ਟਰੱਕ ਆਪਰੇਟਰ ਯੂਨੀਅਨਾਂ ਨੇ ਡੀਸੀ ਮੋਹਾਲੀ ਨੂੰ ਮੰਗ ਪੱਤਰ ਸੌਂਪਿਆ
ਮਲਕੀਤ ਸਿੰਘ ਮਲਕਪੁਰ
ਲਾਲੜੂ 28 ਮਾਰਚ 2025: ਲਾਲੜੂ ਅਤੇ ਡੇਰਾਬੱਸੀ ਟਰੱਕ ਆਪਰੇਟਰ ਯੂਨੀਅਨਾਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਮੋਹਾਲੀ ਕੋਮਲ ਮਿੱਤਲ ਨੂੰ ਟਰੱਕ ਆਪਰੇਟਰਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਮੰਗ ਪੱਤਰ ਸੋਂਪਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਸੀ-ਮੁਬਾਰਿਕਪੁਰ ਟਰੱਕ ਆਪਰੇਟਰ ਯੂਨੀਅਨ ਦੇ ਪ੍ਰਧਾਨ ਸੁਖਦੀਪ ਸਿੰਘ ਫੌਜੀ ਰਾਮਗੜ੍ਹ ਰੁੜਕੀ ਨੇ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਖਰੀਦੇ ਗਏ ਵਾਹਨਾਂ ਦਾ ਪਹਿਲੀ ਵਾਰ ਵਿੱਚ ਹੀ 4 ਸਾਲਾ ਦਾ ਟੈਕਸ ਭਰਵਾਇਆ ਜਾ ਰਿਹਾ ਹੈ, ਜੋ ਟਰੱਕ ਮਾਲਕ ਉੱਤੇ ਵਾਧੂ ਆਰਥਿਕ ਭਾਰ ਹੈ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸ਼ਰਤ ਨੂੰ ਹਟਾਇਆ ਜਾਵੇ ਅਤੇ ਪਹਿਲਾਂ ਵਾਂਗ ਤਿੰਨ ਮਹੀਨੇ ਵਿੱਚ ਟੈਕਸ ਭਰਨ ਦੀ ਤਜਵੀਜ਼ ਨੂੰ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਟਰੱਕ ਮਾਲਕਾਂ ਦੇ ਨਵੇਂ ਵਾਹਨਾਂ ਦੀ ਪਾਸਿੰਗ ਅਤੇ ਪਰਮਿਟ ਦੀ ਪਾਲਿਸੀ ਨੂੰ ਸੁਖਾਲਾ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਟ੍ਰਾਂਸਫਰ ਸਰਟੀਫਿਕੇਟ ਆਦਿ ਦੇ ਕੰਮਾਂ ਵਿੱਚ ਹੋ ਰਹੀ ਦੇਰੀ ਨੂੰ ਦੂਰ ਕਰਕੇ ਸੁਖਾਲਾ ਬਣਾਇਆ ਜਾਵੇ। ਉਨ੍ਹਾਂ ਲੋਕਲ ਯੂਨੀਅਨਾਂ ਨੂੰ ਪਹਿਲ ਦੇ ਅਧਾਰ ਉੱਤੇ ਢੋਆ-ਢੁਆਈ ਦੇ ਕੰਮ ਦਿੱਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਅਪ੍ਰੈਲ ਵਿੱਚ ਕਣਕ ਦੀ ਵਾਢੀ ਸ਼ੁਰੂ ਹੋ ਜਾਵੇਗੀ ਅਤੇ ਕਣਕ ਮੰਡੀਆਂ ਵਿੱਚ ਆਉਣੀ ਸ਼ੁਰੂ ਹੋ ਜਾਵੇਗੀ, ਜਿਸ ਦੀ ਢੋਆ-ਢੁਆਈ ਦਾ ਕੰਮ ਲੋਕਲ ਯੂਨੀਅਨਾਂ ਨੂੰ ਹੀ ਸੋਂਪਿਆ ਜਾਵੇ ਤਾਂ ਛੋਟੋ ਟਰੱਕ ਮਾਲਕਾਂ ਨੂੰ ਕੁੱਝ ਲਾਭ ਮਿਲ ਸਕੇ।
ਉਨ੍ਹਾਂ ਕਿਹਾ ਕਿ ਲੋਕਲ ਯੂਨੀਅਨਾਂ ਵਿੱਚ ਛੋਟੇ-ਛੋਟੇ ਟਰੱਕ ਓਪਰੇਟਰ ਹਨ, ਜਿਨ੍ਹਾਂ ਦੀ ਆਰਥਿਕ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ, ਜਿਸ ਨੂੰ ਦੇਖਦਿਆਂ ਡੇਰਾਬੱਸੀ ਅਤੇ ਲਾਲੜੂ ਵਿੱਚ ਸਥਿਤ ਕੰਪਨੀਆਂ ਦੇ ਮਾਲ ਦੇ ਢੋਆ-ਢੁਆਈ ਦੇ ਟੈਂਡਰ ਲੋਕਲ ਯੂਨੀਅਨਾਂ ਨੂੰ ਹੀ ਦਿੱਤੇ ਜਾਣ ਤਾਂ ਜੋ ਉਨ੍ਹਾਂ ਦੀ ਆਰਥਿਕ ਹਾਲਤ ਵਿੱਚ ਕੁੱਝ ਸੁਧਾਰ ਹੋ ਸਕੇ। ਸੁਖਦੀਪ ਸਿੰਘ ਫੌਜੀ ਨੇ ਦੱਸਿਆ ਕਿ ਉਨ੍ਹਾਂ ਨੂੰ ਡੀਸੀ ਮੋਹਾਲੀ ਵੱਲੋਂ ਪੂਰਨ ਭਰੋਸਾ ਦਿਵਾਇਆ ਹੈ ਕਿ ਉਹ ਉਨ੍ਹਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਉੱਤੇ ਹੱਲ ਕਰਵਾਉਣਗੇ।