ਹਰੇਕ ਪੰਚਾਇਤ ਪਿੰਡਾਂ 'ਚ ਕਰਵਾਏ ਜਾ ਰਹੇ ਕੰਮਾਂ ਦੀ ਖੁਦ ਕਰਨ ਨਿਗਰਾਨੀ- ਧਾਲੀਵਾਲ
ਗਰਾਮ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਕਰੀਬ 65 ਲੱਖ ਰੁਪਏ ਦੇ ਵੰਡੇ ਚੈੱਕ
ਪਾਰਟੀਬਾਜੀ ਤੋਂ ਉੱਪਰ ਉੱਠ ਕੇ ਪਿੰਡਾਂ ਵਿੱਚ ਕੰਮ ਕਰਵਾਉਣ ਦੀ ਕੀਤੀ ਅਪੀਲ
ਅੰਮ੍ਰਿਤਸਰ 31 ਮਾਰਚ 2025- ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਆਪਣੇ ਹਲਕੇ ਵਿੱਚ ਪੰਚਾਇਤਾਂ ਨੂੰ ਵੱਖ ਵੱਖ ਵਿਕਾਸ ਕਾਰਜਾਂ ਲਈ ਕਰੀਬ 65 ਲੱਖ ਰੁਪਏ ਦੇ ਚੈਕਾ ਦੀ ਵੰਡ ਕਰਦਿਆਂ ਕਿਹਾ ਕਿ ਉਹ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਖੁਦ ਨਿਗਰਾਨੀ ਕਰਨ ਅਤੇ ਜਿੱਥੇ ਕਿਤੇ ਵੀ ਕੋਈ ਘਾਟ ਨਜ਼ਰ ਆਉਂਦੀ ਹੈ ਤਾਂ ਉਸਦੀ ਸੂਚਨਾ ਤੁਰੰਤ ਮੈਨੂੰ ਦੇਣ ਤਾਂ ਜੋ ਵਿਕਾਸ ਕਾਰਜਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਸਕੇ। ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਾਰੇ ਵਿਕਾਸ ਕਾਰਜ ਗੁਣਵੱਤਾ ਭਰਪੂਰ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਹ ਆਮ ਲੋਕਾਂ ਦਾ ਪੈਸਾ ਹੈ ਅਤੇ ਆਮ ਲੋਕਾਂ ਦੇ ਉੱਪਰ ਹੀ ਇਸ ਨੂੰ ਖਰਚ ਕੀਤਾ ਜਾਣਾ ਹੈ।
ਧਾਲੀਵਾਲ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਅਜਨਾਲਾ ਹਲਕੇ ਦੀ ਕਿਸੇ ਵੀ ਸਰਕਾਰ ਨੇ ਸਾਰ ਨਹੀਂ ਸੀ ਲਈ, ਜਿਸ ਕਾਰਨ ਹਲਕਾ ਪੰਜਾਬ ਦੇ ਬਾਕੀ ਹਿੱਸਿਆਂ ਨਾਲੋਂ ਬਹੁਤ ਪਛੜ ਗਿਆ ਸੀ ਅਤੇ ਹੁਣ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਇਸ ਹਲਕੇ ਵਿੱਚ ਕੰਮ ਹੋਣ ਲੱਗੇ ਹਨ। ਉਹਨਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਪਿੰਡਾਂ ਵਿੱਚ ਕੰਮ ਹੋ ਰਹੇ ਹਨ, ਜਿਸ ਸਦਕਾ ਹੁਣ ਪਿੰਡਾਂ ਦਾ ਮੁਹਾਂਦਰਾ ਬਣਨ ਲੱਗਾ ਹੈ । ਉਹਨਾਂ ਆਸ ਪ੍ਰਗਟਾਈ ਕਿ ਪਿੰਡਾਂ ਦੀਆਂ ਪੰਚਾਇਤਾਂ ਅਗਲੇ ਦੋ ਸਾਲ ਵੀ ਇਸ ਰਫਤਾਰ ਵਿੱਚ ਕੰਮ ਕਰਦੀਆਂ ਰਹਿਣਗੀਆਂ। ਉਹਨਾਂ ਨੇ ਪੰਚਾਇਤਾਂ ਨੂੰ ਭਰੋਸਾ ਦਿੱਤਾ ਕਿ ਤੁਸੀਂ ਆਪਣੀ ਯੋਜਨਾਬੰਦੀ ਅਨੁਸਾਰ ਕੰਮ ਕਰਦੇ ਰਹੋ, ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਪੰਚਾਇਤਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਮੁੱਚੇ ਪਿੰਡ ਦੇ ਵਿੱਚ ਵਿਕਾਸ ਦੇ ਕੰਮ ਕਰਵਾਉਣ।
ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੇ ਹਲਕਾ ਅਜਨਾਲਾ ਅਧੀਨ ਆਉਂਦੇ ਗ੍ਰਾਮ ਪੰਚਾਇਤਾਂ ਨਵਾਂ ਡੱਲਾ ਰਾਜਪੂਤਾ ਨੂੰ 3 ਲੱਖ ਰੁਪਏ, ਬਾਠ ਨੂੰ 5 ਲੱਖ ਰੁਪਏ ਨਿਕਾਸੀ ਨਾਲੇ ਲਈ , ਗ੍ਰਾਮ ਪੰਚਾਇਤਾਂ ਨੰਗਲ ਵੰਝਾਵਾਲਾ ਨੂੰ 5 ਲੱਖ ਰੁਪਏ, ਜਾਫਰਕੋਟ ਨੂੰ 5 ਲੱਖ ਰੁਪਏ, ਗੱਗੋਮਾਹਲ ਨੂੰ 5 ਲੱਖ ਰੁਪਏ ਛੱਪੜ ਦੀ ਰੈਨੋਵੇਸ਼ਨ ਲਈ ਅਤੇ ਉੜਧਨ ਨੂੰ 2.49 ਲੱਖ ਰੁਪਏ ਡਿਕਿੰਗ ਵਾਟਰ ਅਤੇ ਸੈਨੀਟੇਸ਼ਨ ਲਈ,ਗ੍ਰਾਮ ਪੰਚਾਇਤਾਂ ਚੱਕਬਾਲਾ ਨੂੰ ਸੀਵਰੇਜ ਲਈ 13.56 ਲੱਖ ਅਤੇ ਸੋਲਰ ਲਾਈਟਾਂ ਵਾਸਤੇ 7.40 ਲੱਖ ਰੁਪਏ, ਸੈਦੋਗਾਜ਼ੀ ਨੂੰ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਲਈ 4.93 ਲੱਖ ਰੁਪਏ ਅਤੇ ਇੰਟਰਲਾਕ ਗਲੀਆਂ/ਨਾਲੀਆਂ ਲਈ 4 ਲੱਖ ਰੁਪਏ, ਗੁਰਾਲਾ ਨੂੰ ਸ਼ਮਸ਼ਾਨਘਾਟ ਦੇ ਰਸਤੇ ਲਈ 7 ਲੱਖ ਅਤੇ ਧਾਰੀਵਾਲ ਕਲੇਰ ਨੂੰ ਸੋਲਰ ਲਾਇਟਾਂ ਲਈ 2.60 ਲੱਖ ਰੁਪਏ ਦੇ ਚੈੱਕ ਵੰਡੇ। ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਓ.ਐਸ.ਡੀ ਗੁਰਜੰਟ ਸਿੰਘ ਸੋਹੀ, ਸਰਪੰਚ ਮਨਜਿੰਦਰ ਸਿੰਘ ਸਰਪੰਚ ਜਸਵੰਤ ਸਿੰਘ ਗੱਗੋਮਾਹਲ ਸਰਪੰਚ ਸ਼ੇਰ ਸਿੰਘ ਅਵਾਨ ਪ੍ਰਧਾਨ ਹਰਮਨਜੀਤ ਸਿੰਘ ਨੰਗਲ ਸਰਪੰਚ ਨਿਤੀਸ਼ ਸ਼ਾਹ ਚੱਕਬਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।