Babushahi Special: ‘ਅੱਗਾ ਦੌੜ ਤੇ ਪਿੱਛਾ ਚੌੜ’ ਬਣਿਆ ਬਠਿੰਡਾ ਜ਼ਿਲ੍ਹੇ ਵਿੱਚ ਮੰਡੀਆਂ ਚੋਂ ਕਣਕ ਦੀ ਲਿਫਟਿੰਗ ਦਾ ਮਾਮਲਾ
ਅਸ਼ੋਕ ਵਰਮਾ
ਬਠਿੰਡਾ, 28 ਅਪਰੈਲ 2025: ਬਠਿੰਡਾ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ ਆਮਦ ਨੇ ਰਿਕਾਰਡ ਤੋੜ ਦਿੱਤੇ ਹਨ ਜਦੋਂਕਿ ਚੁਕਾਈ ਦਾ ਕੰਮ ਕੀੜੀ ਚਾਲ ਵੀ ਨਹੀਂ ਚੱਲ ਰਿਹਾ ਹੈ ਜਿਸ ਕਰਕੇ ਖਰੀਦ ਕੇਂਦਰਾਂ ’ਚ ਬੋਰੀਆਂ ਦੇ ਅੰਬਾਰ ਲੱਗ ਗਏ ਹਨ। ਰੌਚਕ ਪਹਿਲੂ ਇਹ ਵੀ ਹੈ ਕਿ ਜਿਸ ਤਰਾਂ ਦੀ ਨਜ਼ਰੇ ਮਿਹਰ ਪ੍ਰਸ਼ਾਸ਼ਨ ਦੀ ਹੈ ਉਸ ਮੁਤਾਬਕ ਫਿਲਹਾਲ ਇਸ ਸਮੱਸਿਆ ਦਾ ਕੋਈ ਹੱਲ ਹੁੰਦਾ ਵੀ ਦਿਖਾਈ ਨਹੀਂ ਦਿੰਦਾ ਹੈ। ਜਦੋਂ ਮੰਡੀਆਂ ’ਚ ਹੋਰ ਕਣਕ ਲਾਹੁਣ ਲਈ ਥਾਂ ਨਹੀਂ ਬਚੀ ਹੈ ਤਾਂ ਮਜਬੂਰੀ ਵੱਸ ਕਿਸਾਨਾਂ ਨੇ ਫਸਲ ਘਰਾਂ ਵਿੱਚ ਢੇਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦਾ ਮਹੱਤਵਪੂਰਨ ਤੱਥ ਹੈ ਕਿ ਜਿਲ੍ਹਾ ਪ੍ਰਸ਼ਾਸ਼ਨ ਪ੍ਰੈਸ ਨੋਟ ਜਾਰੀ ਕਰਨ ਤੱਕ ਹੀ ਸੀਮਤ ਹੋਕੇ ਰਹਿ ਗਿਆ ਹੈ ਜਿਸ ਰਾਹੀਂ ਸਭ ਅੱਛਾ ਕਰਾਰ ਦਿੱਤਾ ਜਾ ਰਿਹਾ ਹੈ ਜਦੋਂਕਿ ਕਿਸਾਨ ਖੁਦ ਨੂੰ ਫਸਿਆ ਮਹਿਸੂਸ ਕਰ ਰਹੇ ਹਨ।
ਬਠਿੰਡਾ ਜਿਲ੍ਹੇ ਦੇ ਖ਼ਰੀਦ ਕੇਂਦਰਾਂ ਵਿੱਚ ਇਸ ਵੇਲੇ ਨੀਲੀ ਛੱਤ ਹੇਠਾਂ ਪਏ ਲੱਖਾਂ ਦੀ ਗਿਣਤੀ ਵਿੱਚ ਗੱਟੇ ਚੁਕਾਈ ਦੇ ਇੰਤਜ਼ਾਰ ’ਚ ਹਨ। ਉੱਪਰੋਂ ਮੌਸਮ ਵਿਭਾਗ ਦੀਆਂ ਪੇਸ਼ੀਨਗੋਈਆਂ ਨੇ ਕਿਸਾਨਾਂ ਤੇ ਆੜ੍ਹਤੀਆਂ ਦੇ ਸਾਹ ਸੁਕਾ ਦਿੱਤੇ ਹਨ। ਜਾਣਕਾਰੀ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਖ਼ਰੀਦ ਕੇਂਦਰਾਂ ਵਿੱਚ 27 ਅਪ੍ਰੈਲ ਤੱਕ 6 ਲੱਖ 68 ਹਜਾਰ 401 ਮੀਟਰਕ ਟਨ ਜਿਣਸ ਆ ਚੁੱਕੀ ਹੈ। ਇਸ ਸਮੁੱਚੀ ਆਮਦ ਵਿੱਚੋਂ 6 ਲੱਖ 8 ਹਜਾਰ 40 ਮੀਟਰਕ ਟਨ ਕਣਕ ਨੂੰ ਖਰੀਦਿਆ ਜਾ ਚੁੱਕਿਆ ਹੈ। ਸੂਤਰ ਦੱਸਦੇ ਹਨ ਕਿ ਪੂਰਾ ਜੋਰ ਲਾਉਣ ਤੋਂ ਬਾਅਦ ਮਸਾਂ ਢਾਈ ਲੱਖ ਮੀਟਰਿਕ ਟਨ ਕਣਕ ਨੂੰ ਚੁੱਕਿਆ ਜਾ ਸਕਿਆ ਹੈ। ਜੇਕਰ 50 ਕਿੱਲੋ ਦੇ ਗੱਟਿਆਂ ਨਾਲ ਹਿਸਾਬ ਲਾਈਏ ਤਾਂ ਇਹ 50 ਲੱਖ ਤੋਂ ਵੱਧ ਬੋਰੀਆਂ ਬਣਦੀਆਂ ਹਨ ਜਿੰਨ੍ਹਾਂ ਨੂੰ ਚੁਕਾਈ ਦਾ ਇੰਤਜਾਰ ਹੈ । ਆਟਾ ਦਾਲ ਸਕੀਮ ਤਹਿਤ ਭਰੇ ਜਾ ਰਹੇ 30 ਕਿੱਲੋ ਦੇ ਗੱਟੇ ਗਿਣੀਏ ਤਾਂ ਇਹ ਅੰਕੜਾ ਕਿਤੇ ਜਿਆਦਾ ਬਣਦਾ ਹੈ।
ਕਿਸਾਨ ਆਖਦੇ ਹਨ ਕਿ ਕਣਕ ਦੀ ਇਕੱਠੀ ਕਟਾਈ ਸ਼ੁਰੂ ਹੋਈ ਅਤੇ ਇਕਦਮ ਫਸਲ ਮੰਡੀਆਂ ’ਚ ਆ ਗਈ ਹੈ ਪਰ ਪ੍ਰਬੰਧ ਉਸ ਹਿਸਾਬ ਨਾਲ ਵਧਾਏ ਨਹੀਂ ਗਏ ਹਨ। ਵੱਡੀ ਗੱਲ ਹੈ ਕਿ ਕਿਸਾਨਾਂ ਧਿਰਾਂ ਦੇ ਡਰ ਕਾਰਨ ਵੱਡੇ ਅਫਸਰ ਮੰਡੀਆਂ ’ਚ ਜਾਣ ਤੋਂ ਪਾਸਾ ਵੱਟ ਰਹੇ ਹਨ ਜਿਸ ਦਾ ਸਿੱਟਾ ਕਿਸਾਨਾਂ ਦੇ ਰੁਲਣ ਦੇ ਰੂਪ ’ਚ ਨਿੱਕਲ ਰਿਹਾ ਹੈ। ਪਤਾ ਲੱਗਿਆ ਹੈ ਕਿ ਜਿਲ੍ਹੇ ਦਾ ਇੱਕਵੀ ਖਰੀਦ ਕੇਂਦਰ ਅਜਿਹਾ ਨਹੀਂ ਹੈ ਜਿੱਥੇ ਲਿਫਟਿੰਗ ਦੇ ਇੰਤਜਾਮ ਲੀਹ ਤੇ ਚੱਲ ਰਹੇ ਹੋਣ। ਬਠਿੰਡਾ ਦੀ ਮੁੱਖ ਅਨਾਜ ਮੰਡੀ ਵਿੱਚ ਬੈਠੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਕਣਕ ਦੀ ਖਰੀਦ ਕਰਨ ਲਈ ਤਾਂ ਕਾਹਲੀ ਪਈ ਹੋਈ ਹੈ ਪਰ ਚੁੱਕਣ ਵਿੱਚ ਕੋਈ ਦਿਲਚਸਪੀ ਨਹੀਂ ਹੈ ਜੋ ਸਮੱਸਿਆ ਦੀ ਜੜ ਹੈ। ਕਿਸਾਨਾਂ ਨੇ ਦੱਸਿਆ ਕਿ ਸਰਕਾਰ ਵੱਡੇ ਵੱਡੇ ਦਮਗਜੇ ਮਾਰ ਰਹੀ ਹੈ ਪਰ ਸੰਕਟ ਹੱਲ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ।
ਬਠਿੰਡਾ ਦੀ ਅਨਾਜ ਮੰਡੀ ਚੋਂ ਗੁਦਾਮਾਂ ਵਿੱਚ ਲਿਜਾਣ ਲਈ ਕਣਕ ਦੇ ਗੱਟਿਆਂ ਨਾਲ ਟਰਾਲੀ ਭਰ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਟੋਲੀ ਦਾ ਕਹਿਣਾ ਸੀ ਕਿ ਇਸ ਵਾਰ ਲੇਬਰ ਦੀ ਘਾਟ ਵੀ ਸੰਕਟ ਦਾ ਕਾਰਨ ਬਣੀ ਹੈ। ਉਨ੍ਹਾਂ ਕਿਹਾ ਕਿ ਜੋ ਮਜ਼ਦੂਰੀ ਸਰਕਾਰ ਦੇ ਰਹੀ ਹੈ ਉਹ ਬਹੁਤ ਘੱਟ ਹੈ ਜਿਸ ਕਰਕੇ ਪ੍ਰਵਾਸੀ ਮਜ਼ਦੂਰਾਂ ਨੇ ਐਤਕੀਂ ਪੰਜਾਬ ਦਾ ਰੁੱਖ ਨਹੀਂ ਕੀਤਾ ਹੈ। ਖਰੀਦ ਕੇਂਦਰਾਂ ’ਚ ਕਣਕ ਦੀ ਬੇਕਦਰੀ ਨੂੰ ਦੇਖਦਿਆਂ ਕਿਸਾਨ ਧਿਰਾਂ ਨੇ ਹੱਲਾ ਬੋਲਣ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹੈ। ਅਜਿਹੀ ਸਥਿਤੀ ਕਾਰਨ ਖਰੀਦ ਅਧਿਕਾਰੀ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੇੇ ਹਨ। ਸਟਾਫ ਨੇ ਅੱਜ ਮੰਨਿਆ ਕਿ ਉਨ੍ਹਾਂ ਨੂੰ ਪ੍ਰਸ਼ਾਸ਼ਨ ਦੇ ਦਬਾਅ ਹੇਠ ਖਰੀਦ ਕਰਨੀ ਪੈ ਰਹੀ ਹੈ ਪਰ ਕਣਕ ਦੀ ਚੁਕਾਈ ਦੀ ਰਫਤਾਰ ਬਿਲਕੁਲ ਮੱਠੀ ਹੈ। ਕਿਸਾਨ ਜਰਨੈਲ ਸਿੰਘ ਦਾ ਕਹਿਣਾ ਸੀ ਕਿ ਸਰਕਾਰ ਦਾਅਵੇ ਕਰਦੀ ਹੈ ਪਰ ਦਾਅਵਿਆਂ ਤੇ ਖਰਾ ਨਹੀਂ ਉੱਤਰਦੀ ਹੈ।
ਸਰਕਾਰੀ ਪ੍ਰੈਸ ਨੋਟ ਦਾ ਸਾਰ ਅੰਸ਼
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ 1250.14 ਕਰੋੜ ਰੁਪਏ ਕਣਕ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਬਠਿੰਡਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਨਿਰਵਿਘਨ ਜਾਰੀ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਚੱਲ ਰਹੀ ਕਣਕ ਦੀ ਖਰੀਦ ਅਤੇ ਲਿਫਟਿੰਗ ਦੇ ਮੱਦੇਨਜ਼ਰ ਅਧਿਕਾਰੀਆਂ ਨੂੰ ਹੋਰ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਸਾਨਾਂ ਲਈ ਮੰਡੀਆਂ ਵਿਚ ਪੀਣ ਵਾਲੇ ਪਾਣੀ, ਸਾਫ-ਸਫਾਈ ਤੇ ਹੋਰ ਲੋੜੀਂਦੇ ਪ੍ਰਬੰਧ ਕਰਨ ਲਈ ਆਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਕਣਕ ਦੀ ਖਰੀਦ ਦੌਰਾਨ ਕਿਸੇ ਤਰ੍ਹਾਂ ਦੀ ਢਿੱਲ-ਮੱਠ ਜਾਂ ਅਣਗਹਿਲੀ ਬਰਦਾਸਤ ਨਹੀਂ ਕੀਤੀ ਜਾਵੇਗੀ।
ਖੇਤੀ ਫੇਲ੍ਹ ਕਰਨ ਵਾਲੀਆਂ ਨੀਤੀਆਂ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਅਸਲ ਵਿੱਚ ਇਹ ਖੇਤੀ ਖੇਤਰ ਨੂੰ ਫੇਲ੍ਹ ਕਰਨ ਵਾਲੀਆਂ ਨੀਤੀਆਂ ਦਾ ਹਿੱਸਾ ਹੈ ਤਾਂ ਜੋ ਕਾਰਪੋਰੇਟ ਘਰਾਣਿਆਂ ਨੂੰ ਜਮੀਨਾਂ ਦੇ ਮਾਲਕ ਬਣਾਇਆ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਹਮਾਇਤੀ ਹੋਣ ਦਾ ਦਾਅਵਾ ਕਰਦੀ ਹੈ ਤਾਂ ਫਿਰ ਮੁਕੰਮਲ ਪ੍ਰਬੰਧ ਕਿਓਂ ਨਹੀਂ ਕੀਤੇ ਜੋਕਿ ਹਕੂਮਤ ਦੀ ਜਿੰਮੇਵਾਰੀ ਹਨ। ਉਨ੍ਹਾਂ ਕਿਸਾਨਾਂ ਨੂੰ ਸਰਕਾਰੀ ਨੀਤੀਆਂ ਖਿਲਾਫ ਅਵਾਜ਼ ਚੁੱਕਣ ਦਾ ਸੱਦਾ ਵੀ ਦਿੱਤਾ।