ਪਹਿਲਗਾਮ ਘਟਨਾ ਨੂੰ ਸੌੜੇ ਫਿਰਕੂ ਮਨਸੂਬਿਆਂ ਲਈ ਵਰਤਣ ਦੀਆਂ ਕੋਸ਼ਿਸ਼ਾਂ ਤੋਂ ਚੌਕਸ ਰਹਿਣ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ, 28 ਅਪ੍ਰੈਲ 2025:ਇਨਕਲਾਬੀ ਜਥੇਬੰਦੀ ਲੋਕ ਮੋਰਚਾ ਪੰਜਾਬ ਨੇ ਪਹਿਲਗਾਮ ਦੇ ਦਰਦਨਾਕ ਘਟਨਾਕ੍ਰਮ ਤੇ ਦੁੱਖ ਦਾ ਇਜ਼ਹਾਰ ਕਰਦਿਆਂ ਇਸਨੂੰ ਸੌੜੇ ਫਿਰਕੂ ਸਿਆਸੀ ਮਨਸੂਬਿਆਂ ਲਈ ਵਰਤਣ ਦੀਆਂ ਕੋਸ਼ਿਸ਼ਾਂ ਖਿਲਾਫ ਲੋਕਾਂ ਨੂੰ ਚੌਕਸ ਰਹਿਣ ਦਾ ਸੱਦਾ ਦਿੱਤਾ। ਅੱਜ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਆਗੂਆਂ ਜਗਮੇਲ ਸਿੰਘ ਅਤੇ ਸ਼ੀਰੀਂ ਨੇ ਕਿਹਾ ਕਿ ਪਹਿਲਗਾਮ ਵਿੱਚ ਵਾਪਰੀ ਕਤਲੇਆਮ ਦੀ ਘਟਨਾ ਬੇਹੱਦ ਮੰਦਭਾਗੀ ਅਤੇ ਨਿੰਦਣਯੋਗ ਹੈ। ਇਸ ਘਟਨਾ ਪਿਛਲੀਆਂ ਤਾਕਤਾਂ ਦੀ ਨਿਸ਼ਾਨਦੇਹੀ ਹੋਣੀ ਜਰੂਰੀ ਹੈ। ਇਸ ਕਰਕੇ ਇਸ ਘਟਨਾ ਦੀ ਨਿਰਪੱਖ ਜਾਂਚ ਕਰਾਏ ਜਾਣ ਦੀ ਲੋੜ ਹੈ।ਆਗੂਆਂ ਨੇ ਕਿਹਾ ਕਿ ਸੰਘੀ ਲਾਣੇ ਵੱਲੋਂ ਇਸ ਘਟਨਾ ਤੋਂ ਸਿਆਸੀ ਲਾਹਾ ਖੱਟਣ ਦੀਆਂ ਕਵਾਇਦਾਂ ਸ਼ੁਰੂ ਹੋ ਚੁੱਕੀਆਂ ਹਨ।
ਉਹਨਾਂ ਕਿਹਾ ਕਿ ਮੁਲਕ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਿਰਜਿਆ ਜਾ ਰਿਹਾ ਹਿੰਦੂ ਸ਼ਾਵਨਵਾਦੀ ਬਿਰਤਾਂਤ ਇਸ ਘਟਨਾ ਦੇ ਹਵਾਲੇ ਨਾਲ ਗੂੜ੍ਹਾ ਕੀਤਾ ਜਾ ਰਿਹਾ ਹੈ।ਮੁਸਲਿਮ ਅਤੇ ਕਸ਼ਮੀਰੀ ਭਾਈਚਾਰੇ ਖਿਲਾਫ ਕੂੜ ਪ੍ਰਚਾਰ ਦੀ ਹਨੇਰੀ ਚਲਾਈ ਜਾ ਰਹੀ ਹੈ। ਇਹਨਾਂ ਲੋਕਾਂ ਤੋਂ ਸਮੂਹਿਕ ਬਦਲਾ ਲੈਣ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਦੇਸ਼ ਵਿੱਚ ਵੱਖ-ਵੱਖ ਥਾਈ ਇਹਨਾ ਭਾਈਚਾਰਿਆਂ ਨਾਲ ਸੰਬੰਧਿਤ ਲੋਕਾਂ ਖਾਸ ਕਰ ਵਿਦਿਆਰਥੀਆਂ ਖਿਲਾਫ ਹਮਲਿਆਂ ਦੀਆਂ ਅਨੇਕਾਂ ਘਟਨਾਵਾਂ ਵਾਪਰੀਆਂ ਹਨ। ਇਹਨਾ ਘਟਨਾਵਾਂ ਨੂੰ ਭੜਕਾਉਣ ਦਾ ਮੰਤਵ ਦੇਸ਼ ਦੇ ਫਿਰਕੂ ਧਰੁਵੀਕਰਨ ਨੂੰ ਡੂੰਘਾ ਕਰਨਾ, ਹਿੰਦੂ ਰਾਸ਼ਟਰਵਾਦ ਨੂੰ ਹਵਾ ਦੇਣਾ ਅਤੇ ਇਸ ਰਾਹੀਂ ਵੋਟ ਲਾਹੇ ਬਟੋਰਨਾ ਹੈ। ਇਸ ਘਟਨਾ ਰਾਹੀਂ ਭੜਕਾਏ ਜਾ ਰਹੇ ਅੰਨ੍ਹੇ ਰਾਸ਼ਟਰਵਾਦ ਦੀ ਆੜ ਵਿੱਚ ਅਸਲ ਵਿੱਚ ਮੋਦੀ ਹਕੂਮਤ ਦੀ ਸਾਮਰਾਜ ਭਗਤੀ ਨੂੰ ਛੁਪਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।
ਆਗੂਆਂ ਨੇ ਇਸ ਘਟਨਾ ਨੂੰ ਆਧਾਰ ਬਣਾ ਕੇ ਸਮਾਜ ਵਿੱਚ ਫਿਰਕੂ ਵੰਡੀਆਂ ਪਾਉਣ ਦੀਆਂ ਕੋਸ਼ਿਸ਼ਾਂ ਨੂੰ ਤੁਰੰਤ ਬੰਦ ਕਰਨ, ਦੇਸ਼ ਭਰ ਅੰਦਰ ਕਸ਼ਮੀਰੀ ਅਤੇ ਮੁਸਲਿਮ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ,ਇਸ ਘਟਨਾ ਦੀ ਨਿਰਪੱਖ ਜਾਂਚ ਕਰਵਾਉਣ, ਸੁਰੱਖਿਆ ਮਜਬੂਤੀ ਦੇ ਨਾਂ ਹੇਠ ਕਸ਼ਮੀਰ ਅੰਦਰ ਸੁਰੱਖਿਆ ਬਲਾਂ ਦੀ ਸੰਘਣੀ ਤਾਇਨਾਤੀ ਅਤੇ ਅਫਸਪਾ,ਯੂਏਪੀਏ ਵਰਗੇ ਕਾਲੇ ਕਾਨੂੰਨ ਲਾਗੂ ਕਰਨਾ ਬੰਦ ਕਰਨ ਦੀ ਮੰਗ ਕੀਤੀ। ਆਗੂਆਂ ਨੇ ਇਸ ਘਟਨਾ ਦੇ ਪੀੜਤਾਂ ਨਾਲ ਹਮਦਰਦੀ ਸਾਂਝੀ ਕਰਦਿਆਂ ਸਭਨਾ ਲੋਕਾਂ ਨੂੰ ਦੇਸ਼ ਅੰਦਰ ਫ਼ਿਰਕੂ ਸਦਭਾਵਨਾ ਦੀ ਰਾਖੀ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ ਅਤੇ ਕਿਹਾ ਹੈ ਕਿ ਕਸ਼ਮੀਰੀ ਵਿਦਿਆਰਥੀਆਂ, ਮੁਸਲਿਮ ਭਾਈਚਾਰੇ ਤੇ ਹੋਰਨਾਂ ਲੋਕਾਂ ਦੀ ਸੁਰੱਖਿਆ ਦੀ ਸਮੂਹਿਕ ਜਾਮਨੀ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਨੇ ਲੋਕਾਂ ਨੂੰ ਲੋਕ ਦੋਖੀ ਤਾਕਤਾਂ ਦੀਆਂ ਅੰਨ੍ਹੇ ਕੌਮੀ ਜਨੂੰਨ ਅਤੇ ਫਿਰਕੂ ਵੰਡ ਪਾਊ ਕੋਸ਼ਿਸ਼ਾਂ ਖਿਲਾਫ ਡਟਣ ਦਾ ਸੱਦਾ ਦਿੱਤਾ ਹੈ।ਸਟੇਜ ਸਕੱਤਰ ਦੀ ਭੂਮਿਕਾ ਸੁਖਵਿੰਦਰ ਸਿੰਘ ਨੇ ਨਿਭਾਈ ਜਦੋਂ ਕਿ ਜਸਪਾਲ ਮਾਨਖੇੜਾ ਅਤੇ ਕਮਲ ਵੱਲੋਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।