ਸਰਕਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸੁਫ਼ਨਿਆਂ ਨੂੰ ਵੀ ਖੰਭ ਦੇਣ ਲਈ ਵਚਨਬੱਧ - ਸਿੱਖਿਆ ਮੰਤਰੀ ਬੈਂਸ
- ਸਿਖਿਆ ਮੰਤਰੀ ਮੋਹਾਲੀ ਦੇ ਫੇਸ 11 ਦੇ ਸਕੂਲ ਆਫ਼ ਐਮੀਨੈਂਸ ’ਚ ਵਿਦਿਆਰਥੀਆਂ ਤੇ ਮਾਪਿਆਂ ਨੂੰ ਮੈਗਾ ਪੀ ਟੀ ਐਮ ਦੌਰਾਨ ਮਿਲਣ ਪੁੱਜੇ
- ਪਹਿਲੀ ਵਾਰ ਸਰਕਾਰੀ ਸਕੂਲਾਂ ’ਚੋਂ ਨਿਕਲੇ 189 ਵਿਦਿਆਰਥੀਆਂ ਨੇ ਜੇ ਈ ਈ ਮੇਨਜ਼ ਕਲੀਅਰ ਕੀਤਾ
- ਸਕੂਲ ਆਫ਼ ਐਮੀਨੈਂਸ ਦੀਆਂ 15 ਹਜ਼ਾਰ ਸੀਟਾਂ ਲਈ 1.5 ਲੱਖ ਵਿਦਿਆਰਥੀ ਮੁਕਾਬਲੇ ਦੀ ਪ੍ਰੀਖਿਆ ’ਚ ਬੈਠਣਗੇ
- ਪੰਜਾਬ ਦੇ 20 ਹਜ਼ਾਰ ਸਕੂਲਾਂ ’ਚ ਅੱਜ ਹੋਈ ਇਸ ਅਕਾਦਮਿਕ ਸੈਸ਼ਨ ਦੀ ਆਖਰੀ ਮੈਗਾ ਪੀ ਟੀ ਐਮ
- ਨਵੇਂ ਸੈਸ਼ਨ ਦੇ ਪਹਿਲੇ ਦਿਨ ਉਪਲਬਧ ਹੋਣਗੀਆਂ ਮੁਫ਼ਤ ਕਿਤਾਬਾਂ, ਇਸ ਵਾਰ ਕਿਤਾਬਾਂ ਦੀ ਛਪਾਈ ’ਚੋਂ 21 ਕਰੋੜ ਦੀ ਬੱਚਤ ਹੋਈ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਮਾਰਚ, 2025: ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਮੋਹਾਲੀ ਦੇ ਫੇਸ 11 ਦੇ ਸਕੂਲ ਆਫ਼ ਐਮੀਨੈਂਸ ’ਚ ਇਸ ਸੈਸ਼ਨ ਦੀ ਆਖਰੀ ਮੈਗਾ ਪੀ ਟੀ ਐਮ (ਮਾਪੇ ਅਧਿਆਪਕ ਮਿਲਣੀ) ਦਾ ਜਾਇਜ਼ਾ ਲੈਣ ਮੌਕੇ ਆਖਿਆ ਕਿ ਪੰਜਾਬ ਦੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਦੇ ਜ਼ਿੰਦਗੀ ’ਚ ਉੱਚੇ ਅਹੁਦਿਆਂ ’ਤੇ ਪੁੱਜਣ ਦੇ ਸੁਫ਼ਨਿਆਂ ਨੂੰ ਖੰਭ ਲਾਉਣ ਲਈ ਵਚਨਬੱਧ ਹੈ ਤਾਂ ਜੋ ਉਨ੍ਹਾਂ ਨੂੰ ੋਜ਼ਿੰਦਗੀ ’ਚ ਇਹ ਕਦੀ ਵੀ ਮਹਿਸੂਸ ਨਾ ਹੋਵੇ ਕਿ ਉਨ੍ਹਾਂ ਨੂੰ ਸਰਕਾਰੀ ਸਕੂਲਾਂ ’ਚ ਪੜ੍ਹਾਈ ਦੌਰਾਨ ਉਸ ਤਰ੍ਹਾਂ ਦੀਆਂ ਸਹੂਲਤਾਂ ਅਤੇ ਸੁਵਿਧਾਵਾਂ ਨਹੀਂ ਮਿਲੀਆਂ ਜੋ ਮਹਿੰਗੀਆਂ ਫ਼ੀਸਾਂ ਦੇ ਕੇ ਪ੍ਰਾਈਵੇਟ ਸਕੂਲਾਂ ’ਚ ਹੀ ਮਿਲ ਸਕਦੀਆਂ ਹਨ।
