ਫਰੀਦਕੋਟ ਇਲਾਕੇ ਦਾ ਮਾਣ- ਸੁਖਜਿੰਦਰ ਸਿੰਘ ਉਰਫ ਲਵਲੀ ਸਰਾਂ
ਸਮਾਜ ਵਿੱਚ ਕੁਝ ਵਿਅਕਤੀ ਆਪਣੇ ਅਚੁਕ ਯਤਨ, ਦ੍ਰਿੜ ਨਿਸ਼ਚੇ ਅਤੇ ਮਿਹਨਤ ਨਾਲ ਇੰਨੀ ਉਚਾਈਆਂ ਨੂੰ ਛੂਹ ਲੈਂਦੇ ਹਨ ਕਿ ਉਹਨਾਂ ਦਾ ਨਾਮ ਨਾ ਸਿਰਫ ਆਪਣੇ ਪਰਿਵਾਰ ਦੀ ਸ਼ਾਨ ਬਣਦਾ ਹੈ, ਸਗੋਂ ਪੂਰੇ ਇਲਾਕੇ ਦਾ ਮਾਣ ਵੀ ਬਣ ਜਾਂਦਾ ਹੈ। ਇੰਨਾ ਹੀ ਨਹੀਂ, ਉਹ ਸਮਾਜ ਲਈ ਪ੍ਰੇਰਣਾ ਦਾ ਸਰੋਤ ਬਣ ਜਾਂਦੇ ਹਨ। ਅਜਿਹਾ ਹੀ ਇੱਕ ਨਾਂ ਹੈ ਪਿੰਡ ਸਰਾਵਾਂ, ਜ਼ਿਲਾ ਫਰੀਦਕੋਟ ਦੇ ਸੁਖਜਿੰਦਰ ਸਿੰਘ ਉਰਫ ਲਵਲੀ ਸਰਾਂ ਦਾ, ਜਿਸ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਪਿੰਡ, ਜ਼ਿਲੇ ਅਤੇ ਰਾਜ ਦਾ ਨਾਮ ਰੌਸ਼ਨ ਕੀਤਾ ਹੈ। ਸੁਖਜਿੰਦਰ ਸਿੰਘ ਦਾ ਜਨਮ ਸਰਦਾਰ ਕੁਲਦੀਪ ਸਿੰਘ ਅਤੇ ਸਰਦਾਰਨੀ ਪਰਮਜੀਤ ਕੌਰ ਦੇ ਘਰ ਪਿੰਡ ਸਰਾਵਾਂ, ਜ਼ਿਲਾ ਫਰੀਦਕੋਟ ਵਿੱਚ ਹੋਇਆ। ਬਚਪਨ ਤੋਂ ਹੀ ਲਵਲੀ ਸਰਾਂ ਨੂੰ ਖੇਡਾਂ ਪ੍ਰਤੀ ਵੱਡਾ ਲਗਾਅ ਸੀ। ਖੇਡਾਂ ਲਈ ਇਹ ਉਤਸ਼ਾਹ ਉਸ ਦੀ ਵਿਰਾਸਤ ਵਿੱਚ ਸੀ, ਕਿਉਂਕਿ ਉਸਦੇ ਦਾਦਾ ਜੀ ਪੰਜਾਬ ਪੁਲਿਸ ਵਿੱਚ ਇੱਕ ਮਸ਼ਹੂਰ ਪਹਿਲਵਾਨ ਰਹੇ। ਖੇਤੀਬਾੜੀ ਕਰਦੇ ਪਿਤਾ ਜੀ ਅਤੇ ਸਾਬਕਾ ਸਰਪੰਚ ਮਾਤਾ ਜੀ ਦੇ ਸਾਥ ਨਾਲ ਲਵਲੀ ਸਰਾਂ ਨੇ ਆਪਣੇ ਬਚਪਨ ਤੋਂ ਹੀ ਦ੍ਰਿੜ ਨਿਸ਼ਚੇ ਅਤੇ ਮਿਹਨਤੀ ਸੁਭਾਅ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਇਆ।
ਤਕਨੀਕੀ ਸਿੱਖਿਆ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਲਵਲੀ ਸਰਾਂ ਨੇ ਅਧਿਆਪਕ ਵਜੋਂ ਆਪਣਾ ਪੇਸ਼ਾ ਚੁਣਿਆ ਅਤੇ ਸਰਕਾਰੀ ਹਾਈ ਸਕੂਲ ਸਿਵੀਆਂ, ਜ਼ਿਲਾ ਫਰੀਦਕੋਟ ਵਿੱਚ ਸੇਵਾ ਕਰ ਰਹੇ ਹਨ। ਇੱਥੇ ਉਹ ਨੌਜਵਾਨਾਂ ਨੂੰ ਨਾ ਸਿਰਫ਼ ਵਿਦਿਆ ਦੀ ਦਿਸ਼ਾ ਵਿੱਚ ਉਤਸ਼ਾਹਿਤ ਕਰਦੇ ਹਨ, ਸਗੋਂ ਖੇਡਾਂ ਵੱਲ ਵੀ ਪੂਰੀ ਲਗਨ ਅਤੇ ਦਿਲੋ ਜਾਨ ਨਾਲ ਮਿਹਨਤ ਕਰਵਾ ਰਹੇ ਹਨ। ਲਵਲੀ ਸਰਾਂ ਦੀ ਕੋਸ਼ਿਸ਼ਾਂ ਦੇ ਨਤੀਜੇ ਸਪਸ਼ਟ ਤੌਰ 'ਤੇ ਸਾਹਮਣੇ ਆ ਰਹੇ ਹਨ- ਸਕੂਲ ਦੇ ਬੱਚੇ ਬਲਾਕ ਪੱਧਰ, ਜ਼ਿਲਾ ਪੱਧਰ, ਰਾਜ ਪੱਧਰ ਦੀਆਂ ਖੇਡਾਂ ਵਿੱਚ ਆਪਣਾ ਲੋਹਾ ਮਨਵਾ ਰਹੇ ਹਨ। ਪੰਜਾਬ ਸਰਕਾਰ ਦੀ ਪਹਿਲ 'ਖੇਡੋ ਵਤਨ ਪੰਜਾਬ' ਤਹਿਤ ਹੋਣ ਵਾਲੀਆਂ ਖੇਡਾਂ ਵਿੱਚ ਵੀ ਬੱਚਿਆਂ ਨੇ ਉਚੀਆਂ ਪੁਜੀਸ਼ਨਾਂ ਹਾਸਿਲ ਕਰਕੇ ਆਪਣੇ ਸਕੂਲ ਅਤੇ ਇਲਾਕੇ ਦਾ ਮਾਣ ਵਧਾਇਆ ਹੈ। ਲਵਲੀ ਸਰਾਂ ਲਈ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਅਤੇ ਤੰਦਰੁਸਤ ਜੀਵਨ ਵਲ ਪ੍ਰੇਰਨਾ ਦੇਣਾ ਜ਼ਿੰਦਗੀ ਦਾ ਮਿਸ਼ਨ ਬਣ ਚੁੱਕਾ ਹੈ। ਹਰ ਰੋਜ਼ ਪਿੰਡ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਗਰਾਊਂਡ ਵਿੱਚ ਲਿਆ ਕੇ ਖੇਡਾਂ ਲਈ ਤਿਆਰ ਕਰਨਾ, ਉਨ੍ਹਾਂ ਨੂੰ ਤੰਦਰੁਸਤ ਜੀਵਨ ਦੀ ਅਹਮਿਤਾ ਸਮਝਾਉਣਾ, ਲਵਲੀ ਸਰਾਂ ਦੀ ਰੋਜ਼ਾਨਾ ਦੀ ਜ਼ਿੰਮੇਵਾਰੀ ਹੈ। ਉਹ ਸੋਸ਼ਲ ਮੀਡੀਆ ਰਾਹੀਂ ਵੀ ਨੌਜਵਾਨਾਂ ਨੂੰ ਫਿਟਨੈਸ ਲਈ ਜਾਗਰੂਕ ਕਰਦੇ ਹਨ। ਆਪਣੇ ਖੁਦ ਦੇ ਬਣਾਏ ਫਿਟਨੈਸ ਵਿਡੀਓਜ਼ ਅਤੇ ਕੋਚਿੰਗ ਰਾਹੀਂ ਉਹ ਅਨੇਕਾਂ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣੇ ਹਨ।
ਲਵਲੀ ਸਰਾਂ ਦਾ ਖੇਡਾਂ ਨਾਲ ਅਟੁੱਟ ਨਾਤਾ ਬਚਪਨ ਤੋਂ ਹੀ ਸੀ। ਛੋਟੀ ਉਮਰ ਵਿੱਚ ਹੀ ਕਬੱਡੀ ਪ੍ਰਤੀ ਉਨ੍ਹਾਂ ਦਾ ਗਹਿਰਾ ਸ਼ੌਂਕ ਜਾਗ ਗਿਆ ਸੀ। ਇਸ ਲਈ ਇਲਾਕੇ ਦੇ ਕਈ ਕਬੱਡੀ ਮੁਕਾਬਲੀਆਂ ਵਿੱਚ ਹਿੱਸਾ ਲੈ ਕੇ ਉਨ੍ਹਾਂ ਨੇ ਆਪਣਾ ਇੱਕ ਵੱਖਰਾ ਮੁਕਾਮ ਬਣਾਇਆ। ਹਾਲਾਂਕਿ, ਇਕ ਸੱਟ ਕਾਰਨ ਕਬੱਡੀ ਖੇਡਣੀ ਛੱਡਣੀ ਪਈ, ਪਰ ਹੌਂਸਲਾ ਨਹੀਂ ਛੱਡਿਆ। ਲਗਾਤਾਰ ਮਿਹਨਤ ਅਤੇ ਜ਼ਿੰਮੇਵਾਰੀ ਨਾਲ ਅੱਜ ਉਹ ਖੇਡਾਂ ਦੇ ਮੈਦਾਨ ਵਿੱਚ ਨੌਜਵਾਨਾਂ ਦੀਆਂ ਕਤਾਰਾਂ ਨੂੰ ਤਿਆਰ ਕਰ ਰਹੇ ਹਨ। ਫਿਟਨੈਸ ਅਤੇ ਨਸ਼ਾ ਮੁਕਤੀ ਲਈ ਲਵਲੀ ਸਰਾਂ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ। ਪਿੰਡ ਵਿੱਚ ਫਿਟਨੈਸ ਕੈਂਪ ਅਤੇ ਖੂਨਦਾਨ ਕੈਂਪ ਲਗਾਉਣਾ, ਟੂਰਨਾਮੈਂਟ ਕਰਵਾਉਣਾ, ਨੌਜਵਾਨਾਂ ਨੂੰ ਹੌਂਸਲਾ ਦੇਣਾ ਅਤੇ ਪੂਰੇ ਇਲਾਕੇ ਨੂੰ ਸਿਹਤਮੰਦ ਜੀਵਨ ਵੱਲ ਮੋੜਨਾ ਉਨ੍ਹਾਂ ਦੀ ਜ਼ਿੰਦਗੀ ਦਾ ਅਹਿਮ ਮਕਸਦ ਬਣ ਚੁੱਕਾ ਹੈ। ਖੇਡ ਟੂਰਨਾਮੈਂਟਾਂ ਵਿੱਚ ਨੌਜਵਾਨਾਂ ਦੀ ਐਂਟਰੀ ਕਰਵਾਉਣਾ ਅਤੇ ਖਿਡਾਰੀਆਂ ਨੂੰ ਮੰਚ ਮੁਹੱਈਆ ਕਰਵਾਉਣਾ, ਲਵਲੀ ਸਰਾਂ ਦੀ ਨਿੱਤ ਦੀ ਰੁਟੀਨ ਬਣੀ ਹੋਈ ਹੈ। ਇਹਨਾਂ ਦੀ ਲਗਨ ਅਤੇ ਮਿਹਨਤ ਦਾ ਨਤੀਜਾ ਹੈ ਕਿ ਲਵਲੀ ਸਰਾਂ ਅਕਸਰ ਖੇਡ ਟੂਰਨਾਮੈਂਟਾਂ ਅਤੇ ਸਮਾਜਿਕ ਗਤੀਵਿਧੀਆਂ ਦੌਰਾਨ ਸਨਮਾਨਿਤ ਕੀਤੇ ਜਾਂਦੇ ਹਨ। ਇਹ ਸਨਮਾਨ ਉਨ੍ਹਾਂ ਲਈ ਨਾ ਸਿਰਫ ਮਾਣ ਦਾ ਵਿਸ਼ਾ ਹੁੰਦੇ ਹਨ, ਸਗੋਂ ਹੋਰ ਮਿਹਨਤ ਕਰਨ ਲਈ ਪ੍ਰੇਰਨਾ ਵੀ ਦਿੰਦੇ ਹਨ। ਉਨ੍ਹਾਂ ਦੀ ਸਾਦਗੀ, ਜਸਬਾ ਅਤੇ ਮਿਲਣਸਾਰ ਸੁਭਾਉ ਕਾਰਨ ਉਹ ਆਪਣੇ ਇਲਾਕੇ ਵਿੱਚ ਖਾਸ ਸਨਮਾਨਿਤ ਸ਼ਖਸ਼ੀਅਤ ਵਜੋਂ ਪਛਾਣੇ ਜਾਂਦੇ ਹਨ।
ਤਾਜ਼ਾ ਉਪਲਬਧੀ ਦੇ ਤੌਰ 'ਤੇ ਲਵਲੀ ਸਰਾਂ ਨੇ ਪਿਛਲੇ ਹਫ਼ਤੇ ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਵਿਖੇ ਹੋਈਆਂ 7ਵੀਂ ਨੈਸ਼ਨਲ ਮਾਸਟਰ ਐਥਲੈਟਿਕ ਖੇਡਾਂ ਵਿੱਚ ਤਿੰਨ ਮੈਡਲ ਜਿੱਤ ਕੇ ਆਪਣੇ ਪਿੰਡ, ਜ਼ਿਲੇ ਅਤੇ ਪੰਜਾਬ ਦਾ ਮਾਣ ਵਧਾਇਆ ਹੈ। ਹੈਮਰ ਥਰੋ, ਗੋਲਾ ਸੁੱਟਣਾ ਅਤੇ ਡਿਸਕਸ ਥਰੋ ਵਰਗੀਆਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੂਜੇ ਸਥਾਨ ਹਾਸਲ ਕਰਨਾ, ਇਹ ਸਾਬਤ ਕਰਦਾ ਹੈ ਕਿ ਲਵਲੀ ਸਰਾਂ ਦੀ ਮਿਹਨਤ ਅਤੇ ਦ੍ਰਿੜਤਾ ਅਜੇ ਵੀ ਜਾਰੀ ਹੈ। ਇਸ ਪ੍ਰਾਪਤੀ ਵਿੱਚ ਖ਼ਾਸ ਗੱਲ ਇਹ ਰਹੀ ਕਿ ਇਹ ਮੈਡਲ ਜਿੱਤਣ ਸਮੇਂ ਉਹ ਸਰੀਰਕ ਤਕਲੀਫ਼ਾਂ ਨਾਲ ਜੂਝ ਰਹੇ ਸਨ, ਪਰ ਉਹਨਾਂ ਨੇ ਹੌਂਸਲਾ ਡੋਲਣ ਨਹੀਂ ਦਿੱਤਾ ਅਤੇ ਜਿੱਤਾਂ ਹਾਸਿਲ ਕੀਤੀਆਂ। ਲਵਲੀ ਸਰਾਂ ਦੀ ਮਿਹਨਤ, ਜ਼ਜ਼ਬਾ ਅਤੇ ਸਮਰਪਣ ਦੇਖ ਕੇ ਬਾਬਾ ਨਾਜ਼ਮੀ ਦੇ ਉਹ ਸ਼ਬਦ ਯਾਦ ਆਉਂਦੇ ਹਨ:
"ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ।
ਮੰਜਲ ਦੇ ਮੱਥੇ ਉੱਤੇ ਤਖ਼ਤੀ ਲਗਦੀ ਉਨ੍ਹਾਂ ਦੀ,
ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ।"
ਅਜਿਹੀ ਸ਼ਖ਼ਸੀਅਤ ਜੋ ਸਿਰਫ ਆਪਣੇ ਲਈ ਨਹੀਂ, ਸਗੋਂ ਸਾਰੇ ਇਲਾਕੇ ਅਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਬਣੀ ਹੋਈ ਹੈ, ਉਹ ਨਿਸ਼ਚਿਤ ਤੌਰ 'ਤੇ ਇਲਾਕੇ ਦਾ ਮਾਣ ਕਹਿਣ ਦੇ ਯੋਗ ਹੈ। ਸੁਖਜਿੰਦਰ ਸਿੰਘ ਉਰਫ ਲਵਲੀ ਸਰਾਂ ਦੀ ਲਗਾਤਾਰ ਮਿਹਨਤ, ਸੰਘਰਸ਼ ਅਤੇ ਜਿੱਤ ਦਾ ਸਫਰ ਅਜੇ ਵੀ ਜਾਰੀ ਹੈ ਅਤੇ ਭਵਿੱਖ ਵਿੱਚ ਵੀ ਉਹ ਹੋਰ ਉਚਾਈਆਂ ਹਾਸਲ ਕਰਨਗੇ, ਇਹਦਾ ਪੂਰਾ ਵਿਸ਼ਵਾਸ ਹੈ।

liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ
-1745839213935.jpg)
-
ਸੰਦੀਪ ਕੁਮਾਰ, ਐਮ.ਸੀ.ਏ, ਐਮ.ਏ ਮਨੋਵਿਗਆਨ
liberalthinker1621@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.