ਕੰਪਿਊਟਰ ਅਧਿਆਪਕਾਂ ਵੱਲੋਂ ਹਾਕਮ ਧਿਰ ਨੂੰ ਲੁਧਿਆਣਾ ਵਿੱਚ ਸਿਆਸੀ ਸੱਟ ਮਾਰਨ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 26 ਅਪ੍ਰੈਲ 2025 : ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਪੰਜਾਬ ਨੇ ਐਲਾਨ ਕੀਤਾ ਹੈ ਕਿ ਕੰਪਿਊਟਰ ਅਧਿਆਪਕਾਂ ਨਾਲ ਪੰਜਾਬ ਸਰਕਾਰ ਵੱਲੋਂ ਕੀਤੀਆਂ ਵਾਅਦਾਖਿਲਾਫੀਆਂ ਅਤੇ ਬੇਵਫਾਈਆਂ ਖਿਲਾਫ ਲੁਧਿਆਣਾ ਪੱਛਮੀ ਹਲਕੇ ਦੀ ਜਿਮਨੀ ਚੋਣ ਦੇ ਮੱਦੇਨਜ਼ਰ ਹਾਕਮ ਧਿਰ ਆਮ ਆਦਮੀ ਪਾਰਟੀ ਨੂੰ ਸਿਆਸੀ ਸੱਟ ਮਾਰਨ ਲਈ 1 ਮਈ ਨੂੰ ਰੋਸ ਮਾਰਚ ਕਰਨਗੇ। ਇਸ ਸਬੰਧੀ ਅੰਜ ਜੱਥੇਬੰਦੀ ਨੇ ਅਧਿਆਪਕ ਆਗੂ ਗੁਰਬਖਸ਼ ਲਾਲ ਦੀ ਅਗਵਾਈ ਹੇਠ ਕੀਤੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਹੈ। ਕੰਪਿਊਟਰ ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੇ ਹਾਮੀ ਹਨ ਅਤੇ ਇਸ ਰਾਹ ਪੈਣਾ ਨਹੀਂ ਚਾਹੁੰਦੇ ਸਨ ਪਰ ਸਰਕਾਰ ਦੀ ਟਾਲਮੋਟਲ ਵਾਲੀ ਨੀਤੀ ਨੇ ਉਨ੍ਹਾਂ ਨੂੰ ਸੜਕਾਂ ਤੇ ਉੱਤਰਨ ਲਈ ਮਜਬੂਰ ਕੀਤਾ ਹੈ।
ਕੰਪਿਊਟਰ ਅਧਿਆਪਕ ਆਗੂ ਜੋਨੀ ਸਿੰਗਲਾ, ਸ਼ੈਫੀ ਗੋਇਲ, ਸੁਮੀਤ ਗੋਇਲ, ਕਮਲਜੀਤ ਸਿੰਘ, ਉਮੇਸ਼ ਕੁਮਾਰ, ਹਰਜੀਵਨ ਸਿੰਘ, ਅੰਸ਼ੂਮਨ ਕਾਂਸਲ, ਨਵਪ੍ਰੀਤ ਸਿੰਘ, ਸੁਮਨਜੀਤ ਬਰਾੜ ਅਤੇ ਰਾਜਿੰਦਰ ਕੁਮਾਰ ਆਦਿ ਨੇ ਦੱਸਿਆ ਕਿ 20 ਸਾਲਾਂ ਦੀ ਨੌਕਰੀ ਪੂਰੀ ਹੋਣ ਦੇ ਬਾਵਜੂਦ 6640 ਕੰਪਿਊਟਰ ਅਧਿਆਪਕ ਅੱਜ ਵੀ ਆਪਣੇ ਜਾਇਜ ਹੱਕਾਂ ਤੋਂ ਵਾਂਝੇ ਹਨ ਅਤੇ ਉਹ ਵਿੱਤ ਅਤੇ ਸਿੱਖਿਆ ਵਿਭਾਗ ਵਿਚਕਾਰ ਪਿਸ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਕੰਪਿਊਟਰ ਅਧਿਆਪਕ ਪਿਛਲੇ ਲੰਬੇ ਸਮੇਂ ਤੋਂ ਆਪ ਸੁਪਰੀਮੋ ਵੱਲੋ ਚੋਣ ਮੈਨੀਫੇਸਟੋ ਵਿੱਚ ਕੀਤੇ ਐਲਾਨ ਅਤੇ 15 ਸਤੰਬਰ 2022 ਨੂੰ ਸਿੱਖਿਆ ਮੰਤਰੀ ਵੱਲੋ ਕੀਤੇ ਅਧਿਕਾਰਤ ਵਾਅਦੇ ਨੂੰ ਪੂਰਾ ਕਰਵਾਉਣ ਦੀ ਲੜਾਈ ਲੜ ਰਹੇ ਹਨ ਪਰ ਅੱਜ ਤੱਕ ਸਰਕਾਰ ਨੇ ਨਾ ਤਾਂ ਕੰਪਿਊਟਰ ਅਧਿਆਪਕਾਂ ਤੇ ਬਾਕੀ ਮੁਲਾਜਮਾਂ ਵਾਂਗ ਪੰਜਾਬ ਸਿਵਲ ਸਰਵਿਸ ਰੂਲਜ਼ ਲਾਗੂ ਕੀਤੇ ਅਤੇ ਨਾ ਛੇਵਾ ਪੇਅ ਕਮਿਸ਼ਨ ਲਾਗੂ ਕੀਤਾ ਹੈ।
