ਗੁਰਦੁਆਰਾ ਸਾਹਿਬ ਗਏ ਪਰਿਵਾਰ ਦੇ ਘਰ ਵਿੱਚ ਵੜੇ ਚੋਰ
ਨੌਜਵਾਨਾਂ ਨੇ ਹਿੰਮਤ ਕਰਕੇ ਫੜ ਲਿਆ ਇੱਕ
ਰੋਹਿਤ ਗੁਪਤਾ
ਗੁਰਦਾਸਪੁਰ , 28 ਮਾਰਚ 2025 :
ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਘੁੰਮਣ ਵਿਖੇ ਹਰਵਿੰਦਰ ਸਿੰਘ ਦਾ ਪੂਰਾ ਪਰਿਵਾਰ ਰੋਜ਼ਾਨਾ ਦੀ ਤਰ੍ਹਾਂ ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਵਿਖੇ ਗਿਆ ਸੀ ਕਿ ਪਿੱਛੋਂ ਉਹਨਾਂ ਦੇ ਘਰ ਵਿੱਚ ਤਿੰਨ ਚੋਰ ਵੜ ਗਏ । ਜਦੋਂ ਉਹਨਾਂ ਨੇ ਅੰਦਰ ਵੜਨ ਲਈ ਬਾਰੀ ਦਾ ਸ਼ੀਸ਼ਾ ਤੋੜਿਆ ਤਾਂ ਗੁਆਂਡ ਵਿੱਚ ਰਹਿੰਦੇ ਹਰਵਿੰਦਰ ਸਿੰਘ ਦੇ ਰਿਸ਼ਤੇਦਾਰਾਂ ਦੇ ਪਰਿਵਾਰ ਨੂੰ ਇਸਦਾ ਪਤਾ ਲੱਗ ਗਿਆ। ਪਰਿਵਾਰ ਦੇ ਨੌਜਵਾਨ ਦਿਲਬਾਗ ਸਿੰਘ ਨੇ ਮੈਸੇਜ ਕਰਕੇ ਆਪਣੇ ਦੋਸਤਾਂ ਨੂੰ ਬੁਲਾ ਲਿਆ ਪਰ ਚੋਰਾਂ ਨੂੰ ਇਸ ਦੀ ਭਣਕ ਮਿਲ ਗਈ ਤਾਂ ਉਹ ਮੋਟਰਸਾਈਕਲ ਉਥੇ ਹੀ ਛੱਡ ਕੇ ਦੌੜ ਗਏ । ਮੌਕੇ ਤੇ ਇਕੱਠੇ ਹੋਏ ਦਿਲਬਾਗ ਸਿੰਘ ਅਤੇ ਉੱਤੇ ਦੋਸਤਾਂ ਨੇ ਚੋਰਾਂ ਦਾ ਪਿੱਛਾ ਕੀਤਾ ਤੇ ਤਿੰਨਾਂ ਵਿੱਚੋਂ ਇੱਕ ਚੋਰ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ । ਪੀੜਤ ਪਰਿਵਾਰ ਦੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋਂ ਘਰ ਵਿੱਚੋਂ ਪੰਜ-ਛੇ ਹਜਾਰ ਰੁਪਏ ਦੇ ਕਰੀਬ ਨਕਦੀ ਚੋਰੀ ਕੀਤੀ ਗਈ ਸੀ ਪਰ ਉਹ ਵੱਡਾ ਹੱਥ ਮਾਰ ਪਾਂਉਦੇ ਇਸ ਤੋਂ ਪਹਿਲਾਂ ਹੀ ਰੌਲਾ ਪੈਣਾ ਸ਼ੁਰੂ ਹੋ ਗਿਆ ਅਤੇ ਉਹ ਦੌੜ ਗਏ ।
ਉੱਥੇ ਹੀ ਮੌਕੇ ਤੇ ਪਹੁੰਚੇ ਥਾਣਾ ਡੇਰਾ ਬਾਬਾ ਨਾਨਕ ਦੇ ਏਐਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਨੌਜਵਾਨਾਂ ਨੇ ਹਿੰਮਤ ਕਰਕੇ ਇੱਕ ਚੋਰ ਨੂੰ ਫੜਿਆ ਹੈ ਜਦਕਿ ਉਸਦੇ ਦੋ ਸਾਥੀ ਦੌੜਨ ਵਿੱਚ ਕਾਮਯਾਬ ਹੋ ਗਏ ਹਨ। ਫੜੇ ਗਏ ਚੋਰ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।