ਗੱਲਬਾਤ ਕਰਦੇ ਹੋਏ ਏ ਡੀ ਸੀ ਸੁਰਿੰਦਰ ਧਾਲੀਵਾਲ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 01 ਅਪ੍ਰੈਲ :ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਧੀਨ ਆਉਂਦੀ ਕੱਚੇ ਮਕਾਨਾਂ ਨੂੰ ਪੱਕੇ ਕਰਨ ਦੀ ਸਕੀਮ ਪੀ.ਐਮ. ਆਵਾਸ ਯੋਜਨਾ (ਗ੍ਰਾਮੀਣ) ਅਧੀਨ ਨਵੇਂ ਲਾਭਪਾਤਰੀਆਂ ਦੀ ਸ਼ਨਾਖਤ ਕਰਨ ਲਈ ਮੋਬਾਇਲ ਐਪ ਆਵਾਸ ਪਲੱਸ-2024 ਨੂੰ 30 ਅਪ੍ਰੈਲ ਤੱਕ ਖੋਲਿਆ ਗਿਆ ਹੈ , ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀ ਸੁਰਿੰਦਰ ਸਿੰਘ ਧਾਲੀਵਾਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਸਕੀਮ ਦਾ ਲਾਭ ਲੈਣ ਦੇ ਮੰਤਵ ਨਾਲ ਇਸ ਐਪ ਤੇ ਯੋਗ ਲਾਭਪਾਤਰੀਆਂ ਦੀਆਂ ਐਂਟਰੀਆਂ ਘਰ-ਘਰ ਜਾ ਕੇ ਕਰਨ ਲਈ ਬਲਾਕ ਪੱਧਰ ਤੋਂ ਹਰੇਕ ਪਿੰਡ ਲਈ ਵੱਖ-ਵੱਖ ਸਰਵੇਅਰ ਲਗਾਏ ਗਏ ਹਨ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਇਸ ਸਕੀਮ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ
ਸ. ਧਾਲੀਵਾਲ ਨੇ ਦੱਸਿਆ ਕਿ ਮੋਬਾਇਲ ਐਪ ਆਵਾਸ ਪਲੱਸ-2024 ਅਤੇ ਆਧਾਰ ਫੇਸ ਆਰ.ਡੀ. ਪਲੇਅ ਸਟੋਰ ਤੇ ਉਪਲਬਧ ਹੈ , ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਆਵਾਸ ਪਲੱਸ-2024 ਐਪ ਤੇ ਸੈਲਫ ਸਰਵੇ ਦੀ ਵਿਵਸਥਾ ਵੀ ਦਿੱਤੀ ਗਈ ਹੈ , ਇਸ ਲਈ ਜੇਕਰ ਕੋਈ ਯੋਗ ਲਾਭਪਾਤਰੀ ਆਪਦੇ ਆਪ ਹੀ ਆਪਣੀ ਰਜਿਸਟਰੇਸ਼ਨ ਇਸ ਐਪ ਰਾਹੀਂ ਕਰਨਾ ਚਾਹੁੰਦਾ ਹੈ ਤਾਂ ਉਹ ਪਲੇਅ ਸਟੋਰ ਤੋਂ ਆਵਾਸ ਪਲੱਸ-2024 ਤੇ ਆਧਾਰ ਫੇਸ ਆਰ.ਡੀ. ਨੂੰ ਆਪਣੇ ਫੋਨ ਵਿੱਚ ਇੰਸਟਾਲ ਕਰਕੇ ਆਪਣਾ ਸੈਲਫ ਸਰਵੇ ਕਰ ਸਕਦਾ ਹੈ , ਉਨ੍ਹਾਂ ਦੱਸਿਆ ਕਿ ਹਰੇਕ ਪਿੰਡ ਲਈ ਲਗਾਏ ਗਏ ਸਰਵੇਅਰ ਦੀ ਜਾਣਕਾਰੀ ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦੇ ਦਫ਼ਤਰ ਤੋਂ ਜਾਂ ਸਬੰਧਤ ਪੰਚਾਇਤ ਦੇ ਮਗਨਰੇਗਾ ਸਕੀਮ ਦੇ ਜੀ.ਆਰ.ਐਸ. ਨਾਲ ਸੰਪਰਕ ਕਰਕੇ ਹਾਸਲ ਕੀਤੀ ਜਾ ਸਕਦੀ ਹੈ
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਲਗਭਗ 3081 ਲਾਭਪਾਤਰੀਆਂ ਦਾ ਅਸਿਸਟਡ ਸਰਵੇ ਅਤੇ 30 ਲਾਭਪਾਤਰੀਆਂ ਵੱਲੋਂ ਆਪਣਾ ਸਰਵੇ ਕੀਤਾ ਜਾ ਚੁੱਕਾ ਹੈ , ਉਨ੍ਹਾਂ ਦੱਸਿਆ ਕਿ ਇਸ ਮੋਬਾਇਲ ਐਪ ਤੇ ਰਜਿਸਟਰੇਸ਼ਨ ਮੁਫਤ ਹੋਣ ਕਰਕੇ ਲਾਭਪਾਤਰੀਆਂ ਪਾਸੋਂ ਕਿਸੇ ਕਿਸਮ ਦੀ ਕੋਈ ਫੀਸ ਨਹੀਂ ਲਈ ਜਾਂਦੀ , ਉਨ੍ਹਾਂ ਜ਼ਿਲ੍ਹੇ ਦੇ ਪਿੰਡਾਂ ਨਾਲ ਸਬੰਧਤ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