ ਨੇ ਪੱਤਰਕਾਰਾਂ ਨੂੰ ਇਹ ਵੀ ਕਿਹਾ ਕਿ ਕਿਸੇ ਵੀ ਤਰੀਕੇ ਇਸ ਖਬਰ ਨੂੰ ਰੋਕਿਆ ਜਾਵੇ। ਜਦੋਂ ਇਸ ਖਬਰ ਦੇ ਸੰਬੰਧ ਵਿੱਚ ਥਾਣਾ ਸਿਟੀ ਜਗਰਾਉਂ ਦੇ ਐਸਐਚਓ ਅਮਰਜੀਤ ਸਿੰਘ ਅਤੇ ਡੀਐਸਪੀ ਸਿਟੀ ਜਸਜੋਤ ਸਿੰਘ ਦਾ ਪੱਖ ਜਾਨਣ ਲਈ ਬਾਰ ਬਾਰ ਫੋਨ ਕੀਤਾ ਗਿਆ ਤਾਂ ਉਨਾਂ ਨੇ ਫੋਨ ਚੁੱਕਣਾ ਮੁਨਾਸਬ ਹੀ ਨਹੀਂ ਸਮਝਿਆ।
ਨਸ਼ੇ ਨਾਲ ਹੋਈ ਨੌਜਵਾਨ ਦੀ ਮੌਤ ਬਾਰੇ ਜਦੋਂ ਉਥੋਂ ਦੇ ਕੌਂਸਲਰ ਮਹੇਸ਼ੀ ਸਹੋਤਾ ਨਾਲ ਗੱਲ ਕੀਤੀ ਗਈ ਤਾਂ ਉਨ ਕਿਹਾ ਕੀ ਅਸੀਂ ਤਾਂ ਪੁਲਿਸ ਨੂੰ ਕਹਿ ਕਹਿ ਕੇ ਥੱਕ ਗਏ ਹਾਂ ਜੇ ਅਸੀਂ ਪੁਲਿਸ ਦਾ ਸਾਥ ਦਿੰਦੇ ਹਾਂ ਤਾਂ ਤਸਕਰਾਂ ਨਾਲ ਸਾਡੀ ਦੁਸ਼ਮਣੀ ਪੈਂਦੀ ਹੈ। ਉਹਨਾਂ ਕਿਹਾ ਕਿ ਜੇਕਰ ਪੁਲਿਸ ਤਨਖਾਹ ਲੈਂਦੀ ਹੈ ਤਾਂ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਅੱਖਾਂ ਸਾਹਮਣੇ ਨੌਜਵਾਨਾਂ ਦੀ ਮੌਤ ਹੁਣ ਦੇਖੀ ਨਹੀਂ ਜਾਂਦੀ, ਪੰਜਾਬ ਵਿੱਚੋਂ ਨਸ਼ਾ ਬੰਦ ਹੋਣਾ ਚਾਹੀਦਾ ਹੈ।