ਸਿਵਲ ਹਸਪਤਾਲਾਂ 'ਚ ਚੋਥਾ ਦਰਜਾ ਦੀਆਂ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ:- ਬਹੁਜਨ ਭੀਮ ਆਰਮੀ ਪੰਜਾਬ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 23ਫਰਵਰੀ 2025 -ਬਹੁਜਨ ਭੀਮ ਆਰਮੀ ਪੰਜਾਬ ਸੰਗਠਨ ਦੇ ਸੰਸਥਾਪਕ ਜਸਬੀਰ ਕੋਟੜਾ ਨੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਦੇ ਸਿਵਲ ਹਸਪਤਾਲ 'ਚ ਮਰੀਜਾਂ ਦੀ ਹੋ ਰਹੀ ਖੱਜਲ ਖ਼ੁਆਰੀ 'ਤੇ ਡੂੰਘੀ ਚਿੰਤਾ ਚਿੰਤਾ ਜਤਾਈ ਹੈ।
ਪ੍ਰੈੱਸ ਨੂੰ ਜਾਰੀ ਇੱਕ ਬਿਆਨ 'ਚ ਜਸਬੀਰ ਕੋਟੜਾ ਨੇ ਕਿਹਾ ਕਿ ਸਿਵਲ ਹਸਪਤਾਲਾਂ ਅੰਦਰ ਵੱਡੇ-ਵੱਡੇ ਬੋਰਡ ਨਜ਼ਰ ਆਉਂਦੇ ਹਨ, ਜਿਨ੍ਹਾਂ ਉੱਪਰ ਪੰਜਾਬ ਸਰਕਾਰ ਨੇ ਕਥਿਤ ਆਪਣੇ ਝੂਠੇ ਵਾਅਦੇ ਤਾਂ ਬੜੇ ਸੁਨਹਿਰੀ ਅੱਖਰਾਂ 'ਚ ਲਿਖੇ ਹੋਏ ਹਨ। ਪਰ ਸਿਵਲ ਹਸਪਤਾਲਾਂ ਅੰਦਰ ਮਰੀਜ਼ਾਂ ਨੂੰ ਬਹੁਤ ਘੱਟ ਦਵਾਈਆਂ ਮਿਲਦੀਆਂ ਹਨ।ਆਪਣੇ ਇਲਾਜ ਲਈ ਮਰੀਜ਼ਾਂ ਨੂੰ ਬਾਕੀ ਦਵਾਈਆਂ ਬਾਹਰੋਂ ਹੀ ਖਰੀਦਣੀਆਂ ਪੈਂਦੀਆਂ ਹਨ।
ਜਸਵੀਰ ਕੋਟੜਾ ਨੇ ਦੱਸਿਆ ਕਿ ਕਈ ਹਸਪਤਾਲਾਂ 'ਚ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਸਫ਼ਾਈ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਬਹੁਜਨ ਭੀਮ ਆਰਮੀ ਪੰਜਾਬ ਦੇ ਇਸ ਆਗੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਸਿਵਲ ਹਸਪਤਾਲਾਂ 'ਚ ਤੁਰੰਤ ਦਵਾਈਆਂ ਮੁਹਈਆ ਕਰਵਾਈਆਂ ਜਾਣ ਤੇ ਸਿਵਲ ਹਸਪਤਾਲਾਂ 'ਚ ਚੌਥਾ ਦਰਜਾ ਕਰਮਚਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਅਤੇ ਡਾਕਟਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਪੱਕੇ ਤੌਰ 'ਤੇ ਭਰਿਆ ਜਾਵੇ। ਅਜਿਹਾ ਹੋਣ ਨਾਲ ਜਿੱਥੇ ਮਰੀਜ਼ਾਂ ਨੂੰ ਫਾਇਦਾ ਹੋਵੇਗਾ, ਉੱਥੇ ਬੇਰੁਜ਼ਗਾਰੀ ਵੀ ਘਟੇਗੀ।
ਇਸ ਮੌਕੇ ਜਸਵੀਰ ਸਿੰਘ ਕੋਟੜਾ ਨਾਲ ਬਹੁਜਨ ਭੀਮ ਆਰਮੀ ਪੰਜਾਬ ਸੰਗਠਨ ਦੇ ਜ਼ਿਲ੍ਹਾ ਲੁਧਿਆਣਾ(ਦਿਹਾਤੀ) ਦੇ ਮੀਤ ਪ੍ਰਧਾਨ ਸੱਤਪਾਲ ਸਿੰਘ ਬੱਸੀਆਂ ਵੀ ਹਾਜ਼ਰ ਸਨ।