ਜਲਾਲਾਬਾਦ ਹਲਕੇ ਵਿੱਚ ਮਾਨ ਸਰਕਾਰ ਨੇ ਖਰਚੇ 47.89 ਕਰੋੜ ਰੁਪਏ : ਵਿਧਾਇਕ ਜਗਦੀਪ ਕੰਬੋਜ ਗੋਲਡੀ
-ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਪ੍ਰੈਸ ਕਾਨਫਰੰਸ ਕਰਕੇ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਦਾ ਦਿੱਤਾ ਵੇਰਵਾ
ਜਲਾਲਾਬਾਦ 31 ਮਾਰਚ
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਸੁਧਾਰਾਂ ਲਈ ਵਿੱਢੇ ਵੱਡੇ ਉਪਰਾਲਿਆਂ ਦੀ ਲੜੀ ਤਹਿਤ ਜਲਾਲਾਬਾਦ ਵਿਧਾਨ ਸਭਾ ਹਲਕੇ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ 47 ਕਰੋੜ 89 ਲੱਖ 7 ਹਜਾਰ 923 ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਹਲਕੇ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਿੱਤੀ ।
ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਖੇਤਰ ਨੂੰ ਤਰਜੀਹੀ ਖੇਤਰ ਮੰਨਦਿਆਂ ਇਹਨਾਂ ਦੇ ਵਿੱਚ ਸੁਧਾਰ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ । ਉਹਨਾਂ ਨੇ ਕਿਹਾ ਕਿ ਇਸੇ ਲੜੀ ਤਹਿਤ ਸਿੱਖਿਆ ਸਹੂਲਤਾਂ ਨੂੰ ਹੋਰ ਉੱਚਾ ਚੁੱਕਣ ਅਤੇ ਲੋਕਾਂ ਨੂੰ ਮਿਆਰੀ ਸਿੱਖਿਆ ਮੁਹਈਆ ਕਰਵਾਉਣ ਦੇ ਉਦੇਸ਼ ਨਾਲ ਜਿੱਥੇ ਹਲਕੇ ਵਿੱਚ ਦੋ ਸਕੂਲ ਆਫ ਐਮੀਨੈਂਸ ਕਰਮਵਾਰ ਜਲਾਲਾਬਾਦ ਅਤੇ ਅਰਨੀਵਾਲਾ ਵਿਖੇ ਬਣਾਏ ਗਏ ਹਨ ਉੱਥੇ ਹੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਤੇ ਵੱਡੀਆਂ ਰਕਮਾਂ ਖਰਚ ਕੀਤੀਆਂ ਗਈਆਂ ਹਨ।
ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਇਸ ਸਬੰਧੀ ਵਿਸਥਾਰਤ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਉਨਾਂ ਦੇ ਹਲਕੇ ਵਿੱਚ ਕੁੱਲ 232 ਸਰਕਾਰੀ ਸਕੂਲ ਹਨ ਜਿਨਾਂ ਵਿੱਚੋਂ 166 ਪ੍ਰਾਇਮਰੀ ਸਕੂਲ, 25 ਮਿਡਲ ਸਕੂਲ, 14 ਹਾਈ ਸਕੂਲ ਅਤੇ 27 ਸੀਨੀਅਰ ਸੈਕੰਡਰੀ ਸਕੂਲ ਹਨ। ਵਿਧਾਇਕ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਵਿੱਚ 177 ਹੋਰ ਨਵੇਂ ਕਲਾਸ ਰੂਮ ਬਣਾਉਣ ਲਈ 12 ਕਰੋੜ 32 ਲੱਖ 58 ਹਜਾਰ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਇਸੇ ਤਰ੍ਹਾਂ ਸਮਾਰਟ ਟੀਵੀ ਪੈਨਲ ਵੀ 177 ਲਗਾਏ ਗਏ ਹਨ ਅਤੇ ਇਹਨਾਂ ਤੇ ਇੱਕ ਕਰੋੜ 15 ਲੱਖ 5 ਹਜਾਰ ਰੁਪਏ ਦੀ ਗਰਾਂਟ ਖਰਚ ਕੀਤੀ ਗਈ ਹੈ। 20 ਸਕੂਲਾਂ ਵਿੱਚ ਨਵੀਆਂ ਲੈਬੋਟਰੀਆਂ ਬਣਾਈਆਂ ਗਈਆਂ ਹਨ ਜਿਸ ਤੇ 2 ਕਰੋੜ 38 ਲੱਖ 35 ਹਜਾਰ ਰੁਪਏ ਦੀ ਗਰਾਂਟ ਖਰਚ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਹੈ ਕਿ ਵੱਡੇ ਪੱਧਰ ਤੇ ਚਾਰ ਦੁਆਰੀਆਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਹਲਕੇ ਵਿੱਚ ਲਗਭਗ 10 ਕਿਲੋਮੀਟਰ ਲੰਬੀ ਸਕੂਲਾਂ ਦੀ ਚਾਰ ਦਵਾਰੀ ਬਣਾਈ ਗਈ ਹੈ। ਉਨਾਂ ਨੇ ਇਸ ਦੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ 4586 ਮੀਟਰ ਨਵੀਂ ਚਾਰ ਦੁਆਰੀ ਬਣਾਈ ਗਈ ਹੈ ਜਿਸ ਤੇ ਦੋ ਕਰੋੜ 29 ਲੱਖ 30 ਹਜਾਰ ਰੁਪਏ ਦਾ ਖਰਚ ਆਇਆ ਹੈ ਜਦਕਿ 5756 ਮੀਟਰ ਪੁਰਾਣੀ ਚਾਰ ਦੁਆਰੀ ਦੀ ਮੁਰੰਮਤ ਕੀਤੀ ਗਈ ਹੈ ਜਿਸ ਤੇ ਇੱਕ ਕਰੋੜ 15 ਲੱਖ 12 ਹਜਾਰ ਰੁਪਏ ਦਾ ਖਰਚ ਆਇਆ ਹੈ। ਇਸੇ ਤਰ੍ਹਾਂ ਖੇਡ ਮੈਦਾਨਾਂ ਤੇ 4 ਲਖ 80 ਹਜਾਰ ਰੁਪਏ ਖਰਚ ਕੀਤੇ ਗਏ ਹਨ।
ਜਲਾਲਾਬਾਦ ਦੇ ਸਕੂਲ ਆਫ ਐਮੀਨੈਂਸ ਨੂੰ ਦੋ ਕਰੋੜ 92 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਹੈ ਜਦੋਂ ਕਿ ਅਰਨੀਵਾਲਾ ਦੇ ਸਕੂਲ ਆਫ ਐਮੀਨੈਂਸ ਵਿੱਚ 99 ਲੱਖ ਰੁਪਏ ਖਰਚੇ ਗਏ ਹਨ ਹਨ। ਸਕੂਲ ਆਫ ਹੈਪੀਨਸ (ਪ੍ਰਾਇਮਰੀ) ਲਈ ਇਕ ਕਰੋੜ 21 ਲੱਖ 20 ਹਜਾਰ ਅਤੇ ਸੈਕੰਡਰੀ ਲਈ ਦੋ ਕਰੋੜ 50 ਲੱਖ ਰੁਪਏ ਖਰਚ ਕੀਤੇ ਗਏ ਹਨ। ਇਸ ਤੋਂ ਬਿਨਾਂ 50 ਲੱਖ 18 ਹਜਾਰ 300 ਦੀ ਗਰਾਂਟ ਸਕੂਲਾਂ ਵਿੱਚ ਮੇਜਰ ਰਿਪੇਅਰ ਲਈ ਅਤੇ 3 ਕਰੋੜ 33 ਲੱਖ 52 ਹਜਾਰ ਰੁਪਏ ਦੀ ਗਰਾਂਟ ਮਾਈਨਰ ਰਿਪੇਅਰ ਲਈ ਦਿੱਤੀ ਗਈ ਹੈ। ਇਸੇ ਤਰ੍ਹਾਂ ਸਕੂਲ ਕੰਪੋਜਿਟ ਗਰਾਂਟ ਦੇ ਤਹਿਤ ਸਕੂਲਾਂ ਨੂੰ 2 ਕਰੋੜ 34 ਲੱਖ 32 ਹਜਾਰ ਰੁਪਏ ਅਤੇ ਸਕੂਲ ਗਰਾਂਟ ਦੇ ਤਹਿਤ 52 ਲੱਖ 20 ਹਜਾਰ ਰੁਪਏ ਜਾਰੀ ਕੀਤੇ ਗਏ ਹਨ। ਲਾਈਬ੍ਰੇਰੀ ਬਣਾਉਣ ਲਈ 58 ਲੱਖ 75 ਹਜਾਰ ਰੁਪਏ ਅਤੇ ਐਨਐਸ ਕਿਉ ਐਫ ਗਰਾਂਟ ਦੇ ਤਹਿਤ ਇਕ ਕਰੋੜ 13 ਲੱਖ 90 ਹਜਾਰ 225 ਰੁਪਏ ਜਾਰੀ ਕੀਤੇ ਗਏ ਹਨ। ਇਸ ਤੋਂ ਬਿਨਾਂ ਹੋਰ ਵੱਖ-ਵੱਖ ਮੱਦਾਂ ਦੇ ਅਧੀਨ ਹਲਕੇ ਦੇ ਸਕੂਲਾਂ ਵਿੱਚ 12 ਕਰੋੜ 48 ਲੱਖ 80 ਹਜਾਰ 313 ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਗਈਆਂ ਹਨ।
ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਸਾਡੇ ਸਰਕਾਰੀ ਸਕੂਲ ਸਭ ਤੋਂ ਬਿਹਤਰ ਹੋਣ ਅਤੇ ਇੱਥੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਸਹੂਲਤ ਮਿਲੇ ਇਸ ਲਈ ਸਰਕਾਰ ਵੱਲੋਂ ਅਧਿਆਪਕਾਂ ਨੂੰ ਵੀ ਦੇਸ਼ ਵਿਦੇਸ਼ ਤੋਂ ਟ੍ਰੇਨਿੰਗ ਦਵਾਈ ਜਾ ਰਹੀ ਹੈ। ਉਨ ਨੇ ਇਸ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ ਹਰਜੋਤ ਸਿੰਘ ਬੈਂਸ ਦਾ ਵੀ ਹਲਕੇ ਦੇ ਲੋਕਾਂ ਵੱਲੋਂ ਧੰਨਵਾਦ ਕੀਤਾ ਜਿਨਾਂ ਨੇ ਹਲਕੇ ਦੇ ਵਿਕਾਸ ਲਈ ਵੱਡੇ ਪੱਧਰ ਤੇ ਗਰਾਂਟਾਂ ਜਾਰੀ ਕੀਤੀਆਂ ਹਨ।