ਇੱਕੋ ਰਾਤ ਤਿੰਨ ਵੱਡੀਆਂ ਚੋਰੀਆਂ
ਥਾਣੇ ਤੋਂ ਮਹਿਜ 200 ਮੀਟਰ ਦੂਰ ਮੈਡੀਕਲ ਸਟੋਰ ਤੇ ਦੋ ਸੁਨਿਆਰਿਆਂ ਦੀਆਂ ਦੁਕਾਨਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ,
ਲੱਖਾ ਦਾ ਸਮਾਨ ਅਤੇ ਨਕਦੀ ਚੋਰੀ
ਰੋਹਿਤ ਗੁਪਤਾ
ਗੁਰਦਾਸਪੁਰ , 31ਮਾਰਚ 2025 :
ਦੁਕਾਨਦਾਰਾ ਲਈ ਦਹਿਸ਼ਤ ਭਰੀ ਰਾਤ ਰਹੀ ਕਿਉਂਕਿ ਤਿੰਨ ਦੁਕਾਨਾਂ ਤੋੜ ਕੇ ਚੋਰਾਂ ਵੱਲੋਂ ਲੱਖਾਂ ਰੁਪਏ ਦੀ ਚੋਰੀ ਕੀਤੀ ਗਈ ਹੈ। ਦੋ ਦੁਕਾਨਾਂ ਸੁਨਿਆਰੇ ਦੀਆਂ ਤੇ ਇੱਕ ਮੈਡੀਕਲ ਸਟੋਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ।ਪੁਲਿਸ ਥਾਣਾ ਸਦਰ ਗੁਰਦਾਸਪੁਰ ਦੀ ਹੱਦ ਵਿੱਚ ਪੈਂਦੀਆਂ ਦੋ ਵੱਖ-ਵੱਖ ਦੁਕਾਨਾਂ ਅਤੇ ਥਾਨਾ ਸਿਟੀ ਦੀ ਹੱਦ ਵਿੱਚ ਇੱਕ ਦੁਕਾਨ ਤੇ ਚੋਰਾਂ ਵੱਲੋਂ ਇੱਕੋ ਰਾਤ ਚੋਰੀ ਦੀਆਂ ਤਿੰਨ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣੇ ਚੋਰੀ ਕੀਤੇ ਹਨ। ਹਰਦੋਛੰਨੀ ਰੋਡ ਤੇ ਸਥਿਤ ਬਾਈਪਾਸ ਚੌਂਕ ਵਿਖੇ ਸਿੱਧੂ ਮੈਡੀਕਲ ਸਟੋਰ ਤੋਂ ਚੋਰ 60 ਹਜ਼ਾਰ ਦੀ ਨਕਦੀ ਚੋਰੀ ਕਰਕੇ ਲੈ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਮੈਡੀਕਲ ਸਟੋਰ ਥਾਣਾ ਸਦਰ ਤੋਂ ਮਹਿਜ 200 ਮੀਟਰ ਦੀ ਦੂਰੀ ਤੇ ਸਥਿਤ ਹੈ । ਮੈਡੀਕਲ ਸਟੋਰ ਦੇ ਮਾਲਕ ਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਤੇ ਸਵੇਰੇ ਜਦੋਂ ਦੁਕਾਨ ਤੇ ਆਇਆ ਤਾਂ ਦੇਖਿਆ ਕਿ ਸ਼ਟਰ ਅੱਧਾ ਚੁੱਕਿਆ ਹੋਇਆ ਸੀ ਅਤੇ ਉਸ ਦੇ ਅੰਦਰ ਦੇ ਸ਼ੀਸ਼ੇ ਤੋੜ ਕੇ ਚੋਰਾਂ ਵੱਲੋਂ ਦੁਕਾਨ ਦੇ ਅੰਦਰ ਰੱਖੀ 60 ਹਜਾਰ ਰੁਪਏ ਦੇ ਕਰੀਬ ਨਕਦੀ ਗੱਲੇ ਤੋੜ ਕੇ ਚੋਰੀ ਕੀਤੀ ਗਈ ਹੈ। ਉਸਨੇ ਦੱਸਿਆ ਕਿ ਚੋਰ ਦੁਕਾਨ ਦੇ ਅੰਦਰ ਪਈ ਸੀਸੀਟੀਵੀ ਕੈਮਰਿਆਂ ਦੀ ਡੀ ਵੀ ਆਰ ਵੀ ਕੱਢ ਕੇ ਲੈ ਗਏ ਹਨ । ਉਸਨੇ ਮੰਗ ਕੀਤੀ ਹੈ ਕਿ ਮੇਨ ਚੌਕ ਹੋਣ ਦੇ ਕਾਰਨ ਇੱਥੇ ਰਾਤ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਉਸ ਤੋਂ ਬਾਅਦ ਇਹੋ ਜਿਹੀ ਚੋਰੀ ਦੀ ਘਟਨਾ ਨਾ ਵਾਪਰ ਸਕੇ ।
