ਬੁੱਢੇ ਨਾਲੇ ਦੀ ਸਫ਼ਾਈ ‘ਚ ਤੇਜ਼ੀ ਲਈ ਸੀ.ਬੀ.ਜੀ. ਪ੍ਰੋਜੈਕਟ ਲਗਾਉਣ ਵਾਸਤੇ ਪੇਡਾ ਵੱਲੋਂ ਐਚ.ਪੀ.ਸੀ.ਐਲ. ਨਾਲ ਸਮਝੌਤਾ ਸਹੀਬੱਧ
* ਰੋਜ਼ਾਨਾ 300 ਟਨ ਗੋਬਰ ਦੀ ਖ਼ਪਤ ਨਾਲ ਪ੍ਰਤੀ ਦਿਨ 6400 ਕਿਲੋਗ੍ਰਾਮ ਸੀ.ਬੀ.ਜੀ. ਪੈਦਾ ਕਰੇਗਾ ਪ੍ਰਾਜੈਕਟ: ਅਮਨ ਅਰੋੜਾ
ਚੰਡੀਗੜ੍ਹ, 29 ਮਾਰਚ 2025 - ਬੁੱਢੇ ਨਾਲੇ ਦੀ ਸਫ਼ਾਈ ਮੁਹਿੰਮ ਨੂੰ ਹੁਲਾਰਾ ਦੇਣ ਲਈ ਵਾਤਾਵਰਣ ਪੱਖੀ ਇਕ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਐਚ.ਪੀ.ਸੀ.ਐਲ. ਰੀਨਿਊਏਬਲ ਐਂਡ ਗ੍ਰੀਨ ਐਨਰਜੀ ਲਿਮਟਿਡ (ਐਚ.ਪੀ.ਆਰ.ਜੀ.ਈ.), ਜੋ ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੀ ਮਲਕੀਅਤ ਵਾਲੀ ਕੰਪਨੀ ਹੈ, ਨਾਲ ਲੁਧਿਆਣਾ ਵਿੱਚ ਕੰਪ੍ਰੈਸਡ ਬਾਇਓਗੈਸ (ਸੀ.ਬੀ.ਜੀ.) ਪ੍ਰੋਜੈਕਟ ਲਗਾਉਣ ਲਈ ਸਮਝੌਤਾ ਸਹੀਬੱਧ ਕੀਤਾ ਹੈ।
ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਇਸ ਸਮਝੌਤੇ 'ਤੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦੇ ਸੀ.ਈ.ਓ. ਨੀਲਿਮਾ ਅਤੇ ਐਚ.ਪੀ.ਆਰ.ਜੀ.ਈ. ਦੇ ਸੀਈਓ ਸ੍ਰੀ ਮੋਹਿਤ ਧਵਨ ਵੱਲੋਂ ਹਸਤਾਖਰ ਕੀਤੇ ਗਏ।
ਇਸ ਸਹਿਯੋਗੜਸਮਝੌਤੇ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਲੁਧਿਆਣਾ ਦੇ ਹੈਬੋਵਾਲ ਡੇਅਰੀ ਕੰਪਲੈਕਸ ਤੋਂ ਵਾਧੂ ਗੋਬਰ ਦੇ ਟਿਕਾਊ ਤੇ ਸਾਇੰਟੇਫਿਕ ਪ੍ਰਬੰਧਨ 'ਤੇ ਕੇਂਦਰਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਰੋਜ਼ਾਨਾ ਲਗਭਗ 300 ਟਨ ਗੋਬਰ ਨੂੰ ਪ੍ਰੋਸੈਸ ਕਰਦਿਆਂ ਪ੍ਰਤੀ ਦਿਨ 6,400 ਕਿਲੋਗ੍ਰਾਮ ਸੀ.ਬੀ.ਜੀ. ਪੈਦਾ ਕਰੇਗਾ। ਇਸ ਤੋਂ ਬਾਅਦ ਐਚ.ਪੀ.ਸੀ.ਐਲ. ਵਾਹਨਾਂ ਲਈ ਸਥਾਪਿਤ ਆਪਣੇ ਸੀ.ਐਨ.ਜੀ. ਆਊਟਲੈਟਾਂ ਰਾਹੀਂ ਇਸ ਸੀ.ਬੀ.ਜੀ. ਨੂੰ ਵੇਚੇਗਾ।
ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਦੋ ਸਾਲਾਂ ਦੇ ਅੰਦਰ ਪੂਰਾ ਹੋਣ ਦੀ ਉਮੀਦ ਹੈ ਅਤੇ ਇਹ ਬੁੱਢਾ ਦਰਿਆ ਦੀ ਮੁੜ-ਸੁਰਜੀਤੀ ਸਬੰਧੀ ਚਲਾਏ ਜਾ ਰਹੇ ਪ੍ਰੋਜੈਕਟ ਦਾ ਹੀ ਹਿੱਸਾ ਹੈ ਕਿਉਂਕਿ ਇਹ ਪ੍ਰੋਜੈਕਟ ਸੀਵਰੇਜ ਸਿਸਟਮ ਰਾਹੀਂ ਬੁੱਢੇ ਨਾਲੇ ਵਿੱਚ ਸੁੱਟੇ ਜਾਣ ਵਾਲੇ ਗੋਬਰ ਦੀ ਮੌਜੂਦਾ ਸਮੱਸਿਆ ਨੂੰ ਹੱਲ ਕਰੇਗਾ।
ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਜੋਏ ਕੁਮਾਰ ਸਿਨਹਾ ਨੇ ਕਿਹਾ ਕਿ 35 ਕਰੋੜ ਰੁਪਏ ਤੋਂ ਵੱਧ ਲਾਗਤ ਵਾਲਾ ਇਹ ਪ੍ਰੋਜੈਕਟ ਸਟੇਟ ਐਨ.ਆਰ.ਐਸ.ਈ. ਨੀਤੀ, 2012 ਤਹਿਤ ਬਿਲਡ ਓਨ ਐਂਡ ਓਪਰੇਟ (ਬੀਓਓ) ਦੇ ਆਧਾਰ 'ਤੇ ਲਾਗੂ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਪ੍ਰੋਜੈਕਟ ਲਗਾਉਣ ਲਈ ਐਚਪੀਆਰਜੀਈ ਦੇ ਨੁਮਾਇੰਦਿਆਂ ਨੂੰ ਸਰਕਾਰ ਵੱਲੋਂ ਲੋੜੀਂਦੀਆਂ ਪ੍ਰਵਾਨਗੀਆਂ ਸਮੇਤ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਪੇਡਾ ਦੇ ਡਾਇਰੈਕਟਰ ਸ੍ਰੀ ਐਮ.ਪੀ. ਸਿੰਘ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।