Babushahi Special: ਦੁਖਾਂਤ: ਖੁਦਕਸ਼ੀਆਂ ਦੀ ਰਾਹ ਤੁਰ ਗਏ ਪਿਓ ਤੇ ਪੁੱਤ ਕੁੜੇ
ਅਸ਼ੋਕ ਵਰਮਾ
ਬਠਿੰਡਾ,29ਮਾਰਚ 2025:ਕਪਾਹ ਪੱਟੀ ਦੀਆਂ ਦਰਜਨਾਂ ਵਿਧਵਾਵਾਂ ਦਾ ਦੁਖਾਂਤ ਹੈ ਜੋ ਨਾਂ ਪੁੱਤ ਬਚਾ ਸਕੀਆਂ ਤੇ ਨਾਂ ਹੀ ਪਤੀ। ਕਈ ਤਾਂ ਅਜਿਹੀਆਂ ਵੀ ਹਨ ਜਿੰਨ੍ਹਾਂ ਦੇ ਘਰਾਂ ’ਚ ਕਰਜੇ ਨੇ ਸੱਥਰਾਂ ਦੀ ਲੜੀ ਨਾਂ ਟੁੱਟਣ ਦਿੱਤੀ ਜਦੋਂਕਿ ਕਈਆਂ ਨੂੰ ਖੇਤੀ ਤੇ ਆਏ ਸੰਕਟ ਅਤੇ ਖੇਤੀ ਕਾਨੂੰਨਾਂ ਖਿਲਾਫ ਚੱਲੇ ਸੰਘਰਸ਼ ਨੇ ਅਜਿਹਾ ਦਰਦ ਦਿੱਤਾ ਜਿਸ ਦੀ ਕੋਈ ਇੰਤਹਾ ਨਹੀਂ ਹੈ। ਬਠਿੰਡਾ ਜਿਲ੍ਹੇ ਦਾ ਵੱਡਾ ਪਿੰਡ ਤੁੰਗਵਾਲੀ ਜਿਸ ਦਾ ਗੱਭਰੂ ਜੈ ਸਿੰਘ ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋ ਗਿਆ। ਇਸ ਪ੍ਰੀਵਾਰ ਨੂੰ ਤਾਂ ਦੂਹਰੀ ਮਾਰ ਪਈ ਹੈ ਕਿਉਂਕਿ ਪੁੱਤ ਹੀ ਇਕੱਲਾ ਕਮਾਊ ਜੀਅ ਸੀ। ਕਿਸਾਨ ਜੈ ਸਿੰਘ ਆਪਣੇ ਪਿੱਛੇ ਇੱਕ ਲੜਕਾ ਅਤੇ ਦੋ ਧੀਆਂ ਛੱਡ ਗਿਆ ਹੈ ਜਿੰਨ੍ਹਾਂ ਦੀ ਕਦੇ ਨਾਂ ਮੁੱਕਣ ਵਾਲੀ ਉਡੀਕ ਅਜਿਹੀ ਸ਼ੁਰੂ ਹੋਈ ਜਿਸ ਨੇ ਖਤਮ ਹੋਣ ਦਾ ਨਾਮ ਹੀ ਨਹੀਂ ਲੈਣਾ ਹੈ।
ਅਜਿਹਾ ਹੀ ਭਾਣਾ ਮੋਗਾ ਜਿਲ੍ਹੇ ਦੇ ਪਿੰਡ ਭਿੰਡਰ ਕਲਾਂ ’ਚ ਵਾਪਰਿਆ ਹੈ ਜਿੱਥੇ ਕਿਸਾਨ ਮੱਖਣ ਖਾਨ ਨੂੰ ਵੀ ਦਿੱਲੀ ਅੰਦੋਲਨ ਨੇ ਨਿਗਲ ਲਿਆ। ਮੱਖਣ ਖਾਨ ਦਿੱਲੀ ਬਾਰਡਰ ਤੇ ਡਟਿਆ ਹੋਇਆ ਸੀ ਜਿੱਥੇ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਜਾਨ ਚਲੀ ਗਈ। ਮੱਖਣ ਖਾਨ ਆਪਣੇ ਸਵਰਗੀ ਭਰਾ ਦਾ ਪ੍ਰੀਵਾਰ ਵੀ ਪਾਲ ਰਿਹਾ ਸੀ। ਪਿਤਾ ਚੱਲ ਵਸਿਆ ਤਾਂ ਭਰਾ ਦਰਸ਼ਨ ਖਾਨ ਨੇ ਜਿੰਮੇਵਾਰੀ ਸੰਭਾਲ ਲਈ। ਜਦੋਂ ਦਾ ਮੱਖਣ ਖਾਨ ਰੁਖਸਤ ਹੋਇਆ ਹੈ ਤਾਂ ਦੋ ਵਿਧਵਾਵਾਂ ਤੇ ਅਨਾਥ ਬੱਚਿਆਂ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ। ਭੰਮੇ ਕਲਾਂ ਦੀ ਵਿਧਵਾ ਬਲਦੇਵ ਕੌਰ ਨਾ ਪੁੱਤ ਬਚਾ ਸਕੀ ਅਤੇ ਨਾ ਹੀ ਪਤੀ। ਪਹਿਲਾਂ ਬਲਦੇਵ ਕੌਰ ਦਾ ਪਤੀ ਮਿੱਠੂ ਸਿੰਘ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਗਿਆ ਅਤੇ ਮਗਰੋਂ ਪੁੱਤ ਕੁਲਵਿੰਦਰ ਸਿੰਘ । ਹੁਣ ਉਸ ਕੋਲ ਸਿਰਫ਼ ਦੋ ਤਸਵੀਰਾਂ ਬਚੀਆਂ ਹਨ ਜਾਂ ਫਿਰ ਸਿਰਫ ਹੰਝੂ ।
ਇਹ ਇੰਨ੍ਹਾਂ ਪ੍ਰੀਵਾਰਾਂ ਦੀ ਰਾਮ ਕਹਾਣੀ ਨਹੀਂ ਬਲਕਿ ਪੰਜਾਬ ਦੀ ਕਪਾਹ ਪੱਟੀ ’ਚ ਤਿੰਨ ਦਹਾਕੇ ਤੋਂ ਵਿਰਲਾਪ ਹੋ ਰਿਹਾ ਹੈ। ਵਿਧਵਾਂ ਔਰਤਾਂ ਤਸਵੀਰਾਂ ਨੂੰ ਚੁੱਕ ਕੇ ਕਦੇ ਸਰਕਾਰੀ ਦਫ਼ਤਰਾਂ ’ਚ ਗਈਆਂ ਅਤੇ ਕਦੇ ਧਰਨਿਆਂ ਵਿੱਚ ਬੈਠੀਆਂ। ਆਪਣੇ ਦੁੱਖ ਦੱਸਣ ਲਈ ਉਨ੍ਹਾਂ ਨੂੰ ਤਸਵੀਰਾਂ ਚੁੱਕ ਕੇ ਦਿੱਲੀ ਦੀਆਂ ਬਰੂਹਾਂ ’ਤੇ ਵੀ ਜਾਣਾ ਪਿਆ ਫਿਰ ਵੀ ਬਹੁਤੇ ਘਰਾਂ ਦੀ ਇਹੋ ਕਹਾਣੀ ਬਣੀ ਹੋਈ ਹੈ। ਪਿੰਡ ਝੇਰਿਆਂ ਵਾਲੀ ਦੀ ਦਲੀਪ ਕੌਰ ਦਾ ਇੱਕ ਪੁੱਤ ਜੱਗਾ ਸਿੰਘ ਦੀ ਤੇ ਦੂਜੀ ਨੂੰਹ ਕਰਮਜੀਤ ਕੌਰ ਅੱਗੇ ਪਿੱਛੇ ਦੋਵੇਂ ਜੀਅ ਖ਼ੁਦਕੁਸ਼ੀ ਦੇ ਰਾਹ ਪੈ ਗਏ। ਦਲੀਪ ਕੌਰ ਆਖਦੀ ਹੈ ਕਿ ਉਹ ਨਾ ਪੁੱਤ ਬਚਾ ਸਕੀ ਅਤੇ ਨਾ ਹੀ ਜ਼ਮੀਨ। ਪੋਤੇ ਹੀ ਉਸ ਦੀ ਆਖ਼ਰੀ ਢਾਰਸ ਹਨ। ਸੈਂਕੜੇ ਪਰਿਵਾਰ ਹਨ, ਜਿਨ੍ਹਾਂ ’ਚ ਦੋ ਦੋ ਕਮਾਊ ਜੀਅ ਖੇਤੀ ਸੰਕਟ ਦੀ ਭੇਟ ਚੜ੍ਹ ਗਏ ਹਨ।
