ਡੀਜੀਪੀ ਗੌਰਵ ਯਾਦਵ ਨੇ ਏਐਸਆਈ ਅਸ਼ੋਕ ਕੁਮਾਰ ਨੂੰ ਵਿਲੱਖਣ ਕਲਾ ਲਈ ਪ੍ਰਸ਼ੰਸਾ ਡਿਸਕ ਨਾਲ ਕੀਤਾ ਸਨਮਾਨਿਤ
— ਏਐਸਆਈ ਅਸ਼ੋਕ ਕੁਮਾਰ ਦੀ ਵਿਲੱਖਣ ਕਲਾ ਸਦਕਾ ਉਨ੍ਹਾਂ ਨੂੰ ਵਰਲਡ ਬੁੱਕ ਆਫ਼ ਰਿਕਾਰਡਜ਼'ਚ ਮਿਲੀ ਥਾਂ
— ਡੀਜੀਪੀ ਗੌਰਵ ਯਾਦਵ ਨੇ ਏਐਸਆਈ ਅਸ਼ੋਕ ਕੁਮਾਰ ਨੂੰ ਦਿੱਤੀ ਵਧਾਈ, ਕਿਹਾ ਉਨ੍ਹਾਂ ਦਾ ਬੇਮਿਸਾਲ ਹੁਨਰ ਪੰਜਾਬ ਪੁਲਿਸ ਦਾ ਸਿਰ ਉੱਚਾ ਕਰਦਾ ਰਹੇਗਾ
ਚੰਡੀਗੜ੍ਹ, 10 ਮਾਰਚ 2025 - ਹੁਨਰ ਅਤੇ ਸਮਰਪਣ ਨੂੰ ਮਾਨਤਾ ਦਿੰਦਿਆਂ, ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਅੱਜ ਸਹਾਇਕ ਸਬ-ਇੰਸਪੈਕਟਰ ਅਸ਼ੋਕ ਕੁਮਾਰ ਨੂੰ ਅਮਰੀਕੀ ਹੀਰਿਆਂ, ਜਿਨ੍ਹਾਂ ਨੂੰ ਜਰਕਨ ਪੱਥਰਾਂ ਵਜੋਂ ਵੀ ਜਾਣਿਆ ਜਾਂਦਾ ਹੈ, ਦੀ ਵਰਤੋਂ ਕਰਕੇ ਸ਼ਾਨਦਾਰ ਚਿੱਤਰ ਬਣਾਉਣ ਵਿੱਚ ਉਨ੍ਹਾਂ ਦੀ ਬੇਮਿਸਾਲ ਕਾਰੀਗਰੀ ਲਈ ਵੱਕਾਰੀ ਡਾਇਰੈਕਟਰ ਜਨਰਲ ਪ੍ਰਸ਼ੰਸਾ ਡਿਸਕ ਨਾਲ ਸਨਮਾਨਿਤ ਕੀਤਾ ਹੈ।
ਇਹ ਮਾਨਤਾ ਏਐਸਆਈ ਅਸ਼ੋਕ ਕੁਮਾਰ ਦੀ ਹਾਲੀ ਹੀ ਦੀ ਪ੍ਰਾਪਤੀ, ਜਿਸ ਤਹਿਤ ਉਨ੍ਹਾਂ ਦੀ ਅਸਾਧਾਰਨ ਕਲਾਤਮਕਤਾ ਪ੍ਰਤਿਭਾ ਸਦਕਾ ਉਨ੍ਹਾਂ ਨੂੰ ਵਰਲਡ ਬੁੱਕ ਆਫ਼ ਰਿਕਾਰਡਜ਼ ਵਿੱਚ ਥਾਂ ਮਿਲੀ ਹੈ, ਉਪਰੰਤ ਦਿੱਤੀ ਗਈ। ਉਨ੍ਹਾਂ ਦੇ ਅਸਾਧਾਰਨ ਕੰਮ, ਜਿਸ ਵਿੱਚ ਗਲੋਬਲ ਆਈਕਨ ਸ਼ਾਮਲ ਹਨ, ਨੇ ਨਾ ਸਿਰਫ ਉਨ੍ਹਾਂ ਦੇ ਬੇਮਿਸਾਲ ਹੁਨਰ ਦਾ ਪ੍ਰਦਰਸ਼ਨ ਕੀਤਾ ਹੈ ਬਲਕਿ ਪੰਜਾਬ ਪੁਲਿਸ ਫੋਰਸ ਦਾ ਨਾਂ ਵੀ ਰੌਸ਼ਨ ਕੀਤਾ ਹੈ।

ਡੀਜੀਪੀ ਨੇ ਏਐਸਆਈ ਅਸ਼ੋਕ ਕੁਮਾਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਬੇਮਿਸਾਲ ਹੁਨਰ ਪੰਜਾਬ ਪੁਲਿਸ ਦਾ ਸਿਰ ਉੱਚਾ ਕਰਦਾ ਰਹੇਗਾ।
ਇਸ ਤੋਂ ਪਹਿਲਾਂ, ਡੀਜੀਪੀ ਗੌਰਵ ਯਾਦਵ ਨੇ ਐਕਸ (ਪਹਿਲਾਂ ਟਵਿੱਟਰ) ਹੈਂਡਲ 'ਤੇ ਏਐਸਆਈ ਅਸ਼ੋਕ ਕੁਮਾਰ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ, "ਏਐਸਆਈ ਅਸ਼ੋਕ ਕੁਮਾਰ ਨੇ ਅਮਰੀਕੀ ਹੀਰਿਆਂ (ਜਰਕਨ ਪੱਥਰ) ਦੀ ਵਰਤੋਂ ਕਰਕੇ ਆਪਣੀਆਂ ਸ਼ਾਨਦਾਰ ਰਚਨਾਵਾਂ ਨਾਲ ਪੋਰਟਰੇਟ ਕਲਾ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ। ਨਿਮਰ ਸ਼ੁਰੂਆਤ ਤੋਂ ਅੰਤਰਰਾਸ਼ਟਰੀ ਮਾਨਤਾ ਤੱਕ ਉਨ੍ਹਾਂ ਦੀ ਯਾਤਰਾ ਜਨੂੰਨ, ਸਮਰਪਣ ਅਤੇ ਪ੍ਰਤਿਭਾ ਦਾ ਪ੍ਰਮਾਣ ਹੈ।"