ਅੰਮ੍ਰਿਤਸਰ: ਪਿੰਡ ਜੱਬੋਵਾਲ ਵਿਖੇ 1.78 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਖੇਡ ਸਟੇਡੀਅਮ- ਈਟੀਓ
-ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਪੰਜਾਬ ਸਰਕਾਰ ਦੀ ਤਰਜੀਹ
-ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਜ਼ਰੂਰੀ
ਅੰਮ੍ਰਿਤਸਰ 31 ਮਾਰਚ- 2025- ਹਲਕਾ ਜੰਡਿਆਲਾ ਗੁਰੂ ਦੇ ਪ੍ਰਸਿੱਧ ਪਿੰਡ ਜੱਬੋਵਾਲ ਵਿਖੇ ਸ਼ਹੀਦ ਜੁਗਰਾਜ ਸਿੰਘ ਦੀ ਯਾਦ ਨੂੰ ਸਮਰਪਿਤ ਤੀਸਰਾ ਫੁੱਟਬਾਲ ਕੱਪ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਨੇ ਐਲਾਨ ਕੀਤਾ ਕਿ ਪਿੰਡ ਜੱਬੋਵਾਲ ਵਿਖੇ ਇਲਾਕੇ ਦੇ ਲੋਕਾਂ ਨੂੰ ਖੇਡਾਂ ਨਾਲ ਜੋੜਨ ਲਈ ਇਕ ਕਰੋੜ 78 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਖੇਡ ਸਟੇਡੀਅਮ ਦੀ ਉਸਾਰੀ ਕੀਤੀ ਜਾਵੇਗੀ। ਇਹ ਟੁਰਨਾਮੈਂਟ ਸਰਪੰਚ ਦਵਿੰਦਰ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਦੀ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਟੀਚਾ ਵੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਹੈ ਜਿਸ ਲਈ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਪ੍ਰਦਾਨ ਕਰਨਗੇ ਅਤੇ ਸਾਡੇ ਪਿੰਡਾਂ ਵਿੱਚੋਂ ਵੱਡੇ ਖਿਡਾਰੀ ਤਿਆਰ ਹੋਣਗੇ। ਹਰਭਜਨ ਸਿੰਘ ਨੇ ਕਿਹਾ ਕਿ ਇਹ ਸਟੇਡੀਅਮ ਸਾਡੇ ਇਲਾਕੇ ਦੇ ਬੱਚਿਆਂ ਨੂੰ ਮਾਂ ਖੇਡ ਵੱਲ ਪ੍ਰੇਰਤ ਵੀ ਕਰਨਗੇ। ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦਾ ਜੋ ਅਹਿਦ ਲਿਆ ਗਿਆ ਹੈ, ਉਸ ਨੂੰ ਪੂਰਾ ਕਰਨ ਲਈ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨਾ ਜ਼ਰੂਰੀ ਹੈ ਤੇ ਇਹ ਸਟੇਡੀਅਮ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਦਾ ਇਕ ਉਪਰਾਲਾ ਹੈ।
ਕੈਬਨਟ ਮੰਤਰੀ ਈਟੀਓ ਨੇ ਕਿਹਾ ਕਿ ਖੇਡਾਂ ਸਾਡੀ ਜ਼ਿੰਦਗੀ ਨੂੰ ਅਨੁਸ਼ਾਸਨ ਵਿੱਚ ਬੰਨਦੀਆਂ ਹਨ ਅਤੇ ਵਿਅਕਤੀ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਵੀ ਕਰਦੀਆਂ ਹਨ। ਇਸ ਲਈ ਸਾਰੇ ਬੱਚਿਆਂ ਅਤੇ ਜਵਾਨਾਂ ਨੂੰ ਖੇਡਾਂ ਵਿੱਚ ਹਿੱਸਾ ਜਰੂਰ ਲੈਣਾ ਚਾਹੀਦਾ ਹੈ ਇਹ ਟੁਰਨਾਮੈਂਟ ਕਰਵਾ ਕੇ ਜਿਨਾਂ ਨੌਜਵਾਨਾਂ ਵੱਲੋਂ ਪਹਿਲ ਕਦਮੀ ਕੀਤੀ ਹੈ ਇਹ ਵਧਾਈ ਦੇ ਪਾਤਨ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਵੱਡੇ ਕਦਮ ਚੁੱਕ ਰਹੀ ਹੈ ਅਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਉੱਚੀਆਂ ਪਦਵੀਆਂ ਦੇ ਕੇ ਵੀ ਨਿਵਾਜਿਆ ਹੈ ਉਹਨਾਂ ਕਿਹਾ ਕਿ ਇਥੋਂ ਦੇ ਨੌਜਵਾਨਾਂ ਵੱਲੋਂ ਉਨਾਂ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੋਰ ਵੀ ਨੌਜਵਾਨ ਪ੍ਰੇਰਿਤ ਹੋਣਗੇ। ਇਸ ਮੌਕੇ ਕਲੱਬ ਦੇ ਪ੍ਰਧਾਨ ਦਲੇਰ ਸਿੰਘ, ਮਾਸਟਰ ਮਲਕੀਤ ਸਿੰਘ ਲਾਡੀ , ਮਨਜੀਤ ਸਿੰਘ (ਮੈਂਬਰ ਪੰਚਾਇਤ)ਅੰਗਰੇਜ ਸਿੰਘ (ਮੈਂਬਰ ਪੰਚਾਇਤ) ਕੰਵਲਜੀਤ ਸਿੰਘ, ਬਲਬੀਰ ਸਿੰਘ ,ਸੁਰਜੀਤ ਸਿੰਘ ,ਮਲਕੀਤ ਸਿੰਘ (ਮੈਂਬਰ ਪੰਚਾਇਤ) ਸੁਵਿੰਦਰ ਸਿੰਘ (ਮੈਂਬਰ ਪੰਚਾਇਤ ) ਪਰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।