MLA ਰੰਧਾਵਾ ਨੇ ਹਮਾਂਯੂਪੁਰ ਦੇ ਗੁਰਮਤਿ ਸਮਾਗਮ 'ਚ ਲਵਾਈ ਹਾਜ਼ਰੀ
- ਜਿੰਦਗੀ ਬਸਰ ਕਰਦਿਆਂ ਮਨੁੱਖਤਾ ਦੀ ਸੇਵਾ ਅਹਿਮ- ਕੁਲਜੀਤ ਸਿੰਘ ਰੰਧਾਵਾ
ਮਲਕੀਤ ਸਿੰਘ ਮਲਕਪੁਰ
ਲਾਲੜੂ 23 ਫਰਵਰੀ 2025: ਗੁਰਦੁਆਰਾ ਪਾਤਸ਼ਾਹੀ ਨੌਵੀ ਤੇ ਦਸਵੀਂ ਪਿੰਡ ਹੁਮਾਯੂੰਪੁਰ (ਤਸਿੰਬਲੀ) ਵਿਖੇ ਕਰਵਾਏ ਜਾ ਰਹੇ ਮਹਾਨ ਗੁਰਮਿਤ ਸਮਾਗਮ ਵਿੱਚ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸ਼ਿਰਕਤ ਕਰਦਿਆਂ ਸਮਾਗਮ ਵਿੱਚ ਪੁੱਜੀ ਸੰਗਤ ਨੂੰ ਵਧਾਈ ਦਿੱਤੀ। ਉਨ੍ਹਾਂ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਾਰਮਿਕ ਸਮਾਗਮ ਨਾਲ ਜਿੱਥੇ ਧਾਰਮਿਕ ਭਾਵਨਾ ਪੈਦਾ ਹੁੰਦੀ ਹੈ, ਉੱਥੇ ਹੀ ਗੁਰਬਾਣੀ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ। ਸ. ਰੰਧਾਵਾ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਮਨੁੱਖਤਾ ਦੀ ਸੇਵਾ ਨੂੰ ਅਹਿਮ ਮੰਨਿਆ ਹੈ ਤੇ ਇਸ ਲਈ ਸਾਨੂੰ ਹਰ ਵਿਅਕਤੀ ਦੀ ਭਾਵਨਾ ਦੀ ਕਦਰ ਕਰਨੀ ਚਾਹੀਦੀ ਹੈ।
ਉਨ੍ਹਾਂ ਆਈ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਦਰਸਾਏ ਮਾਰਗ ਉੱਤੇ ਚੱਲਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖਤਾ ਲਈ ਅਤੇ ਜੁਲਮ ਦੀਆਂ ਜੜ੍ਹਾ ਪੁੱਟਣ ਕਰਨ ਲਈ ਆਪਣਾ ਬਲਿਦਾਨ ਦਿੱਤਾ ,ਜਿਨ੍ਹਾਂ ਦੇ ਬਲਿਦਾਨ ਦੀ ਗਾਥਾਂ ਤੋਂ ਪੂਰੀ ਦੁਨੀਆਂ ਦੇ ਲੋਕ ਜਾਣੂ ਹਨ । ਉਨ੍ਹਾਂ ਕਿਹਾ ਕਿ ਸਾਨੂੰ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਬਸਰ ਕਰਨਾ ਚਾਹੀਦਾ ਹੈ ਅਤੇ ਧਾਰਮਿਕ ਸਮਾਗਮਾਂ ਵਿੱਚ ਹਿੱਸਾ ਲੈਦਿਆਂ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਹਮਾਂਯੂਪੁਰ ਦੇ ਸਰਪੰਚ ਦਲਬੀਰ ਸਿੰਘ ਹਮਾਂਯੂਪੁਰ ਸਮੇਤ ਵੱਡੀ ਗਿਣਤੀ ਸੰਗਤ ਹਾਜ਼ਰ ਸੀ।