ਭਲਾਈਆਣਾ ਦੇ ਖਰੀਦ ਕੇਂਦਰ ਚੋਂ ਕਣਕ ਦੀਆਂ ਬੋਰੀਆਂ ਦੇ ਅੰਬਾਰ ਖਤਮ ਕਰਵਾਉਣ ਦੀ ਮੰਗ
ਅਸ਼ੋਕ ਵਰਮਾ
ਭਲਾਈਆਣਾ, 28 ਅਪ੍ਰੈਲ 2025: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਭਲਾਈਆਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਇਕਾਈ ਪ੍ਰਧਾਨ ਬਿੱਕਰ ਸਿੰਘ ਭਲਾਈਆਣਾ ਨੇ ਸਾਂਝੇ ਬਿਆਨ ਰਾਹੀਂ ਭਲਾਈ ਜਾਣਾ ਦੇ ਖਰੀਦ ਕੇਂਦਰ ਵਿੱਚੋਂ ਕਣਕ ਦੀਆਂ ਭਰੀਆਂ ਹੋਈਆਂ ਬੋਰੀਆਂ ਚਕਵਾਉਣ ਦੀ ਮੰਗ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਖਰੀਦ ਕੇਂਦਰ ਵਿੱਚ ਹਰ ਪੱਖ ਤੋਂ ਬੇਹੱਦ ਮੰਦਾ ਹਾਲ ਹੈ ਜਿਸ ਕਰਕੇ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਕਈ ਕਈ ਦਿਨ ਝਾਰ ਨਹੀਂ ਲੱਗਦਾ ਅਤੇ ਟਰੱਕ ਵੀ ਨਹੀਂ ਮਿਲਦੇ ਜਿਸ ਕਰਕੇ ਕਿਸਾਨ ਅਤੇ ਆੜ੍ਹਤੀਏ ਦੋਨੋਂ ਹੀ ਪਰੇਸ਼ਾਨ ਹਨ।
ਕਿਸਾਨ ਆਗੂਆਂ ਨੇ਼ ਪੰਜਾਬ ਦੀ ਬਦਲਾਅ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਕੇਂਦਰ ਦੇ ਇਸ਼ਾਰਿਆਂ ਤੇ ਸੰਘਰਸ਼ੀ ਕਿਸਾਨਾਂ ਤੇ ਥਾਂ ਥਾਂ ਜ਼ਬਰ ਕਰਕੇ ਧਰੋਹ ਕਮਾ ਰਹੀ ਹੈ ਉੱਥੇ ਦਾਣਾ ਮੰਡੀਆਂ ਵਿੱਚ ਲਿਫਟਿੰਗ, ਕਣਕ ਦੀਆਂ ਅਦਾਇਗੀਆਂ ਨਾ ਹੋਣਾ ਬਾਹਰੋਂ ਲੇਬਰ ਨਾ ਮੰਗਵਾਉਣਾ ਧੜਾ ਧੜ ਸਾਈਲੋ ਗਦਾਮ ਖੋਲ੍ਹਣ ਵੱਲ ਇਸ਼ਾਰਾ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਹ ਸਮੱਸਿਆਵਾਂ ਹੱਲ ਨਾ ਕੀਤੀਆਂ ਅਤੇ ਕਿਸਾਨ ਵਿਰੋਧੀ ਫੈਸਲੇ ਕਰਨੇ ਬੰਦ ਨਾ ਕੀਤੇ ਤਾਂ ਸੰਘਰਸ਼ ਤੇਜ਼ ਕੀਤਾ ਜਾਏਗਾ।