ਡਾ. ਹਰਸ਼ਿੰਦਰ ਕੌਰ ਦੇ ਸਨਮਾਨ ਹਿੱਤ ਇੰਡੋ ਯੂ. ਐਸ. ਹੈਰੀਟੇਜ਼ ਵੱਲੋ ਫਰਿਜ਼ਨੋ ਵਿਖੇ ਸਮਾਗਮ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ) : ਪੰਜਾਬ ਪੰਜਾਬੀਅਤ ਨੂੰ ਪ੍ਰਣਾਈ ਹੋਈ ਉੱਘੀ ਸਖ਼ਸ਼ੀਅਤ ਡਾ. ਹਰਸ਼ਿੰਦਰ ਕੌਰ ਅੱਜ ਕੱਲ ਇੰਡੋ ਅਮੈਰਿਕਨ ਹੈਰੀਟੇਜ਼ ਫੋਰਮ ਦੇ ਸੱਦੇ ‘ਤੇ ਕੈਲੀਫੋਰਨੀਆ ਦੌਰੇ ਤੇ ਹਨ। ਇੰਡੋ ਅਮੈਰਿਕਨ ਹੈਰੀਟੇਜ਼ ਫੋਰਮ ਦੇ ਗਦਰੀ ਬਾਬਿਆਂ ਦੀ ਯਾਦ ‘ਚ ਲਗਦੇ ਸਲਾਨਾ ਮੇਲੇ ਵਿੱਚ ਸ਼ਿਰਕਤ ਕਰਨ ਉਪਰੰਤ ਫਰਿਜ਼ਨੋ ਦੀ ਦੂਸਰੀ ਗਦਰੀ ਬਾਬਿਆ ਨੂੰ ਸਮਰਪਿਤ ਸੰਸਥਾ ਇੰਡੋ ਯੂ. ਐਸ. ਹੈਰੀਟੇਜ਼ ਵੱਲੋਂ ਉਹਨਾਂ ਦੇ ਸਨਮਾਨ ਹਿੱਤ ਦੁਪਿਹਰ ਦੇ ਖਾਣੇ ਦੇ ਨਾਲ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਨੌਰਥ ਪੁਆਇੰਟ ਈਵੈਂਟ ਸੈਂਟਰ ਫਰਿਜ਼ਨੋ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਦੋਵੇਂ ਜਥੇਬੰਦੀਆਂ ਦੇ ਮੈਬਰਾ ਨੇ ਸ਼ਿਰਕਤ ਕਰਕੇ ਇਸ ਪ੍ਰੋਗਰਾਮ ਨੂੰ ਯਾਦਗਾਰੀ ਬਣਾਇਆ । ਇਸ ਮੌਕੇ ਇੰਡੋ ਯੂ. ਐਸ. ਹੈਰੀਟੇਜ਼ ਦੇ ਕਨਵੀਨਰ ਸ. ਸਾਧੂ ਸਿੰਘ ਸੰਘਾ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਕਹਿੰਦਿਆਂ ਪ੍ਰੋਗਰਾਮ ਦਾ ਅਗਾਜ਼ ਕੀਤਾ। ਇਸ ਉਪਰੰਤ ਸੰਸਥਾ ਦੇ ਸੈਕਟਰੀ ਸ਼ਾਇਰ ਰਣਜੀਤ ਗਿੱਲ ਨੇ ਪੰਜਾਬ ਦੇ ਫਿਕਰ ਵਿੱਚ ਗੜੁੱਚ ਇੱਕ ਕਵਿੱਤਾ ਨਾਲ ਹਾਜ਼ਰੀ ਭਰੀ।
ਇਸ ਸਮਾਗਮ ਵਿੱਚ ਹੋਰ ਬੋਲਣ ਵਾਲੇ ਬੁਲਾਰਿਆਂ ਡਾ. ਅਰਜਨ ਸਿੰਘ ਜੋਸ਼ਨ, ਰਾਜ ਸਿੱਧੂ, ਪ੍ਰਗਟ ਸਿੰਘ ਧਾਲੀਵਾਲ,ਸਾਬਕਾ ਪ੍ਰਿੰਸਪਲ ਦਲਜੀਤ ਸਿੰਘ (ਖ਼ਾਲਸਾ ਕਾਲਜ ਅੰਮ੍ਰਿਤਸਰ ) ਆਦਿ ਨੇ ਡਾ. ਹਰਸ਼ਿੰਦਰ ਕੌਰ ਦੇ ਸਨਮਾਨ ਹਿੱਤ ਸ਼ਬਦ ਬੋਲੇ। ਇਸ ਮੌਕੇ ਬੋਲਦਿਆਂ ਡਾ. ਹਰਸ਼ਿੰਦਰ ਕੌਰ ਨੇ ਪੰਜਾਬ ਪੰਜਾਬੀਅਤ ਬਾਰੇ ਫਿਕਰ ਜ਼ਾਹਰ ਕਰਦਿਆਂ, ਨਸ਼ੇ, ਬੱਚੀਆਂ ਦੇ ਸ਼ੋਸ਼ਣ ਅਤੇ ਪੰਜਾਬ ਅੰਦਰ ਵਧ ਰਹੇ ਪ੍ਰਵਾਸੀ ਕਲਚਰ ਤੇ ਚਿੰਤਾ ਜ਼ਾਹਰ ਕੀਤੀ ਅਤੇ ਪ੍ਰਵਾਸੀ ਪੰਜਾਬੀਆਂ ਦੀ ਤਰੀਫ਼ ਕੀਤੀ। ਉਹਨਾਂ ਵਿਦੇਸ਼ਾਂ ਵਿੱਚ ਗਦਰੀ ਬਾਬਿਆਂ ਦੀ ਸੋਚ ‘ਤੇ ਪਹਿਰਾ ਦੇਣ ਵਾਲੀਆਂ ਸੰਸਥਾਵਾਂ ਦੀ ਰੱਜਕੇ ਤਰੀਫ ਕੀਤੀ। ਅਖੀਰ ਦੁਪਿਹਰ ਦੇ ਖਾਣੇ ਨਾਲ ਅਮਿੱਟ ਪੈੜਾਂ ਛੱਡਦਾ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ ।