ਸਮਰਾਲਾ: ਨਹਿੰਗ ਬਾਣੇ ਵਿੱਚ ਦੋ ਵਿਅਕਤੀਆਂ ਵਲੋਂ ਟਰੈਕਟਰ-ਟਰਾਲੀ ਚੋਰੀ, ਪੁਲਿਸ ਨੇ ਤੁਰੰਤ ਕੀਤੀ ਗ੍ਰਿਫਤਾਰੀ
ਰਵਿੰਦਰ ਸਿੰਘ
ਸਮਰਾਲਾ: : ਸਮਰਾਲਾ ਨੇੜਲੇ ਪਿੰਡ ਮਨੂਪੁਰ ਵਿੱਚ ਟਰੈਕਟਰ-ਟਰਾਲੀ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਰੁਪਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਮਨੂਪੁਰ ਵੱਲੋਂ ਬਰਧਾਲਾ ਚੌਂਕੀ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ‘ਚ ਉਨ੍ਹਾਂ ਦੱਸਿਆ ਕਿ ਉਹ ਆਪਣੀ ਮੋਟਰ ‘ਤੇ ਕੰਮ ਕਰਕੇ ਟਰੈਕਟਰ-ਟਰਾਲੀ ਉੱਥੇ ਖੜੀ ਕਰਕੇ ਘਰ ਰੋਟੀ ਖਾਣ ਚਲਾ ਗਿਆ। ਪਰ ਜਦੋਂ ਉਹ ਵਾਪਸ ਆਇਆ, ਤਾਂ ਦੋ ਵਿਅਕਤੀਆਂ ਨੂੰ, ਜੋ ਕਿ ਨਹਿੰਗ ਸਿੰਘ ਦੇ ਬਾਣੇ ਵਿੱਚ ਸਨ, ਟਰੈਕਟਰ-ਟਰਾਲੀ ਲੈ ਕੇ ਜਾਂਦੇ ਵੇਖਿਆ।
ਰੁਪਿੰਦਰ ਸਿੰਘ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਿਸ ਉਪਰੰਤ ਬਰਧਾਲਾ ਚੌਂਕੀ ਇੰਚਾਰਜ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵੇਂ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਐਸਐਚਓ ਸਮਰਾਲਾ ਪਵਿੱਤਰ ਸਿੰਘ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਟਰੈਕਟਰ-ਟਰਾਲੀ ਬਰਾਮਦ ਕਰ ਲਈ ਗਈ ਹੈ ਅਤੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਦੀ ਪਿਛੋਕੜ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।