ਅੱਜ ਇੱਥੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨਾਲ ਮੈਗਾ ਪੀ ਟੀ ਐਮ ਮੌਕੇ ਗੱਲਬਾਤ ਦੌਰਾਨ ਉੁਨ੍ਹਾਂ ਜਿੱਥੇ ਵਿਦਿਆਰਥੀਆਂ ਦੇ ਮਨ ਦੇ ਵਲਵਲਿਆਂ ਨੂੰ ਜਾਣਿਆਂ ਉੱਥੇ ਮਾਪਿਆਂ ਵੱਲੋਂ ਸਰਕਾਰ ਪਾਸੋਂ ਰੱਖੀਆਂ ਉਮੀਦਾਂ ਨੂੰ ਵੀ ਜਾਣਿਆ। ਉਨ੍ਹਾਂ ਕਿਹਾ ਕਿ ਕਦੇ ਸਮਾਂ ਹੁੰਦਾ ਸੀ ਕਿ ਕੇਵਲ ਪ੍ਰਾਈਵੇਟ ਸਕੂਲਾਂ ’ਚ ਹੀ ਮਾਪੇ ਅਧਿਆਪਕ ਮਿਲਣੀ ਕੀਤੀ ਜਾਂਦੀ ਸੀ ਪਰ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ’ਚ ਵੀ ਇਸ ਨੂੰ ਤਿਉਹਾਰ ਦੇ ਰੂਪ ’ਚ ਆਯੋਜਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 22 ਅਕਤੂਬਰ ਨੂੰ ਹੋਈ ਮੈਗਾ ਪੀ ਟੀ ਐਮ ’ਚ 21 ਲੱਖ ਤੋਂ ਵਧੇਰੇ ਮਾਪਿਆਂ ਨੇ ਸ਼ਿਰਕਤ ਕੀਤੀ ਸੀ ਜਦਕਿ ਦਸੰਬਰ 2023 ਦੌਰਾਨ ਇਹ ਗਿਣਤੀ 20.55 ਲੱਖ ਸੀ।
ਸਿਖਿਆ ਮੰਤਰੀ ਬੈਂਸ ਨੇ ਕਿਹਾ ਕਿ ਪੰਜਾਬ ਦੇ ਸਿਖਿਆ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਸਰਕਾਰੀ ਸਕੂਲਾਂ ’ਚੋਂ ਨਿਕਲੇ 189 ਬੱਚਿਆਂ ਨੂੰ ਆਈ ਆਈ ਟੀ ਵਰਗੀਆਂ ਵੱਕਾਰੀ ਸੰਸਥਾਂਵਾਂ ’ਚ ਦਾਖਲੇ ਦਾ ਆਧਾਰ ਬਣਦੇ ਜੇ ਈ ਈ ਮੇਨਜ਼ ਦੀ ਪ੍ਰਤੀਯੋਗੀ ਪ੍ਰੀਖਿਆ ਕਲੀਅਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਕੂਲ ਆਫ਼ ਐਮੀਨੈਂਸ ਦੀਆਂ 15000 ਸੀਟਾਂ ਲਈ 1.5 ਲੱਖ ਅਰਜ਼ੀਆਂ ਆ ਚੁੱਕੀਆਂ ਹਨ।
ਉਨ੍ਹਾਂ ਦੱਸਿਆ ਕਿ ਸੂਬੇ ’ਚ 42 ਸਕੂਲ ਆਫ਼ ਐਮੀਨੈਂਸ ਅਤੇ 425 ਸਕੂਲ ਆਫ਼ ਹੈਪੀਨੈੱਸ ਬਣ ਕੇ ਤਿਆਰ ਹਨ ਜਦਕਿ ਬਿਜ਼ਨਸ ਬਲਾਸਟਰਜ਼ ਤਿਆਰ ਕਰਨ ਲਈ 40 ਹੁਨਰ ਸਿਖਿਆ ਸਕੂਲ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ’ਚ ਸਕੂਲ ਸਿਖਿਆ ਵਿੱਚ ਬਹੁਤ ਸਾਰੇ ਕੰਮ ਹੋਏ ਹਨ, ਜਿਸ ਦੇ ਨਤੀਜੇ ਵਜੋਂ 99 ਫ਼ੀਸਦੀ ਸਕੂਲਾਂ ਚਾਰ ਦੀਵਾਰੀ ਹੈ। ਹੁਣ ਕੋਈ ਵੀ ਬੱਚਾ ਜ਼ਮੀਨ ’ਤੇ ਨਹੀਂ ਬੈਠਦਾ। ਲੜਕੇ ਤੇ ਲੜਕੀਆਂ ਲਈ ਸਾਫ਼-ਸੁੱਥਰਾ ਵੱਖਰਾ ਵਾਸ਼ਰੂਮ/ਪਖਾਨਾ ਹੈ। ਪੀਣ ਵਾਲਾ ਪਾਣੀ ਹੈ।