ਪਿੰਡ ਕੋਟਧਰਮੂ ਦਾ ਨਾਜ਼ਰ ਸਿੰਘ ਜਦੋਂ ਕਰਜ਼ ਨਾ ਉਤਾਰ ਸਕਿਆ, ਫਾਹਾ ਲੈ ਕੇ ਖ਼ੁਦਕੁਸ਼ੀ ਕਰ ਗਿਆ। ਉਹੀ ਕਰਜ਼ਾ ਪੁੱਤ ਸਿਰ ਹੋ ਗਿਆ। ਪੁੱਤਰ ਰਾਮ ਸਿੰਘ ਵੀ ਸਲਫਾਸ ਖਾ ਗਿਆ। ਮਾਂ ਲੀਲੋ ਕੌਰ ਹੁਣ ਕਿੱਧਰ ਜਾਏ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਸ਼ੁੱਕਰਵਾਰ ਨੂੰ ਬਠਿੰਡਾ ਧਰਨੇ ’ਚ ਸ਼ਾਮਲ ਹੋਣ ਆਈ ਇੱਕ ਬਿਰਧ ਔਰਤ ਨੇ ਦੱਸਿਆ ਕਿ ਜਦੋਂ ਉਹ ਸੰਘਰਸ਼ ਲਈ ਤੁਰਦੀ ਹੈ ਤਾਂ ਉਹ ਪਹਿਲਾਂ ਪੁੱਤ ਦੀ ਫੋਟੋ ਨੂੰ ਆਵਾਜ਼ ਦਿੰਦੀ ਹੈ ‘ਆ ਵੇ ਪੁੱਤਾ, ਪੈਲੀਆਂ ਦੀ ਲੜਾਈ ਲੜਨ ਚੱਲੀਏ।’ ਉਹ ਆਖਦੀ ਹੈ, ‘ਜਦੋਂ ਤਸਵੀਰ ਦੇਖਦੀ ਹਾਂ ਤਾਂ ਰਾਤਾਂ ਨੂੰ ਨੀਂਦ ਨਹੀਂ ਆਉਂਦੀ। ‘ਏਦਾਂ ਦੀਆਂ ਸੈਂਕੜੇ ਦੁਖਿਆਰੀਆਂ ਦਾ ਦਰਦ ਹੈ ‘ਖ਼ੁਦਕੁਸ਼ੀਆਂ ਦੇ ਰਾਹੇ ਤੁਰ ਗਏ, ਪਿਉ ਤੇ ਪੁੱਤ ਕੁੜੇ।’ ਜਦੋਂ ਤੋਂ ਕਮਾਊ ਜੀਅ ਗਏ ਹਨ ਤਾਂ ਇਨ੍ਹਾਂ ਵਿਧਵਾ ਔਰਤਾਂ ਦੀ ਜ਼ਿੰਦਗੀ ਵੀ ਸ਼ਮਸ਼ਾਨ ਬਣ ਗਈ ਹੈ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲ੍ਹੋ ਦਾ ਸ਼ੁਭਕਰਨ ਸਿੰਘ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਮੋਰਚੇ ਦਾ ਪਹਿਲਾ ‘ਖੇਤੀ ਸ਼ਹੀਦ’ ਹੈ। ਖਨੌਰੀ ਬਾਰਡਰ ’ਤੇ ਕਿਸਾਨਾਂ ਅਤੇ ਹਰਿਆਣਾ ਪੁਲੀਸ ਵਿੱਚ ਹੋਈ ਤਲਖੀ ਕਾਰਨ ਉਸ ਦੀ ਮੌਤ ਹੋ ਗਈ ਸੀ। ਸ਼ੁਭਕਰਨ ਦੇ ਪ੍ਰੀਵਾਰ ਨੂੰ ਹੁਣ ਕੋਈ ਢਾਰਸ ਨਹੀਂ ਹੈ। ਪਿੰਡ ਗੁੜਥੜੀ ਦੇ ਨੌਜਵਾਨ ਜਸਵੀਰ ਸਿੰਘ ਨੇ ਪੈਲੀ ਦੇ ਬਚਾਓ ਲਈ ਹਰ ਹੀਲਾ ਵਸੀਲਾ ਕੀਤਾ। ਜਦੋਂ ਫਸਲਾਂ ਨੇ ਹੰਭਾ ਦਿੱਤਾ ਤਾਂ ਉਸ ਨੇ ਜ਼ਿੰਦਗੀ ਨੂੰ ਅਲਵਿਦਾ ਆਖ ਦਿੱਤੀ। ਇਸ ਕਿਸਾਨ ਮਾਂ ਦੇ ਕਦੇ ਨਾਂ ਮੁੱਕਣ ਵਾਲੇ ਹੰਝੂ ਅੱਜ ਵੀ ਖੇਤਾਂ ਦੀ ਉਲਝੀ ਤਾਣੀ ਦੀ ਗਵਾਹੀ ਭਰਦੇ ਹਨ। ਬਠਿੰਡਾ ਜ਼ਿਲ੍ਹੇ ਦੀ ਤਲਵੰਡੀ ਸਾਬੋ ਤਹਿਸੀਲ ਦੇ ਪਿੰਡ ਭਗਵਾਨਗੜ੍ਹ (ਭੁੱਖਿਆਂ ਵਾਲੀ) ਦੇ ਕਿਸਾਨ ਜਗਦੇਵ ਸਿੰਘ ਕਰਜੇ ਦੀ ਪੰਡ ਦਾ ਬੋਝ ਨਾਂ ਸਹਾਰਦਾ ਜਹਾਨੋਂ ਤੁਰ ਗਿਆ ਤਾਂ ਪਿੱਛੇ ਪਰਿਵਾਰ ਦੇ ਦੁੱਖਾਂ ਦੀ ਦਸਤਾਨ ਬਚੀ ਹੈ।
ਖੇਤੀ ਸੰਕਟ ਨਿਸ਼ਾਨਾ ਔਰਤ : ਬਿੰਦੂ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਮਹਿਲਾ ਕਿਸਾਨ ਵਿੰਗ ਦੀ ਪ੍ਰਧਾਨ ਹਰਿੰਦਰ ਬਿੰਦੂ ਦਾ ਕਹਿਣਾ ਸੀ ਕਿ ਕਪਾਹ ਪੱਟੀ ਦੀਆਂ ਵਿਧਵਾ ਔਰਤਾਂ ਇੱਕ ਤਰਾਂ ਨਾਲ ਲਾਸ਼ਾਂ ਬਣ ਗਈਆਂ ਹਨ। ਉਨ੍ਹਾਂ ਕਿਹਾ ਕਿ ਖੇਤੀ ਸੰਕਟ ਕਾਰਨ ਕਿਸਾਨਾਂ ਦੀ ਮੌਤ ਕੋਈ ਖੁਦਕਸ਼ੀ ਨਹੀਂ ਬਲਕਿ ਹਕੂਮਤੀ ਕਤਲ ਹਨ ਜਿੰਨ੍ਹਾਂ ਦੀ ਵੱਡੀ ਮਾਰ ਔਰਤਾਂ ਨੂੰ ਝੱਲਣੀ ਪਈ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਤਣਾਅ ਵਿਚ ਹੁੰਦੇ ਹਨ ਤਾਂ ਪਿੱਛੇ ਔਰਤਾਂ ਨੂੰ ਕਿਸੇ ਜਾਨੀ ਨੁਕਸਾਨ ਦੇ ਡਰੋਂ ਮਾਨਸਿਕ ਪ੍ਰੇਸ਼ਾਨੀ ਵਿਚੋਂ ਦੀ ਲੰਘਣਾ ਪੈਂਦਾ ਹੈ। ਹਰਿੰਦਰ ਬਿੰਦੂ ਨੇ ਕਿਹਾ ਕਿ ਕਿਸਾਨ ਤੇ ਮਜਦੂਰ ਪਰਿਵਾਰਾਂ ਦੀਆਂ ਔਰਤਾਂ ਖੇਤੀ ਸੰਕਟ ਦਾ ਨਿਸ਼ਾਨਾ ਬਣੀਆਂ ਹਨ।