ਹੋਲਾ ਮਹੱਲਾ ਮੌਕੇ ਵਾਹਨਾਂ ਦੀ ਪਾਰਕਿੰਗ ਲਈ ਕੀਤੇ ਪੁਖਤਾ ਪ੍ਰਬੰਧ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 23 ਫਰਵਰੀ,2025 - ਹੋਲਾ ਮਹੱਲਾ ਤਿਉਹਾਰ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਲਈ ਪ੍ਰਸਾਸ਼ਨ ਵੱਲੋਂ ਲਗਾਤਾਰ ਸਰਗਰਮੀਆਂ ਸੁਰੂ ਕਰ ਦਿੱਤੀਆਂ ਹਨ। ਸ੍ਰੀ ਹਿਮਾਂਸ਼ੂ ਜੈਨ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਵਿੱਚ ਵੱਖ ਵੱਖ ਵਿਭਾਗ ਜ਼ਮੀਨੀ ਪੱਧਰ ਤੇ ਕੰਮਾਂ ਵਿਚ ਜੁਟੇ ਹੋਏ ਹਨ। ਸ਼ਰਧਾਲੂਆਂ ਦੀ ਸਹੂਲਤ ਲਈ ਪਾਰਕਿੰਗ ਤੋ ਇਲਾਵਾ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਸੜਕਾਂ ਦੀ ਮੁਰੰਮਤ ਦਾ ਕੰਮ ਵੱਡੇ ਪੱਧਰ ਤੇ ਚੱਲ ਰਿਹਾ ਹੈ।
ਵਾਹਨ ਪਾਰਕਿੰਗ ਤੇ ਸੜਕਾਂ ਦੀ ਮੁਰੰਮਤ ਦੇ ਚੱਲ ਰਹੇ ਕੰਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਇੰਜ਼ੀਨੀਅਰ ਲੋਕ ਨਿਰਮਾਣ ਵਿਭਾਗ ਸ੍ਰੀ ਵਿਵੇਕ ਦੁਰੇਜਾ ਨੇ ਦੱਸਿਆ ਕਿ ਹੋਲਾ-ਮਹੱਲਾ ਨੂੰ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਪ੍ਰਸ਼ਾਸ਼ਨ ਵੱਲੋਂ ਢੁਕਵੇ ਪ੍ਰਬੰਧ ਕੀਤੇ ਜਾ ਰਹੇ ਹਨ। ਲੋਕ ਨਿਰਮਾਣ ਵਿਭਾਗ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਝਿੰਜੜੀ, ਮੀਢਵਾਂ (ਪੱਕੀ ਪਾਰਕਿੰਗ) ਪੁੱਡਾ ਗਰਾਊਂਡ, ਪੁਲਿਸ ਥਾਣਾ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੱਛੇ ਖਾਲੀ ਪਈ ਥਾਂ, ਅਗੰਮਪੁਰ ਪੈਟਰੋਲ ਪੰਪ ਦੇ ਸਾਹਮਣੇ, ਆਈ.ਟੀ.ਆਈ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲਗਦੀ ਤੇ ਪਿਛਲੇ ਪਾਸੇ ਵਾਲੀ ਥਾਂ, ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਅਤੇ ਨਾਲ ਲੱਗਦੀ ਥਾਂ, ਚਰਨ ਗੰਗਾ ਸਟੇਡੀਅਮ ਦੇ ਨਜਦੀਕ ਵੀ.ਆਈ.