ਸੀਵਰੇਜ਼ ਦਾ ਗੰਦਾ ਪਾਣੀ ਕੱਢਣ ਲਈ ਵਿਛਾਈ ਜਾ ਰਹੀ ਪਾਈਪਲਾਈਨ ਖਿਲਾਫ ਰੱਫੜ ਪਿਆ
ਅਸ਼ੋਕ ਵਰਮਾ
ਬਠਿੰਡਾ, 25 ਮਾਰਚ 2025: ਸੀਵਰੇਜ਼ ਦਾ ਗੰਦਾ ਪਾਣੀ ਕੱਢਣ ਲਈ ਪਾਈਆਂ ਜਾ ਰਹੀਆਂ ਪਾਈਪਾਂ ਖਿਲਾਫ ਬਠਿੰਡਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਪੈਂਦੇ ਪਿੰਡ ਦਿਆਲਪੁਰਾ ਮਿਰਜ਼ਾ ਦੇ ਲੋਕਾਂ ਨੇ ਨਵਾਂ ਰੱਫੜ ਪਾ ਦਿੱਤਾ ਹੈ। ਸੋਮਵਾਰ ਨੂੰ ਪਿੰਡ ਵਾਸੀਆਂ , ਪੰਚਾਇਤ ਅਤੇ ਪਿੰਡ ਦੇ ਪਤਵੰਤੇ ਵਿਅਕਤੀਆਂ ਨੇ ਬਠਿੰਡਾ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦੇਕੇ ਐਲਾਨ ਕਰ ਦਿੱਤਾ ਹੈ ਕਿ ਜੇਕਰ ਇਸ ਮਾਮਲੇ ’ਚ ਇਨਸਾਫ ਨਾਂ ਮਿਲਿਆ ਤਾਂ ਉਹ ਸੰਘਰਸ਼ ਨੂੰ ਹੋਰ ਵੀ ਭਖਾ ਦੇਣਗੇ ਜਿਸ ਦੇ ਸਿੱਟਿਆਂ ਪ੍ਰਤੀ ਅਫਸਰ ਜਿੰਮੇਵਾਰ ਹੋਣਗੇ। ਓਧਰ ਪਿੰਡ ਵਾਸੀਆਂ ਦੇ ਰੁੱਖ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਨੇ ਮੀਟਿੰਗ ਸੱਦੀ ਸੀ। ਪਿੰਡ ਵਾਸੀ ਤੇ ਟਰਾਂਸਪੋਰਟਰ ਤੀਰਥ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਸਥਿਤੀ ਤੋਂ ਜਾਣੂੰ ਕਰਵਾਇਆ ਅਤੇ ਪਿੰਡ ਨੂੰ ਹੋਣ ਵਾਲੇ ਨੁਕਸਾਨ ਪ੍ਰਤੀ ਵੀ ਜਾਣਕਾਰੀ ਦਿੱਤੀ ।
ਉਨ੍ਹਾਂ ਦੱਸਿਆ ਕਿ ਬਰਸਾਤੀ ਨਾਲੇ ਦੀ ਲੰਮੇ ਸਮੇਂ ਤੋਂ ਸਫਾਈ ਨਹੀਂ ਹੋਈ ਜਿਸ ਕਰਕੇ ਸੀਵਰੇਜ਼ ਦਾ ਪਾਣੀ ਪਾਉਣ ਕਾਰਨ ਫਸਲਾਂ ਦਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨ ਨੂੰ ਪਾਈਪਲਾਈਨ ਦੇ ਬਦਲਵੇਂ ਰੂਟ ਬਾਰੇ ਵੀ ਜਾਣਕਾਰੀ ਦਿੱਤੀ ਹੈ ਜੋ ਮੌਜੂਦਾ ਲਾਈਨ ਵਾਲੀ ਥਾਂ ਨਾਲੋਂ ਘੱਟ ਪੈਂਦਾ ਹੈ ਜਿਸ ਨਾਲ ਪ੍ਰਜੈਕਟ ਦੀ ਲਾਗਤ ’ਚ ਕਮੀ ਆਏਗੀ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਨਹਿਰੀ ਵਿਭਾਗ ਨੂੰ ਡਰੇਨ ਦੀ ਸਫਾਈ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ਅਤੇ ਖਾਮੀਆਂ ਦੀੇ ਨਜ਼ਰਸਾਨੀ ਦਾ ਭਰੋਸਾ ਵੀ ਦਿਵਾਇਆ ਹੈ। ਓਧਰ ਪਿੰਡ ਦੀ ਮਹਿਲਾ ਸਰਪੰਚ ਦੇ ਲੜਕੇ ਗੁਰਸੇਵਕ ਸਿੰਘ ਸੋਨੀ, ਪੰਚ ਹਰਵਿੰਦਰ ਸਿੰਘ, ਬਲਾਕ ਸੰਮਤੀ ਦੇ ਸਾਬਕਾ ਡਿਪਟੀ ਚੇਅਰਮੈਨ ਗੁਰਪਾਲ ਸਿੰਘ ਭੱਟੀ, ਨੰਬਰਦਾਰ ਕੰਵਲਜੀਤ ਸਿੰਘ, ਪੰਚ ਰਣਜੀਤ ਸਿੰਘ, ਪੰਚ ਹਰਪ੍ਰੀਤ ਸਿੰਘ, ਮਹਿੰਦਰ ਸਿੰਘ ਤੇ ਡਾ. ਜਸਪਾਲ ਸਿੰਘ ਨੇ ਵੀ ਇਸ ਸਬੰਧੀ ਇਤਰਾਜ ਜਤਾਇਆ ਹੈ
ਉਨ੍ਹਾਂ ਦੱਸਿਆ ਕਿ ਨਥਾਣਾ ਖੇਤਰ ਤੋਂ ਉਨ੍ਹਾਂ ਦੇ ਪਿੰਡ ਨਜ਼ਦੀਕ ਸਥਿਤ ਸੇਮ ਨਾਲੇ ਵਿਚ ਇਕ ਸੀਵਰੇਜ ਪਾਈਪਲਾਈਨ ਪਾਈ ਜਾ ਰਹੀ ਹੈ ਜਿਸ ਤੇ ਉਨ੍ਹਾਂ ਨੂੰ ਇਤਰਾਜ਼ ਹੈ। ਉਨ੍ਹਾਂ ਕਿਹਾ ਕਿ ਸਬੰਧਿਤ ਵਿਭਾਗ ਜਾਂ ਠੇਕੇਦਾਰ ਨੇ ਪਿੰਡ ਦੇ ਲਾਗੇ ਪੁੱਜ ਚੁੱਕੀ ਇਸ ਪਾਈਪਲਾਈਨ ਬਾਰੇ ਪਿੰਡ ਦੀ ਪੰਚਾਇਤ ਨੂੰ ਭਰਸੇ ’ਚ ਨਹੀਂ ਲਿਆ ਹੈ। ਉਨ੍ਹਾਂ ਚਿੰਤਾ ਜਤਾਈ ਕਿ ਐਨ ਆਬਾਦੀ ਅਤੇ ਸਕੂਲ ਨੇੜੇ ਪਾਈ ਜਾਣ ਵਾਲੀ ਇਸ ਪਾਈਪ ਲਾਈਨ ਨਾਲ ਪਿੰਡ ਵਾਸੀਆਂ ਅਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਦੱਸਿਆ ਕਿ ਇਸ ਪਾਈਪਲਾਈਨ ਕਾਰਨ ਭਿਆਂਨਕ ਬਿਮਾਰੀਆਂ ਫੈਲਣ ਦਾ ਖਤਰਾ ਹੈ ਜੋਕਿ ਹੋਰ ਵੀ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਇਹ ਪਾਈਪਲਾਈ ਗੈਰਅਬਾਦੀ ਵਾਲੇ ਇਲਾਕੇ ਅਤੇ ਬਦਲਵੇਂ ਰਾਹ ਰਾਹੀਂ ਪਾਈ ਜਾ ਸਕਦੀ ਹੈ ਪਰ ਪਤਾ ਨਹੀਂ ਕਿਉਂ ਪ੍ਰਸ਼ਾਸ਼ਨ ਲੋਕਾਂ ਦੀਆਂ ਮੁਸ਼ਕਲਾਂ ਸਮਝਣ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਰੋਸ ਵਜੋਂ ਪਿੰਡ ’ਚ ਰੋਸ ਧਰਨਾ ਵੀ ਲਾਇਆ ਹੋਇਆ ਹੈ ਜੋ ਮਸਲੇ ਦਾ ਹੱਲ ਹੋਣ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮਸਲਾ ਹੱਲ ਨਾ ਹੋਣ ਦੀ ਸੂਰਤ ’ਚ ਪਿਡ ਵਾਸੀ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।