ਕਿਰਤੀ ਕਿਸਾਨ ਯੂਨੀਅਨ ਦੀ ਯੂਥ ਵਿੰਗ ਦੀ ਚੋਣ 'ਚ ਨਿਰਭੈ ਸਿੰਘ ਖਾਈ ਜ਼ਿਲਾ ਪ੍ਰਧਾਨ ਚੁਣੇ ਗਏ
- ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਯੂਥ ਵਿੰਗ ਦੀ 11 ਮੈਂਬਰੀ ਜਿਲਾ ਇਕਾਈ ਦੀ ਚੋਣ ਕੀਤੀ
ਦਲਜੀਤ ਕੌਰ
ਸੰਗਰੂਰ, 23 ਫਰਵਰੀ, 2025: ਅੱਜ ਇੱਥੇ ਸਥਾਨਕ ਗਦਰ ਮੈਮੋਰੀਅਲ ਭਵਨ ਵਿਖੇ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੀ ਅਗਵਾਈ ਹੇਠ ਨੌਜਵਾਨਾਂ ਦੀ ਮੀਟਿੰਗ ਹੋਈ। ਜਿਸ ਵਿੱਚ ਜਿੱਥੇ 5 ਮਾਰਚ ਨੂੰ ਸੰਯੁਕਤ ਮੋਰਚੇ ਵੱਲੋਂ ਚੰਡੀਗੜ੍ਹ ਵਿਖੇ ਲਾਏ ਜਾ ਰਹੇ ਮੋਰਚੇ ਵਿੱਚ ਸਮੂਲੀਅਤ ਕਰਨ ਸਬੰਧੀ ਚਰਚਾ ਕੀਤੀ ਗਈ ਉੱਥੇ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਯੂਥ ਵਿੰਗ ਦੀ 11 ਮੈਂਬਰੀ ਜਿਲਾ ਇਕਾਈ ਦੀ ਚੋਣ ਕੀਤੀ ਗਈ।
ਮੀਟਿੰਗ ਦੀ ਅਗਵਾਈ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਬਲਾਕ ਪ੍ਰਧਾਨ ਸੁਖਦੇਵ ਸਿੰਘ ਉਭਾਵਾਲ, ਹਰਦਮ ਸਿੰਘ ਰਾਜੋਮਾਜਰਾ ਅਤੇ ਦਰਸ਼ਨ ਸਿੰਘ ਕੂੰਨਰਾਂ ਨੇ ਕੀਤੀ। ਮੀਟਿੰਗ ਦੌਰਾਨ ਆਗੂਆਂ ਨੇ ਨੌਜਵਾਨਾਂ ਨੂੰ ਜਾਣਕਾਰੀ ਦਿੱਤੀ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਕੌਮੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਰੱਦ ਕਰਵਾਉਣ, ਮੱਕੀ, ਮੂੰਗੀ, ਬਾਸਮਤੀ ਦੀ ਪੰਜਾਬ ਸਰਕਾਰ ਵੱਲੋਂ ਐਮਐਸਪੀ ਤੇ ਖਰੀਦ ਦੀ ਗਰੰਟੀਕਰਨ, ਹਰੇਕ ਖੇਤ ਤੱਕ ਨਹਿਰੀ ਪਾਣੀ, ਦਰਿਆਵਾਂ ਦੇ ਪ੍ਰਦੂਸ਼ਣ ਨੂੰ ਰੋਕਣ ਅਤੇ ਪਹਿਲਾਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਯੁਕਤ ਮੋਰਚੇ ਦੀ ਅਗਵਾਈ ਹੇਠ 5 ਮਾਰਚ ਤੋਂ ਚੰਡੀਗੜ੍ਹ ਵਿਖੇ ਲਾਏ ਜਾ ਰਹੇ ਮੋਰਚੇ ਦੀ ਵੱਧ ਚੜ ਕੇ ਪਿੰਡਾਂ ਵਿੱਚ ਤਿਆਰੀ ਕੀਤੀ ਜਾਵੇਗੀ। ਲੋਕਾਂ ਨੂੰ ਲੀਫਲੈਟ ਵੰਡ ਕੇ ਜਾਗਰੂਕ ਕੀਤਾ ਜਾਵੇਗਾ।
ਇਸ ਮੌਕੇ ਵੱਖ-ਵੱਖ ਪਿੰਡਾਂ ਦੀ ਤਿਆਰੀ ਕਰਵਾਉਣ ਲਈ ਨੌਜਵਾਨਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਅਤੇ ਉਸ ਤੋਂ ਬਾਅਦ ਨੌਜਵਾਨਾਂ ਦੀ ਦਿੱਲੀ ਅੰਦੋਲਨ ਵਿੱਚ ਭੂਮਿਕਾ, ਮੌਜੂਦਾ ਕਿਸਾਨ ਲਹਿਰ ਵਿੱਚ ਨੌਜਵਾਨਾਂ ਦੀ ਸੰਭਾਵਿਤ ਭੂਮਿਕਾ ਨੂੰ ਦੇਖਦਿਆਂ ਜ਼ਿਲਾ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਸਰਬ ਸੰਮਤੀ ਨਾਲ ਨਿਰਭੈ ਸਿੰਘ ਖਾਈ ਨੂੰ ਜ਼ਿਲਾ ਪ੍ਰਧਾਨ, ਹਰਦੀਪ ਸਿੰਘ ਬਹਾਦਰਪੁਰ ਮੀਤ ਪ੍ਰਧਾਨ, ਸਵਰਨਜੀਤ ਸਿੰਘ ਰਾਜੋਮਾਜਰਾ ਮੀਤ ਪ੍ਰਧਾਨ, ਲਵਪ੍ਰੀਤ ਸਿੰਘ ਲੌਂਗੋਵਾਲ ਸਕੱਤਰ, ਗੁਰਬਾਜ ਸਿੰਘ ਕੈਂਬੋਵਾਲ ਨੂੰ ਪ੍ਰਚਾਰ ਸਕੱਤਰ, ਲਖਵਿੰਦਰ ਸਿੰਘ ਉਭਾਵਾਲ ਨੂੰ ਸਹਾਇਕ ਪ੍ਰਚਾਰ ਸਕੱਤਰ ਅਤੇ ਇਹਨਾਂ ਤੋਂ ਬਿਨਾਂ ਜਗਪਾਲ ਸਿੰਘ ਬਡਰੁੱਖਾਂ, ਕੁਲਦੀਪ ਸਿੰਘ ਚੱਠੇ ਸੇਖਵਾਂ, ਕੁਲਦੀਪ ਸਿੰਘ ਚੂਲੜ, ਅਮਨਦੀਪ ਸਿੰਘ ਘੋੜੇਨਾਬ,ਰਵਿੰਦਰ ਸਿੰਘ ਤਕੀਪੁਰ ਸਮੇਤ 11 ਮੈਂਬਰੀ ਕਮੇਟੀ ਦੀ ਚੋਣ ਕੀਤੀ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਵਿੱਤ ਸਕੱਤਰ ਕੁਲਦੀਪ ਸਿੰਘ, ਜਸਦੀਪ ਸਿੰਘ ਬਹਾਦਰਪੁਰ, ਗੁਰਮੇਲ ਸਿੰਘ ਉਭਾਵਾਲ, ਸਤਵਿੰਦਰ ਸਿੰਘ ਬਹਾਦਰਪੁਰ, ਅਮਰਜੀਤ ਸਿੰਘ ਬਡਰੁੱਖਾਂ, ਦਰਸ਼ਨ ਸਿੰਘ ਚੱਠੇ ਸੇਖਵਾਂ ਸਮੇਤ ਵੱਡੀ ਗਿਣਤੀ ਕਿਸਾਨ ਆਗੂ ਤੇ ਨੌਜਵਾਨ ਹਾਜ਼ਰ ਸਨ।