ਪੀ ਪਾਰਕਿੰਗ, ਬੱਸ ਸਟੈਂਡ ਤੋਂ ਨੈਣਾ ਦੇਵੀ ਚੌਂਕ ਤੱਕ ਬੱਸ ਸਟੈਂਡ ਵਾਲੇ ਪਾਸੇ, ਬੱਸ ਸਟੈਂਡ ਦੇ ਸਾਹਮਣੇ ਤੋਂ ਸੜਕ ਦੇ ਦੂਜੇ ਪਾਸੇ ਨਾਲੇ ਦੇ ਪਿੱਛੇ ਚਰਨ ਗੰਗਾ ਪੁੱਲ ਤੱਕ, ਚਰਨ ਗੰਗਾ ਪੁੱਲ ਤੋਂ ਸਿਵਲ ਹਸਪਤਾਲ ਤੱਕ ਚਰਨ ਗੰਗਾ ਬੰਨ ਦੇ ਉਪਰ ਵਾਲੀ ਜਗ੍ਹਾ, ਪਸ਼ੂ ਮੰਡੀ ਲੋਧੀਪੁਰ, ਪਾਵਰ ਕਲੋਨੀ ਦੇ ਪਿਛੇ ਖਾਲੀ ਪਈ ਥਾਂ (ਪੀ.ਐਸ.ਪੀ.ਸੀ.ਐਲ.ਗਰਾਊਂਡ) ਵਿੱਚ ਵਾਹਨਾਂ ਦੀ ਪਾਰਕਿੰਗ ਦੇ ਪ੍ਰਬੰਧ ਕੀਤੇ ਹਨ। ਜਿੱਥੇ ਸਫਾਈ ਤੇ ਲੈਵਲਿੰਗ ਦਾ ਕੰਮ ਵੱਡੇ ਪੱਧਰ ਤੇ ਚੱਲ ਰਿਹਾ ਹੈ।
ਕਾਰਜਕਾਰੀ ਇੰਜੀਨੀਅਰ ਨੇ ਹੋਰ ਦੱਸਿਆ ਕਿ ਕੀਰਤਪੁਰ ਸਾਹਿਬ ਵਿਖੇ ਅਨਾਜ ਮੰਡੀ, ਏ.ਸੀ.ਸੀ ਡੰਪ ਕੀਰਤਪੁਰ ਸਾਹਿਬ, ਗੁਰਦੁਆਰਾ ਪਤਾਲਪੁਰੀ ਸਾਹਿਬ ਦੀ ਪਾਰਕਿੰਗ, ਥਾਣਾ ਕੀਰਤਪੁਰ ਸਾਹਿਬ ਤੋਂ ਬਿਲਾਸਪੁਰ ਰੋਡ ਵੱਲ ਸੜਕ ਦੇ ਉਤੇ ਢਾਬਿਆਂ ਦੇ ਸਾਹਮਣੇ, ਨੋ ਲੱਖਾ ਬਾਗ ਕੀਰਤਪੁਰ-ਬਿਲਾਸਪੁਰ ਸੜ੍ਹਕ ਦੇ ਨਜ਼ਦੀਕ ਪਾਰਕਿੰਗਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਨੇ ਹੋਰ ਦੱਸਿਆ ਕਿ ਹੋਲਾ ਮਹੱਲਾ ਮੌਕੇ ਇਨ੍ਹਾਂ ਨਗਰਾਂ ਵਿੱਚ ਆਉਣ ਵਾਲੇ ਸ਼ਰਧਾਲੂਆਂ ਲਈ ਟ੍ਰੈਫਿਕ ਦੀ ਸੁਚਾਰੂ ਵਿਵਸਥਾ ਕਰਨ ਲਈ ਸੜਕਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਲੋਕ ਨਿਰਮਾਣ ਵਿਭਾਗ ਵੱਲੋਂ ਆਰ.ਜੀ.ਐਨ. ਸੜ੍ਹਕ ਤੋਂ ਨਿੱਕੂਵਾਲ, ਪਿੰਡ ਮਟੌਰ ਤੋਂ ਗੱਜਪੁਰ, ਚੰਦਪੁਰ, ਹਰੀਵਾਲ ਤੋਂ ਰੂਪਨਗਰ ਨੰਗਲ ਮੇਨ ਸੜ੍ਹਕ, ਆਰ.ਜੀ.ਐਨ.ਸੜ੍ਹਕ ਤੋਂ ਝਿੰਜੜੀ ਸੜ੍ਹਕ (ਬਾਈਪਾਸ), ਸ੍ਰੀ ਅਨੰਦਪੁਰ ਨਹਿਰ ਦੀਆਂ ਦੋਨਾਂ ਪੱਟੜੀਆਂ ਉੱਤੇ ਕੀਰਤਪੁਰ ਸਾਹਿਬ ਤੋਂ ਗੰਗੂਵਾਲ ਪਾਵਰ ਹਾਊਸ ਤੱਕ, ਕੀਰਤਪੁਰ ਸਾਹਿਬ-ਬਿਲਾਸਪੁਰ ਸੜ੍ਹਕ ਤੋਂ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਤੱਕ, ਸ਼੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਰੋਡ ਤੋਂ ਕਾਹਨਪੁਰ ਖੂਹੀ ਸੜ੍ਹਕ ਤੱਕ, ਸੜ੍ਹਕਾਂ ਦੀ ਮੁਰੰਮਤ ਅਤੇ ਪੈਚ ਵਰਕ ਕਰਵਾਇਆ ਜਾ ਰਿਹਾ ਹੈ, ਤਾਂ ਜੋ ਹੋਲੇ-ਮਹੱਲੇ ਨੂੰ ਆਉਣ ਵਾਲੀਆਂ ਸੰਗਤਾਂ ਨੂੰ ਆਵਾਜਾਈ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।