ਉਹਨਾਂ ਕਿਹਾ ਕਿ ਕਿੱਡੀ ਸਿਤਮਜ਼ਰੀਫੀ ਹੈ ਕਿ ਖੁਦ ਨੂੰ ਆਮ ਆਦਮੀ ਦੀ ਸਰਕਾਰ ਆਖਵਾਉਣ ਵਾਲੀ ਪੰਜਾਬ ਸਰਕਾਰ ਨੇ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ 106 ਕੰਪਿਊਟਰ ਅਧਿਆਪਕਾਂ ਦੇ ਪਰਿਵਾਰਾਂ ਨੂੰ ਕੋਈ ਵਿੱਤੀ ਲਾਭ ਵੀ ਨਹੀਂ ਦਿੱਤਾ ਹੈ। ਸਰਕਾਰ ਵੱਲੋਂ ਲਿਆ ਕਿ ‘ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਦਾ ਫੈਸਲਾ ’ ਵੀ ਅਫਸਰਸ਼ਾਹੀ ਦੇ ਦਬਾਅ ਹੇਠ ਲਾਗੂ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਅੜਿਅਲ ਅਤੇ ਬੇਰੁਖੀ ਵਾਲੇ ਰਵੱਈਏ ਅਤੇ ਸਿੱਖਿਆ ਮੰਤਰੀ ਪੰਜਾਬ ਦੇ 15 ਸਤੰਬਰ ਦੇ ਕੀਤੇ ਐਲਾਨ ਤੋਂ ਲਗਾਤਾਰ ਭੱਜਣ ਕਰਕੇ ਸੰਘਰਸ਼ ਕਮੇਟੀ ਵੱਲੋਂ 1 ਮਈ ਨੂੰ ਲੁਧਿਆਣਾ ਵਿਖੇ ਸੂਬਾਈ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਰੈਲੀ ਵਿੱਚ ਪੰਜਾਬ ਦੇ ਕੰਪਿਊਟਰ ਅਧਿਆਪਕ ਆਪਣੇ ਪਰਿਵਾਰਾਂ ਸਮੇਤ ਆਪਣੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰਨਗੇ ਅਤੇ ਡੀਸੀ ਦਫਤਰ ਲੁਧਿਆਣਾ ਤੋਂ ਵਿਧਾਇਕ ਦੇ ਉਮੀਦਵਾਰ ਸੰਜੀਵ ਕੁਮਾਰ ਅਰੋੜਾ ਦੇ ਦਫਤਰ ਤੱਕ ਰੋਸ ਮਾਰਚ ਕੀਤਾ ਜਾਏਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਭਰਾਤਰੀ ਅਧਿਆਪਕ ਜੱਥੇਬੰਦੀਆਂ, ਮੁਲਾਜ਼ਮ ਫੈਡਰੇਸ਼ਨਾਂ, ਵਿਦਿਆਰਥੀ ਜੱਥੇਬੰਦੀਆਂ, ਸਮੂਹ ਕਿਸਾਨ ਤੇ ਮਜ਼ਦੂਰਾਂ ਅਤੇ ਜਨਤਕ ਜੱਥੇਬੰਦੀਆਂ ਵੱਡੀ ਗਿਣਤੀ ਵਿਚ ਸ਼ਿਰਕਤ ਕਰਨਗੀਆਂ। ਉਨ੍ਹਾਂ ਸਾਫ ਕੀਤਾ ਕਿ ਜੇਕਰ ਸਮਾਂ ਰਹਿੰਦੇ ਕੰਪਿਊਟਰ ਅਧਿਆਪਕਾਂ ਦੇ ਹੱਕ ਬਹਾਲ ਨਾ ਕੀਤੇ ਗਏ ਤਾਂ ਉਹ ਸੰਘਰਸ਼ ਨੂੰ ਹੋਰ ਤੇਜ ਕਰ ਦੇਣਗੇ ਜਿਸ ਦੀ ਜਿੰਮੇਵਾਰੀ ਸੂਬਾ ਸਰਕਾਰ ਅਤੇ ਸਬੰਧਿਤ ਵਿਭਾਗ ਦੀ ਹੋਵੇਗੀ।