ਸੌਰੀ ਜੀ: ਗਲਤ ਸ਼ਰਤਾਂ ਥੋਪੀਆਂ ਗਈਆਂ
ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ 4300 ਗਾਹਕਾਂ ਨੂੰ ਆਰ-21 ਵੀਜ਼ਾ ਦੇਣ ਸਮੇਂ ਕੀਤੀ ਗਲਤੀ ਲਈ ਮੰਗੀ ਮੁਆਫ਼ੀ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 28 ਮਾਰਚ 2025:-ਵੈਸੇ ਤਾਂ ਇਮੀਗ੍ਰੇਸ਼ਨ ਦੇ ਕੰਮਕਾਰ ਬੜੇ ਉਚ ਪੱਧਰ ਦੇ ਹੁੰਦੇ ਹਨ, ਪਰ ਥੋਕ ਵਿਚ ਗਲਤੀਆਂ ਕਰਨ ਦਾ ਉਲਾਂਭਾ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੂੰ ਆਇਆ ਹੀ ਰਹਿੰਦਾ ਹੈ। ਇਮੀਗ੍ਰੇਸ਼ਨ ਨੇ ਹੁਣ ਕਿਹਾ ਹੈ ਕਿ ‘‘ਸਾਨੂੰ ਪਤਾ ਲੱਗਿਆ ਹੈ ਕਿ ਕੁਝ 2021 ਰੈਜ਼ੀਡੈਂਟ ਵੀਜ਼ਾ ਗਲਤ ਯਾਤਰਾ ਸ਼ਰਤਾਂ ਨਾਲ ਜਾਰੀ ਕੀਤੇ ਗਏ ਸਨ, ਅਤੇ ਅਸੀਂ ਇਹ ਦਰੁਸਤ ਕਰ ਦਿੱਤੇ ਹਨ। ਲਗਭਗ 4,300 ਗਾਹਕਾਂ ਨੂੰ ਗਲਤ ਯਾਤਰਾ ਸ਼ਰਤਾਂ ਜਾਂ ਤਰੀਕਾਂ ਮਿਲੀਆਂ ਸਨ ਜਦੋਂ ਉਨ੍ਹਾਂ ਨੂੰ ਨਿਊਜ਼ੀਲੈਂਡ ਵਿਚ ਪਹਿਲੀ ਵਾਰ ਪ੍ਰਵੇਸ਼ ਕਰਨ ਦੀ ਲੋੜ ਸੀ। ਅਸੀਂ ਗਲਤੀ ਲਈ ਮਾਫੀ ਮੰਗਦੇ ਹਾਂ ਅਤੇ ਗਾਹਕਾਂ ’ਤੇ ਹੋਣ ਵਾਲੇ ਪ੍ਰਭਾਵ ਲਈ ਖੇਦ ਪ੍ਰਗਟ ਕਰਦੇ ਹਾਂ। ਇਸ ਸਮੱਸਿਆ ਦਾ ਹੱਲ ਕਰਨ ਲਈ, ਅਸੀਂ ਇਹ ਰੈਜ਼ੀਡੈਂਟ ਵੀਜ਼ਾ ਦੀਆਂ ਯਾਤਰਾ ਸ਼ਰਤਾਂ ਵਿੱਚ ਤਬਦੀਲੀ ਕੀਤੀ ਹੈ ਅਤੇ ਅਸੁਵਿਧਾ ਲਈ ਰਿਆਇਤਾਂ ਦਿੱਤੀਆਂ ਹਨ। ਗਾਹਕਾਂ (ਜਾਂ ਉਨ੍ਹਾਂ ਦੇ ਪ੍ਰਤੀਨਿਧੀਆਂ) ਨਾਲ ਸੰਪਰਕ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਨਵੀਆਂ ਯਾਤਰਾ ਸ਼ਰਤਾਂ ਦੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਇਹ ਸ਼ਰਤਾਂ ਉਹਨਾਂ ਨਾਲ ਮੇਲ ਖਾਂਦੀਆਂ ਹਨ ਜੋ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਸਨ ਅਤੇ ਉਨ੍ਹਾਂ ਨੂੰ ਵਾਧੂ ਸਮਾਂ ਪ੍ਰਦਾਨ ਕਰਦੀਆਂ ਹਨ।””
-ਜਿਹੜੇ ਗਾਹਕ 2021 ਰੈਜ਼ੀਡੈਂਟ ਵੀਜ਼ਾ ਮੰਜੂਰ ਹੋਣ ਦੇ ਬਾਅਦ ਨਿਊਜ਼ੀਲੈਂਡ ਵਿਚ ਰਹਿ ਰਹੇ ਹਨ, ਅਸੀਂ ਉਨ੍ਹਾਂ ਨੂੰ 2 ਸਾਲ ਦੀਆਂ ਯਾਤਰਾ ਸ਼ਰਤਾਂ 27 ਮਾਰਚ 2025 ਤੋਂ ਸ਼ੁਰੂ ਕਰ ਕੀਤੀਆਂ ਹਨ।
-ਜਿਨਾਂ ਗਾਹਕਾਂ ਨੇ ਹੁਣ ਤੱਕ ਨਿਊਜ਼ੀਲੈਂਡ ਦਾ ਦੌਰਾ ਨਹੀਂ ਕੀਤਾ ਹੈ ਅਤੇ ਉਨ੍ਹਾਂ ਦੇ ਵੀਜ਼ਾ ਸ਼ਰਤਾਂ ਹਾਲੇ ਵੀ ਮਾਨਤਾ ਦੇ ਵਿਚ ਹਨ, ਅਸੀਂ ਉਨ੍ਹਾਂ ਨੂੰ 12 ਮਹੀਨੇ ਦਾ ਸਮਾਂ ਦਿੱਤਾ ਹੈ ਕਿ ਉਹ ਨਿਊਜ਼ੀਲੈਂਡ ਵਿਚ ਪ੍ਰਵੇਸ਼ ਕਰਨ, ਜੋ 27 ਮਾਰਚ 2025 ਤੋਂ ਸ਼ੁਰੂ ਹੁੰਦਾ ਹੈ। ਇਸ ਦਾ ਅਰਥ ਹੈ ਕਿ ਉਨ੍ਹਾਂ ਕੋਲ 26 ਮਾਰਚ 2026 ਤੱਕ ਨਿਊਜ਼ੀਲੈਂਡ ਵਿਚ ਆਉਣ ਦਾ ਸਮਾਂ ਹੈ। ਜੇਕਰ ਉਹ ਇਸ ਸਮੇਂ ਦੌਰਾਨ ਨਿਊਜ਼ੀਲੈਂਡ ਵਿਚ ਪ੍ਰਵੇਸ਼ ਕਰਦੇ ਹਨ, ਉਨ੍ਹਾਂ ਨੂੰ 2 ਸਾਲ ਦੀਆਂ ਯਾਤਰਾ ਸ਼ਰਤਾਂ ਪ੍ਰਦਾਨ ਕੀਤੀਆਂ ਜਾਣਗੀਆਂ।’’