Babushahi Special: ਬੇਹਿੰਮਤੇ ਨੇ ਉਹ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਸੀਨਾ ਪਾੜਕੇ ਪੱਥਰਾਂ ਦਾ
ਅਸ਼ੋਕ ਵਰਮਾ
ਬਠਿੰਡਾ,10 ਮਾਰਚ 2025: ਕਵੀ ਦੀਆਂ ਸਤਰਾਂ ਬੇਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਘਣ ਵਾਲੇ ਉੱਘ ਪੈਂਦੇ ਸੀਨਾ ਪਾੜਕੇ ਪੱਥਰਾਂ ਦਾ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਤੇ ਆਈਏਐਸ ਅਫਸਰ ਅਜੇ ਅਰੋੜਾ ਤੇ ਪੂਰੀ ਤਰਾਂ ਸਟੀਕ ਬੈਠਦੀਆਂ ਹਨ ਜੋ ਅੱਖਾਂ ਦੀ ਰੌਸ਼ਨੀ ਤੋਂ ਵਾਂਝੇ ਹੋਣ ਦੇ ਬਾਵਜੂਦ ਐਨੇ ਰੌਸ਼ਨ ਦਿਮਾਗ ਹਨ ਕਿ ਦੇਖਕੇ ਹਰ ਕੋਈ ਦੰਗ ਰਹਿ ਜਾਂਦਾ ਹੈ। ਚਾਰ ਦਿਨ ਪਹਿਲਾਂ ਨਿਯੁਕਤ ਕੀਤੇ ਗਏ ਨਗਰ ਨਿਗਮ ਦੇ ਕਮਿਸ਼ਨਰ ਅਜੇ ਅਰੋੜਾ ਨੇ ਆਪਣੀ ਸਖਤ ਮਿਹਨਤ ਅਤੇ ਕਾਬਲੀਅਤ ਦੇ ਦਮ ਤੇ ਸੱਚ ਕਰ ਦਿਖਾਇਆ ਹੈ ਕਿ ਜੇਕਰ ਇਨਸਾਨ ਕੁੱਝ ਬਣਨ ਦੀ ਠਾਣ ਲਵੇ ਤਾਂ ਉਸ ਨੂੰ ਅੱਗ ਦਾ ਦਰਿਆ ਵੀ ਮੰਜਿਲ ਤੇ ਪੁੱਜਣ ਤੋਂ ਰੋਕ ਨਹੀਂ ਸਕਦਾ ਹੈ। ਅਜੇ ਅਰੋੜਾ ਆਪਣੇ ਜਨਮ ਤੋਂ ਹੀ ਸੌ ਫੀਸਦੀ ਦ੍ਰਿਸ਼ਿਟੀਹੀਣ ਹਨ ਜਿਸ ਨੂੰ ਉਨ੍ਹਾਂ ਨੇ ਕਦੀ ਵੀ ਕਮਜੋਰੀ ਨਹੀਂ ਬਣਨ ਦਿੱਤਾ ਹੈ।
ਅਜੇ ਅਰੋੜਾ ਨੇ 4 ਵਾਰ ਆਈਏਐਸ ਬਣਨ ਲਈ ਪ੍ਰੀਖਿਆ ਦਿੱਤੀ ਪਰ ਜਿੰਦਗੀ ਵਿੱਚ ਹਾਰ ਨਾਂ ਮੰਨਣ ਦਾ ਤਹੱਈਆ ਕੀਤਾ ਹੋਣ ਕਰਕੇ ਜੰਗ ਜਾਰੀ ਰੱਖੀ ਅਤੇ ਪੰਜਵੀ ਵਾਰ ਸਫਲਤਾ ਹਾਸਲ ਕਰ ਲਈ। ਅਕਸਰ ਦੇਖਿਆ ਜਾਂਦਾ ਹੈ ਕਿ ਸਰਕਾਰੀ ਅਧਿਕਾਰੀ ਪਹਿਲਾਂ ਫਾਈਲਾਂ ਪੜ੍ਹਦੇ ਅਤੇ ਫਿਰ ਉਨ੍ਹਾਂ ਤੇ ਕੋਈ ਫੈਸਲਾ ਲੈਂਦੇ ਹਨ ਜਦੋਂਕਿ ਅਜੇ ਅਰੋੜਾ ਦੇ ਮਾਮਲੇ ’ਚ ਰੌਚਕ ਪਹਿਲੂ ਇਹ ਹੈ ਕਿ ਉਹ ਹਰ ਫਾਈਲ ਸੁਣਨ ਉਪਰੰਤ ਕੋਈ ਕਾਰਵਾਈ ਕਰਦੇ ਹਨ। ਹਾਲੀਆ 6 ਮਾਰਚ ਨੂੰ ਨਗਰ ਨਿਗਮ ਦੇ ਕਮਿਸ਼ਨਰ ਦਾ ਅਹੁਦਾ ਸੰਭਾਲਣ ਵਾਲੇ ਅਜੇ ਅਰੋੜਾ ਦੱਸਦੇ ਹਨ ਕਿ ਉਨ੍ਹਾਂ ਦਾ ਜਨਮ ਹਰਿਆਣਾ ਦੇ ਕਰਨਾਲ ਜਿਲ੍ਹੇ ਦੇ ਪਿੰਡ ਸੰਭਲੀ ’ਚ ਹੋਇਆ ਸੀ। ਸੌ ਪ੍ਰਤੀਸ਼ਤ ਨੇਤਰਹੀਣ ਹੋਣ ਕਾਰਨ ਉਨ੍ਹਾਂ ਦੀ ਅਗਨੀ ਪ੍ਰੀਖਿਆ ਪਿੰਡ ਚੋਂ ਹੀ ਸ਼ੁਰੂ ਹੋ ਗਈ ਸੀ। ਪ੍ਰਸਥਿਤੀਆਂ ਅਜਿਹੀਆਂ ਸਨ ਕਿ 7 ਸਾਲ ਦੀ ੳਮਰ ਤੱਕ ਉਹ ਸਕੂਲ ਨਹੀਂ ਜਾ ਸਕੇ।
ਵੱਡੀ ਗੱਲ ਹੈ ਕਿ ਪਿੰਡ ਦਾ ਕੋਈ ਸਕੂਲ ਉਸ ਨੂੰ ਦਾਖਲ ਕਰਨ ਲਈ ਤਿਆਰ ਨਹੀਂ ਸੀ। ਉਨ੍ਹਾਂ ਦੱਸਿਆ ਕਿ ਮਗਰੋਂ ਉਨ੍ਹਾਂ ਨੇ ਦੇਹਰਾਦੂਨ ਦੇ ਨੈਸ਼ਨਲ ਸਕੂਲ ਆਫ ਵਿਜ਼ੂਅਲ ਹੈਂਡੀਕੈਪਡ ਵਿੱਚ ਦਾਖਲਾ ਲਿਆ ਅਤੇ 12ਵੀਂ ਕਲਾਸ ਤੱਕ ਦੀ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਪੰਜਵੀਂ ਕਲਾਸ ਵਿੱਚ ਸਨ ਤਾਂ ਉਨ੍ਹਾਂ ਦੇ ਅਧਿਆਪਕ ਨੇ ਆਈਏਐਸ ਬਣ ਦੀ ਪ੍ਰੇਰਣਾ ਦਿੱਤੀ ਅਤੇ ਰਾਹ ਦਸੇਰਾ ਬਣੇ। ਬਾਹਰਵੀਂ ਕਲਾਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ਼ ’ਚ ਦਾਖਲਾ ਲੈ ਲਿਆ ਜਿੱਥੇ ਸਿੱਖਿਆ ਹਾਸਲ ਕਰਨ ਦੇ ਨਾਲ ਨਾਲ ਆਈਏਐਸ ਦੀ ਤਿਆਰੀ ਲਈ ਲੁੜੀਂਦੀ ਸਮੱਗਰੀ ਇਕੱਤਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਐਮਏ ਕਰਨ ਮਗਰੋਂ ਜੇਐਨਯੂ ਤੋਂ ਕਾਨੂੰਨ ਅਤੇ ਪ੍ਰਸ਼ਾਸ਼ਨਿਕ ਅਧਿਐਨ ਕੇਂਦਰ ਤੋਂ ਐਮ ਫਿਲ ਕਰ ਲਈ। ਅਰੋੜਾ ਨੇ ਦੱਸਿਆ ਕਿ ਪਹਿਲਾਂ ਨੇਤਰਹੀਣ ਵਿਅਕਤੀ ਨੂੰ ਸਿਵਲ ਸਰਵਿਸਜ਼ ’ਚ ਲਿਆ ਨਹੀਂ ਜਾਂਦਾ ਸੀ।
ਉਨ੍ਹਾਂ ਦੱਸਿਆ ਕਿ ਸਾਲ 2011 ਦੌਰਾਨ ਕਰੀਬ 3-4 ਨੌਜਵਾਨ ਸਿਵਲ ਸਰਵਿਸਜ਼ ਵਿੱਚ ਪਾਸ ਹੋਏ ਜਿੰਨ੍ਹਾਂ ਨੂੰ ਟਰੇਨਿੰਗ ਲਈ ਸੱਦਿਆ ਗਿਆ ਤਾਂ ਉਨ੍ਹਾਂ ਨੂੰ ਹਨੇਰੇ ’ਚ ਇੱਕ ਆਸ ਦੀ ਕਿਰਨ ਦਿਖਾਈ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਪਰ ਇੱਥੇ ਵੀ ਉਨ੍ਹਾਂ ਲਈ ਵੱਡੀ ਚੁਣੌਤੀ ਸੀ ਕਿ ਐਨੀਆਂ ਸਾਰੀਆਂ ਕਿਤਾਬਾਂ ਕਿਸ ਤਰਾਂ ਪੜ੍ਹੀਆਂ ਜਾ ਸਕਣਗੀਆਂ। ਉਨ੍ਹਾਂ ਦੱਸਿਆ ਕਿ ਇਸ ਦਾ ਨਤੀਜਾ ਇਹ ਨਿਕਲਿਆ ਕਿ ਚਾਰ ਵਾਰ ਪ੍ਰੀਖਿਆ ਦਿੱਤੀ ਪਰ ਹਰ ਵਾਰ ਪਾਸ ਹੋਣ ਦੇ ਮਾਮਲੇ ’ਚ ਨਿਰਾਸ਼ਾ ਹੀ ਹੱਥ ਲੱਗੀ। ਉਨ੍ਹਾਂ ਦੱਸਿਆ ਕਿ ਅਸਫਲਤਾ ਦੇ ਬਾਵਜੂਦ ਹਿੰਮਤ ਨਹੀਂ ਹਾਰੀ ਅਤੇ ਹਰ ਵਾਰ ਤੋਂ ਸਬਕ ਲੈਂਦਿਆਂ ਅੱਗੇ ਵਧਣਾ ਜਾਰੀ ਰੱਖਿਆ। ਅੰਤ ਨੂੰ 2016 ’ਚ ਸਮੁੱਚੇ ਭਰਤ ਚੋਂ 512 ਰੈਂਕ ਨਾਲ ਆਈਏਐਸ ਬਣ ਗਿਆ ਜਦੋਂਕਿ ਨੇਤਰਹੀਣ ਕੈਟਾਗਰੀ ’ਚ ਉਨ੍ਹਾਂ ਦਾ ਕੌਮੀ ਪੱਧਰ ਤੇ ਪਹਿਲਾ ਸਥਾਨ ਰਿਹਾ।
ਅਧੁਨਿਕ ਤਕਨੀਕਾਂ ਬਣਦੀਆਂ ਸਹਾਰਾ
ਇਸ ਮਾਮਲੇ ਦਾ ਦਿਲਚਸਪ ਪਹਿਲੂ ਇਹ ਹੈ ਕਿ ਅਜੇ ਅਰੋੜਾ ਆਮ ਵਿਅਕਤੀ ਦੀ ਤਰਾਂ ਕੰਪਿਊਟਰ ਤੇ ਕੰਮ ਕਰਦੇ ਅਤੇ ਰੋਜਾਨਾ ਅਖਬਾਰ ਪੜ੍ਹਦੇ ਹਨ।ਉਨ੍ਹਾਂ ਦੱਸਿਆ ਕਿ ਸਿਵਲ ਸਰਵਿਸਜ਼ ਦੀ ਤਿਆਰੀ ਲਈ ਉਹ ਸਾਰੀਆਂ ਕਿਤਾਬਾਂ ਨੂੰ ਸਕੈਨ ਕਰਕੇ ਉਨ੍ਹਾਂ ਦੀ ਪੀਡੀਐਫ ਜਾਂ ਵਰਡ ਫਾਈਲ ਬਣਾ ਲੈਂਦਾ ਸੀ। ਫਿਰ ਸਪੀਚ ਸਾਫਟਵੇਅਰ ਦੀ ਸਹਾਇਤਾ ਨਾਲ ਫਾਈਲਾਂ ਨੂੰ ਆਡੀਓ ’ਚ ਕਨਵਰਟ ਕਰਕੇ ਸਮੂਹ ਕਿਤਾਬਾਂ ਸੁਣਦਾ ਸੀ। ਉਨ੍ਹਾਂ ਦੱਸਿਆ ਕਿ ਹੁਣ ਇਸ ਢੰਗ ਨਾਲ ਸਾਰੀਆਂ ਫਾਈਲਾਂ ਸੁਣ ਲੈਂਦਾ ਹਾਂ ਅਤੇ ਬਾਅਦ ’ਚ ਲਾੜੀਂਦੀ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਸਿਵਲ ਸਰਵਿਸਜ਼ ਦੀ ਤਿਆਰੀ ਕਰਨ ਵਾਲੇ ਨੌਜਵਾਨਾਂ ਨੂੰ ਰੋਜਾਨਾ ਅਖਬਾਰ ਪੜ੍ਹਨ ਅਤੇ ਤਾਜ਼ਾ ਜਰਨਲ ਨਾਲੇਜ ,ਪਾਲਿਸੀਆਂ ਅਤੇ ਆਰਥਿਕਤਾ ਪਰ ਨਜ਼ਰ ਰੱਖਣ ਦੀ ਸਲਾਹ ਵੀ ਦਿੱਤੀ ਹੈ।
ਮਹੱਤਵਪੂਰਨ ਥਾਵਾਂ ਤੇ ਨਿਭਾਈ ਸੇਵਾ
ਆਈਏਐਸ ਅਧਿਕਾਰੀ ਅਜੇ ਅਰੋੜਾ ਅਨੁਸਾਰ ਉਨ੍ਹਾਂ ਦੀ ਪਹਿਲੀ ਨਿਯੁਕਤੀ ਮਨੀਪੁਰ ਕਾਡਰ ਵਿੱਚ ਹੋਈ ਸੀ। ਉਥੇ ਉਹ ਚੁਰਚਾਂਦਪੁਰ ਜਿਲ੍ਹੇ ’ਚ ਇੱਕ ਸਾਲ ਤੱਕ ਸਹਾਇਕ ਕਮਿਸ਼ਨਰ ਰਹੇ ਅਤੇ ਫਿਰ ਪੇਂਡੂ ਵਿਕਾਸ ਮੰਤਰਾਲੇ ’ਚ ਸਹਾਇਕ ਸਕੱਤਰ ਵਜੋਂ ਸੇਵਾਵਾਂ ਨਿਭਾਈਆਂ। ਉਨ੍ਹਾਂ ਦੱਸਿਆ ਕਿ ਮਗਰੋਂ ਪੰਜਾਬ ਕਾਡਰ ’ਚ ਬਦਲੀ ਕਰਵਾ ਲਈ ਜਿੱਥੇ ਐਸਡੀਐਮ, ਪਟਿਆਲਾ ਵਿਕਾਸ ਅਥਾਰਟੀ ਦੇ ਐਡੀਸ਼ਨਲ ਮੁੱਖ ਪ੍ਰਸ਼ਾਸ਼ਕ, ਏਡੀਸੀ ਮਾਨਸਾ ਤੇ ਏਡੀਸੀ ਕਪੂਰਥਲਾ ਅਤੇ ਸਮਾਜਿਕ ਨਿਆਂ ਵਿਭਾਗ ਵਿੱਚ ਸਪੈਸ਼ਲ ਸੈਕਟਰੀ ਦੇ ਤੌਰ ਤੇ ਕੰਮ ਕੀਤਾ ਜਦੋਂਕਿ ਹੁਣ ਸਰਕਾਰ ਨੇ ਨਗਰ ਨਿਗਮ ਬਠਿੰਡਾ ’ਚ ਕਮਿਸ਼ਨਰ ਵਜੋਂ ਨਿਯੁਕਤੀ ਕੀਤੀ ਹੈ।
ਨਵੇਂ ਪੋਚ ਲਈ ਰਾਹ ਦਸੇਰਾ-ਕੁਸਲਾ
ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਕਮਿਸ਼ਨਰ ਅਜੇ ਅਰੋੜਾ ਨੇ ਕੰਡਿਆਲੀਆਂ ਰਾਹਾਂ ਤੇ ਚੱਲਦਿਆਂ ਜੋ ਮੁਕਾਮ ਹਾਸਲ ਕੀਤਾ ਹੈ ਉਹ ਨਵੇਂ ਪੋਚ ਨੂੰ ਰਾਹ ਦਿਖਾਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਰੋੜਾ ਨੇ ਦਰਸਾ ਦਿੱਤਾ ਹੈ ਕਿ ਅਜਿਹੇ ਬੱਚਿਆਂ ਨੂੰ ਅਲਹਿਦਾ ਸਮਾਜ ਵਿੱਚ ਭੇਜਣ ਦੀ ਸੋਚ ਨੂੰ ਮੋੜਾ ਦਿੱਤਾ ਜਾਏ ਤਾਂ ਹੋਰ ਵੀ ਬੱਚੇ ਅਫਸਰ ਬਣ ਸਕਦੇ ਹਨ।