ਕਿਸਾਨਾਂ ਤੇ ਕੀਤੇ ਜ਼ਬਰ ਦੇ ਰੋਸ ਵਜੋਂ ਡੀਸੀ ਦਫਤਰ ਸੰਗਰੂਰ ਅੱਗੇ ਗਰਜੇ ਕਿਸਾਨ
ਦਲਜੀਤ ਕੌਰ
ਸੰਗਰੂਰ, 28 ਮਾਰਚ, 2025: ਬੀਤੇ ਦਿਨੀ ਪੰਜਾਬ ਅੰਦਰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਤੇ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਜਬਰ,ਕਿਸਾਨ ਆਗੂ ਦੀਆਂ ਗਿਰਫਤਾਰੀਆਂ, ਸ਼ੰਬੂ ਅਤੇ ਖਨੌਰੀ ਮੋਰਚਿਆਂ ਤੋਂ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਤੇ ਸਮਾਨ ਚੋਰੀ ਕਰਨ, ਲੁੱਟਮਾਰ ਕਰਨ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਅੱਜ ਸੰਗਰੂਰ ਦੀ ਅਨਾਜ ਮੰਡੀ ਵਿੱਚ ਹਜ਼ਾਰਾਂ ਕਿਸਾਨਾਂ ਨੇ ਇਕੱਠੇ ਹੋ ਕੇ ਡੀਸੀ ਦਫਤਰ ਤੱਕ ਰੋਹ ਭਰਪੂਰ ਮੁਜਾਹਰਾ ਕਰਦਿਆਂ 3 ਵਜੇ ਤੱਕ ਰੋਸ ਧਰਨਾ ਦਿੱਤਾ ਅਤੇ ਇਸ ਸਮੇਂ ਆਗੂਆਂ ਨੇ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਜਬਰ ਵਿਰੋਧੀ ਤਕਰੀਰਾਂ ਕੀਤੀਆਂ। ਅੱਜ ਇਸ ਜਬਰ ਵਿਰੋਧੀ ਦਿਨ ਤੇ ਭਰਾਤਰੀ ਜਥੇਬੰਦੀਆਂ ਅਤੇ ਔਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਹਾਜ਼ਰੀ ਲਵਾਈ। ਡੀਸੀ ਸੰਗਰੂਰ ਰਾਹੀਂ ਗਵਰਨਰ ਪੰਜਾਬ ਦੇ ਨਾਂ ਮੰਗ ਪੱਤਰ ਭੇਜਿਆ ਗਿਆ।
ਅੱਜ ਦੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ,ਬੀਕੇਯੂ ਡਕੌਦਾ ਬੁਰਜ ਗਿੱਲ ਦੇ ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਬੀਕੇਯੂ ਡਕੌਦਾ ਧਨੇਰ ਦੇ ਜ਼ਿਲਾ ਪ੍ਰਧਾਨ ਕਰਮਜੀਤ ਸਿੰਘ ਛੰਨਾ, ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਮੇਜਰ ਸਿੰਘ ਪੁੰਨਾਵਾਲ, ਬੀ ਕੇ ਯੂ ਰਾਜੇਵਾਲ ਦੇ ਜਿਲਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਕੁਲ ਹਿੰਦ ਕਿਸਾਨ ਫੈਡਰੇਸ਼ਨ ਦੇ ਸੂਬਾ ਆਗੂ ਕਿਰਨਜੀਤ ਸਿੰਘ ਸੇਖੋਂ, ਜਮਹੂਰੀ ਕਿਸਾਨ ਸਭਾ ਪੰਜਾਬ ਤੇ ਸੂਬਾ ਊਧਮ ਸਿੰਘ ਸੰਤੋਖਪੁਰਾ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਸਵਰਨ ਸਿੰਘ ਨਵਾਂਗਾਓ, ਬੀਕੇਯੂ ਲੱਖੋਵਾਲ ਦੇ ਆਗੂ ਜਸਵਿੰਦਰ ਕੌਰ ਪੂਨਾਵਾਲ ਨੇ ਇੱਕਜੁੱਟ ਹੁੰਦਿਆਂ ਭਾਰਤ ਅਮਰੀਕਾ ਵਿਚਾਲੇ ਹੋ ਰਹੇ ਅਨਾਜ ਤੇ ਦੁੱਧ, ਖੇਤੀ ਉਤਪਾਦਾਂ ਦੀਆਂ ਬਰਾਮਦਾਂ ਤੇ ਟੈਕਸ ਘਟਾਉਣ ਸੰਬੰਧੀ ਹੋ ਰਹੇ ਸਮਝੌਤੇ ਨੂੰ ਰੱਦ ਕਰਨ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਜ਼ਬਰ ਦੀ ਨਿਖੇਦੀ ਕਰਦਿਆਂ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕਰਨ, ਕਿਸਾਨਾਂ ਦੀਆਂ ਚੋਰੀ ਹੋਈਆਂ ਟਰੈਕਟਰ ਟਰਾਲੀਆਂ ਸਮੇਤ ਸਾਰਾ ਸਮਾਨ ਵਾਪਸ ਕਰਨ, ਚੋਰੀ ਹੋਏ ਜਾਂ ਨੁਕਸਾਨੇ ਸਮਾਨ ਦੀ ਭਰਪਾਈ ਸਰਕਾਰ ਦੁਆਰਾ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਭਾਰਤ ਵਿੱਚ 60 ਫੀਸਦੀ ਤੋਂ ਉੱਪਰ ਲੋਕ ਖੇਤੀ ਤੇ ਨਿਰਭਰ ਹਨ ਜੇ ਇਸ ਖੇਤਰ ਉੱਤੇ ਵੀ ਕਾਰਪੋਰੇਟ ਦਾ ਕਬਜ਼ਾ ਹੋ ਗਿਆ ਤਾਂ ਪੇਂਡੂ ਖੇਤਰ ਵਿੱਚ ਵੱਡੀ ਪੱਧਰ ਤੇ ਬੇਰੁਜ਼ਗਾਰੀ ਤੇ ਬਦਹਾਲੀ ਫੈਲ ਜਾਵੇਗੀ ਤੇ ਦੇਸ਼ ਡੂੰਘੇ ਅੰਨ ਸੰਕਟ ਦਾ ਸ਼ਿਕਾਰ ਹੋ ਜਾਵੇਗਾ।
ਅੱਜ ਦੇ ਜ਼ਬਰ ਵਿਰੋਧੀ ਦਿਨ ਤੇ ਸੰਯੁਕਤ ਕਿਸਾਨ ਮੋਰਚੇ ਨਾਲ ਇੱਕਮੁੱਠਤਾ ਜਾਹਿਰ ਕਰਦਿਆਂ ਬੀਕੇਯੂ ਏਕਤਾ ਆਜ਼ਾਦ ਦੇ ਆਗੂ ਸੰਤ ਰਾਮ ਛਾਜਲੀ, ਆਂਗਣਵਾੜੀ ਵਰਕਰ ਯੂਨੀਅਨ ਦੀ ਕੁੱਲ ਹਿੰਦ ਪ੍ਰਧਾਨ ਊਸ਼ਾ ਰਾਣੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਬਿਕਰ ਸਿੰਘ ਹਥੋਆ, ਆਈਡੀਪੀ ਦੇ ਆਗੂ ਕਰਨੈਲ ਸਿੰਘ ਜਖੇਪਲ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਭੁਟਾਲ, ਸੀਟੂ ਆਗੂ ਦੇਵਰਾਜ ਵਰਮਾ, ਵੇਰਕਾ ਆਊਟਸੋਰਸ ਵਰਕਰ ਯੂਨੀਅਨ ਦੇ ਆਗੂ ਸੰਦੀਪ ਸੰਧੂ ਨੇ ਭਗਵੰਤ ਮਾਨ ਸਰਕਾਰ ਦੁਆਰਾ ਕਿਸਾਨਾਂ ਦੇ ਸੰਘਰਸ਼ ਤੇ ਕੀਤੇ ਜਬਰ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਦੀ ਕਰਦਿਆਂ ਕਿਹਾ ਕਿ ਸਰਕਾਰ ਦੇ ਜਬਰ ਖਿਲਾਫ ਸਾਰੇ ਕਿਰਤੀ ਲੋਕ ਇੱਕਜੁੱਟ ਹੋ ਕੇ ਲੜਾਈ ਲੜਨਗੇ। ਅੱਜ ਦੇ ਰੋਸ ਧਰਨੇ ਨੂੰ ਕਿਸਾਨ ਆਗੂ ਜਰਨੈਲ ਸਿੰਘ ਜਹਾਂਗੀਰ, ਅਮਰੀਕ ਸਿੰਘ ਗੰਡੂਆਂ, ਜਸਵੀਰ ਕੌਰ ਉਗਰਾਹਾਂ, ਰਣਧੀਰ ਸਿੰਘ ਭੱਟੀਵਾਲ, ਸਤਨਾਮ ਸਿੰਘ ਕਿਲਾ, ਕਸ਼ਮੀਰ ਸਿੰਘ ਘਰਾਚੋਂ, ਮੰਗਤ ਰਾਮ ਲੌਂਗੋਵਾਲ, ਇੰਦਰਪਾਲ ਸਿੰਘ ਪੂਨਾਵਾਲ ਨੇ ਵੀ ਸੰਬੋਧਨ ਕੀਤਾ।