ਦੂਜੇ ਪਾਸੇ ਥਾਨਾ ਸਦਰ ਦੀ ਹੱਦ ਵਿੱਚ ਹੀ ਆਉਂਦੀ ਪਿੰਡ ਆਲੇਚੱਕ ਦੀ ਇੱਕ ਸੁਨਿਆਰੇ ਦੀ ਦੁਕਾਨ ਨੂੰ ਵੀ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਸ਼ਟਰ ਦੇ ਤਾਲੇ ਤੋੜ ਕੇ ਅੰਦਰੋਂ 50 ਹਜਾਰ ਦੇ ਕਰੀਬ ਨਕਦੀ ਅਤੇ ਲੱਖਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਗਏ। ਪਿੰਡ ਆਲੇ ਚੱਕ ਦੇ ਦੁਕਾਨਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ਦੀ ਇੱਕ ਇੱਕ ਡੱਬੀ ਫਰੋਲੀ ਅਤੇ ਸਾਰੇ ਦੇ ਸਾਰੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਜਦਕਿ ਲੋਕਾਂ ਦੇ ਗਿਰਵੀ ਪਏ ਸੋਨੇ ਦੇ ਗਹਿਣੇ ਵੀ ਉਹਨਾਂ ਵੱਲੋਂ ਡਿੱਬੇ ਖੋਲ੍ ਕੇ ਚੋਰੀ ਕੀਤੇ ਗਏ । ਖਾਲੀ ਡੱਬੀਆਂ ਦੁਕਾਨ ਦੇ ਅੰਦਰ ਹੀ ਚੋਰ ਛੱਡ ਕੇ ਜਦਕਿ ਜਾਂਦੇ ਜਾਂਦੇ ਦੁਕਾਨ ਦਾ ਕੈਮਰਾ ਵੀ ਤੋੜ ਕੇ ਲੈ ਗਏ ।
ਜਾਣਕਾਰੀ ਅਨੁਸਾਰ ਹਰਦੋਛੰਨੀਆਂ ਰੋਡ ਤੇ ਹੀ ਇੱਕ ਹੋਰ ਸੁਨਿਆਰੇ ਦੀ ਦੁਕਾਨ ਨੂੰ ਚੋਰਾ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਦੁਕਾਨ ਦੇ ਮਾਲਕ ਗੋਲਡੀ ਨੇ ਦੱਸਿਆ ਕਿ ਚੋਰ ਦੁਕਾਨ ਵਿੱਚੋਂ 400 ਗ੍ਰਾਮ ਚਾਂਦੀ ਦੇ ਗਹਿਣੇ ਅਤੇ 45ਹ000 ਦੇ ਕਰੀਬ ਨਕਦੀ ਚੋਰੀ ਕਰਕੇ ਲੈ ਗਏ ਹਨ। ਉੱਥੇ ਹੀ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀ ਵੀ ਆਰ ਵੀ ਚੋਰ ਨਾਲ ਲੈ ਗਏ ਪਰ ਨੇੜੇ ਦੇ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਾ ਵਿੱਚ ਤਿੰਨ ਨਕਾਬਪੋਸ਼ ਚੋਰ ਕੈਦ ਹੋਏ ਹਨ।
ਇੱਕੋ ਰਾਤ ਹੋਈਆ ਤਿੰਨ ਚੋਰੀਆਂ ਕਾਰਨ ਦੁਕਾਨਦਾਰ ਕਾਫੀ ਦਹਿਸ਼ਤ ਵਿੱਚ ਹਨ ਅਤੇ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰ ਰਹੇ ਹਨ।