17 ਹਜ਼ਾਰ ਸਕੂਲਾਂ ’ਚ ਵਾਈ ਫ਼ਾਈ ਲਾ ਚੁੱਕੇ ਹਾਂ, ਕਰੀਬ 5000 ਸਕੂਲਾਂ ’ਚ ਸੋਲਰ ਪੈਨਲ ਲਾ ਚੁੱਕੇ ਹਾਂ। ਬਹੁਗਿਣਤੀ ਸਕੂਲਾਂ ’ਚ ਸੀ ਸੀ ਟੀ ਵੀ ਕੈਮਰੇ ਲੱਗ ਚੁੱਕੇ ਹਨ। ਪੰਜਾਬ ਦੇ 125 ਸਕੂਲਾਂ ’ਚ 250 ਬੱਸਾਂ ਚੱਲ ਰਹੀਆਂ ਹਨ, ਜਿਨ੍ਹਾਂ ਦਾ ਕਰੀਬ 10 ਹਜ਼ਾਰ ਬੱਚਿਆਂ ਨੂੰ ਲਾਭ ਮਿਲ ਰਿਹਾ ਹੈ। ਪੰਜਾਬ ਦੇ 500 ਅਤੇ ਇਸ ਤੋਂ ਵਧੇਰੇ ਗਿਣਤੀ ਵਾਲੇ ਸਕੂਲਾਂ ’ਚ ਸੁਰੱਖਿਆ ਗਾਰਡ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸੂਬੇ ’ਚ 20 ਹਜ਼ਾਰ ਅਧਿਆਪਕ ਦਿੱਤੇ ਹਨ। ਉਨ੍ਹਾਂ ਕਿਹਾ ਕਿ 525 ਤੋਂ ਵਧੇਰੇ ਅਧਿਆਪਕ ਸਿੰਘਾਪੁਰ, ਫ਼ਿਨਲੈਂਡ, ਆਈ ਆਈ ਐਮ ਅਹਿਮਦਾਬਾਦ ’ਚ ਵਿਸ਼ੇਸ਼ ਸਿਖਲਾਈ ਲੈ ਕੇ ਆਏ ਹਨ।
ਉਨ੍ਹਾ ਕਿਹਾ ਕਿ ਇਸ ਸਰਕਾਰ ਦੌਰਾਨ ਨਾ ਬੱਚਿਆਂ ਦੀ ਯੂਨੀਫ਼ਾਰਮ ਲਈ ਫ਼ਿਕਰ ਕਰਨ ਦੀ ਲੋੜ ਹੈ ਅਤੇ ਨਾ ਕਿਤਾਬਾਂ ਲਈ। ਨਵਾਂ ਸੈਸ਼ਨ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਰਿਹਾ ਹੈ। ਪਹਿਲੇ ਦਿਨ ਤੋਂ ਮੁਫ਼ਤ ਕਿਤਾਬਾਂ ਮੁਹੱਈਆ ਹੋਣਗੀਆਂ। ਉੁਨ੍ਹਾਂ ਕਿਹਾ ਕਿ ਇਸ ਵਾਰ ਕਿਤਾਬਾਂ ਦੀ ਛਪਾਈ ’ਚੋਂ 27 ਫ਼ੀਸਦੀ ਬਚਤ ਕੀਤੀ ਗਈ ਹੈ, ਜੋ ਕਿ ਕਰੀਬ 21 ਕਰੋੜ ਰੁਪਏ ਬਣਦੀ ਹੈ। ਇਹ ਛੋਟੀਆਂ ਛੋਟੀਆਂ ਬੱਚਤਾਂ ਸਰਕਾਰੀ ਸਕੂਲਾਂ ’ਚ ਹੋਰ ਬੇਹਤਰੀਨ ਸਹੂਲਤਾਂ ਦੇਣ ਦੇ ਕੰਮ ਆ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਕਦੇ ਸਮਾਂ ਹੁੰਦਾ ਸੀ ਕਿ ਸਰਕਾਰੀ ਸਕੂਲਾਂ ਬਾਰੇ ਨਾਂਹਪੱਖੀ ਹੀ ਸੁਣਨ ਨੂੰ ਮਿਲਦਾ ਸੀ ਪਰ ਅੱਜ ਹਾਲਾਤ ਬਦਲ ਗਏ ਹਨ, ਸਰਕਾਰੀ ਸਕੂਲ ਅਕਾਦਮਿਕ ਖੇਤਰ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸਖਸ਼ੀਅਤ ਉਸਾਰੀ ਅਤੇ ਖੇਡਾਂ ’ਚ ਵੀ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਵਚਨਬੱਧਤਾ ਹੈ ਕਿ ਅਗਲੇ ਦੋ ਸਾਲਾਂ ’ਚ ਪਿਛਲੇ ਤਿੰਨ ਸਾਲਾਂ ਨਾਲੋਂ ਵੀ ਸਿਖਿਆ ਸੁਧਾਰਾਂ ’ਚ ਹੋਰ ਬਹੁਤ ਕੰਮ ਕੀਤੇ ਜਾਣਗੇ।
ਇਸ ਮੌਕੇ ਸਕੂਲ ਸਿੱਖਿਆ ਦੇ ਵਿਸ਼ੇਸ਼ ਸਕੱਤਰ ਚਰਚਿਲ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਗਿੰਨੀ ਦੁੱਗਲ, ਪ੍ਰਿੰਸੀਪਲ ਲਵਿਸ਼ ਚਾਵਲਾ ਵੀ ਮੌਜੂਦ ਸਨ।