1100 ਕਰੋੜ ਰੁਪਏ ਤੋਂ ਵਧੇਰੇ ਦੀ ਕਿਸਾਨਾਂ ਨੂੰ ਫਸਲ ਦੀ ਹੋਈ ਆਦਇਗੀ
ਇਕ ਦਿਨ ਦੀ ਖਰੀਦ ਤੇ ਲਿਫਟਿੰਗ ਦੋਨੋ ਲਗਭਗ ਬਰਾਬਰ, ਨਹੀਂ ਆਵੇਗੀ ਕਿਸਾਨਾਂ ਨੂੰ ਕੋਈ ਦਿੱਕਤ
ਫਾਜ਼ਿਲਕਾ 26 ਅਪ੍ਰੈਲ : ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਣਕ ਦੇ ਸੀਜਨ ਦੌਰਾਨ ਕਿਸਾਨਾਂ ਨੂੰ ਫਸਲਾਂ ਦੀ ਨਾਲੋਂ ਨਾਲ ਅਦਾਇਗੀ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਫਾਜ਼ਿਲਕਾ ਜ਼ਿਲ੍ਹੇ ਵਿੱਚ ਸਰਕਾਰ ਵੱਲੋਂ ਨਿਰਧਾਰਿਤ ਟੀਚੇ ਤੋਂ ਵੀ ਅੱਗੇ ਜਾ ਕੇ 48 ਘੰਟੇ ਤੋਂ ਵੀ ਪਹਿਲਾਂ ਫਸਲ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਜਾ ਰਹੀ ਹੈ। ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਵੰਦਨਾ ਕੰਬੋਜ ਨੇ ਦੱਸਿਆ ਕਿ ਕਿਸਾਨਾਂ ਨੁੰ ਉਨ੍ਹਾਂ ਦੀ ਫਸਲ ਦੀ 1100 ਕਰੋੜ ਰੁਪਏ ਤੋਂ ਵਧੇਰੇ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਥੇ ਕਿਸਾਨਾਂ ਨੂੰ ਫਸਲ ਦੀ ਸਮੇਂ ਸਿਰ ਅਦਾਇਗੀ ਕਰਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਉਥੇ ਲਿਫਟਿੰਗ ਵੀ ਤੇਜੀ ਨਾਲ ਕਰਵਾਈ ਜਾ ਰਹੀ ਹੈ ਜਿਸ ਤਹਿਤ ਬੀਤੀ ਸ਼ਾਮ ਇਕ ਦਿਨ ਖਰੀਦ ਕੀਤੀ ਕਣਕ ਦੇ ਲਗਭਗ ਬਰਾਬਰ ਹੀ ਫਸਲ ਲਿਫਟਿੰਗ ਕਰਵਾਈ ਗਈ ਹੈ। ਉਨ੍ਹਾਂ ਕਿਹਾ ਲਿਫਟਿੰਗ ਵਿਚ ਤੇਜੀ ਆਉਣ ਨਾਲ ਮੰਡੀ ਵਿਖੇ ਲੋੜੀਂਦੀ ਥਾਂ ਉਪਲਬਧ ਰਹੇਗੀ ਤੇ ਕਿਸਾਨਾਂ ਨੂੱ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲਿਫਟਿੰਗ ਵਿਚ ਤੇਜੀ ਬਰਕਰਾਰ ਰਹੇ ਇਸ ਲਈ ਅਧਿਕਾਰੀਆਂ ਨੁੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਬੀਤੀ ਸ਼ਾਮ ਤੱਕ 529459 ਮਿਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ ਜਦ ਕਿ ਕੁੱਲ ਖਰੀਦ 516206 ਮਿਟ੍ਰਿਕ ਟਨ ਹੈ। ਉਨਾਂ ਦੱਸਿਆ ਕਿ ਪਨਗ੍ਰੇਨ ਵੱਲੋਂ 130425 ਮਿਟ੍ਰਿਕ ਟਨ, ਮਾਰਕ ਫੈਡ ਵੱਲੋਂ 141777 ਮਿਟ੍ਰਿਕ ਟਨ, ਪਨਸਪ ਵੱਲੋਂ 130434 ਮਿਟ੍ਰਿਕ ਟਨ, ਪੰਜਾਬ ਰਾਜ ਵੇਰ ਹਾਊਸਿੰਗ ਕਾਰਪੋਰੇਸ਼ਨ ਵੱਲੋਂ 78179 ਮਿਟ੍ਰਿਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ 35391 ਮਿਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।