ਵਧਦੀ ਗਰਮੀ ਦੇ ਮੱਦੇਨਜਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਵੱਲੋਂ ਮੱਛੀ ਪਾਲਕਾਂ ਲਈ ਐਡਵਾਈਜ਼ਰੀ ਜਾਰੀ
ਫਾਜਿਲ਼ਕਾ, 26 ਅਪ੍ਰੈਲ
ਫਾਜ਼ਿਲਕਾ ਵਿਖੇ ਸਹਾਇਕ ਡਾਇਰੈਕਟਰ ਮੇਡੀ ਪਾਲਣ ਸ੍ਰੀਮਤੀ ਪ੍ਰਭਜੋਤ ਕੌਰ ਨੇ ਜਿਲ੍ਹੇ ਦੇ ਮੱਛੀ ਪਾਲਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰਮੀ ਦੀ ਰੁੱਤ ਦੇ ਮੰਦੇਨਜਰ ਮੱਛੀ ਪਾਲਕਾਂ ਨੂੰ ਆਪਣੇ ਕਿੱਤੇ ਪ੍ਰਤੀ ਸਖਤ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਨੇ ਦੱਸਿਆ ਕਿ ਮੱਛੀ ਪਾਲਣ ਵਿਭਾਗ ਵੱਲੋਂ ਗਰਮੀ ਵਿੱਚ ਮੱਛੀ ਪਾਲਣ ਦੇ ਕਿੱਤੇ ਨੂੰ ਬਿਨਾਂ ਰੁਕਾਵਟ ਜਾਂ ਨੁਕਸਾਨ ਦੇ ਜਾਰੀ ਰੱਖਣ ਬਾਰੇ ਇਕ ਐਡਵਾਈਜਰੀ ਜਾਰੀ ਕੀਤੀ ਗਈ ਹੈ।
ਐਡਵਾਈਜਰੀ ਬਾਰੇ ਜਾਣਕਾਰੀ ਦਿੰਦਿਆ ਉਨੂੰ ਨੇ ਦੱਸਿਆ ਕਿ ਮੱਛੀ ਨੂੰ ਵੱਧ ਗਰਮੀ ਭਾਵ 35 ਡਿਗਰੀ ਸੈਲਸੀਅਸ ਦੀ ਮਾਰ ਤੋਂ ਬਚਾਉਣ ਲਈ ਤਲਾਅ ਵਿੱਚ ਪਾਣੀ ਦੀ ਡੂੰਘਾਈ 5-6 ਫੁੱਟ ਹੋਣੀ ਚਾਹੀਦੀ ਹੈ ਅਤੇ ਸਮੇਂ-ਸਮੇਂ ਸਿਰ ਉਸ 'ਚ ਤਾਜ਼ਾ ਪਾਣੀ ਵੀ ਪਾਉਣਾ ਚਾਹੀਦਾ ਹੈ। ਮੱਛੀ ਪਾਲਣ ਦੇ ਜ਼ਰੂਰੀ ਮਾਪਦੰਡਾਂ ਜਿਵੇਂ ਕਿ ਪਾਣੀ 'ਚ ਘੁਲੀ ਆਕਸੀਜਨ ਦੀ ਮਾਤਰਾ 5 ਪੀ.ਪੀ.ਐਮ. ਤੋਂ ਵੱਧ, ਪਾਟੀ ਦਾ ਪੀ.ਐਚ 7.5 ਤੋਂ 8.5 ਦੇ ਵਿਚਕਾਰ, ਪਾਣੀ ਦਾ ਰੰਗ ਹਲਕਾ ਹਰਾ, ਅਲਕਾਲੈਨਿਟੀ 100-250 ਪੀ.ਪੀ.ਐੱਮ. ਤੇ ਹਾਰਡਨੈਸ 200 ਪੀ.ਪੀ.ਐੱਮ ਤੋਂ ਘੱਟ ਆਦਿ ਨੂੰ ਬਰਕਰਾਰ ਰੱਖਿਆ ਜਾਵੇ। ਮੱਛੀ ਪਾਲਕਾਂ ਵੱਲੋਂ ਆਕਸੀਜਨ ਦੀਆਂ ਗੋਲੀਆਂ ਜਾਂ ਪਾਊਡਰ ਨੂੰ ਫਾਰਮ ਤੇ ਰੱਖਿਆ ਜਾਵੇ। ਵਿਭਾਗ ਵੱਲੋਂ ਨਿਰਧਾਰਿਤ ਮਾਤਰਾ ਤੋਂ ਵੱਧ ਖਾਦ ਤੇ ਖੁਰਾਕ ਦਾ ਇਸਤੇਮਾਲ ਨਾ ਕੀਤਾ ਜਾਵੇ ਅਤੇ ਤਲਾਅ ਵਿੱਚ ਮੁਰਗੀਆਂ ਦੀਆਂ ਬਿੱਠਾਂ ਪਾਉਣ ਤੋਂ ਗੁਰੇਜ਼ ਕੀਤਾ ਜਾਵੇ। ਲੋੜ ਤੋਂ ਵੱਧ ਮੱਛੀ ਪੂੰਗ ਕਲਚਰ ਟੈਂਕ ਵਿੱਚ ਸਟਾਕ ਨਾ ਕੀਤਾ ਜਾਵੇ, ਜੇਕਰ ਮੱਛੀ ਪਾਣੀ ਦੀ ਸਤ੍ਹਾ ਤੋਂ ਬਾਹਰ ਮੂੰਹ ਕੱਢ ਕੇ ਸਾਹ ਲੈਂਦੀ ਨਜ਼ਰ ਆਵੇ, ਜਿਹੜਾ ਕਿ ਪਾਣੀ ਵਿੱਚ ਆਕਸੀਜ਼ਨ ਦੀ ਕਮੀ ਦਾ ਲੱਛਣ ਹੈ, ਤਾਂ ਸਭ ਤੋਂ ਪਹਿਲਾਂ ਤਲਾਅ ਵਿੱਚ ਪਾਣੀ ਛੱਡੋ ਅਤੇ ਅਕਸੀਜ਼ਨ ਦੀਆ ਗੋਲੀਆਂ ਜਾਂ ਪਾਊਡਰ ਦੀ ਵਰਤੋਂ ਕਰੋ। ਤਲਾਅ ਵਿੱਚ ਅਮੋਨੀਆ ਗੈਸ ਦੇ ਅਸਰ ਨੂੰ ਘਟਾਉਣ ਲਈ, ਪਾਣੀ ਦੀ ਏਰੀਏਸ਼ਨ ਦੇ ਨਾਲ-ਨਾਲ ਫਟਕੜੀ ਦੀ ਵਰਤੋਂ ਕਰੋ। ਸਮੇਂ-ਸਮੇਂ ਸਿਰ ਭਾਵ 15 ਜਾ 30 ਦਿਨਾਂ ਬਾਅਦ ਤਲਾਅ ਦੇ 20-25 ਫੀਸਦੀ ਪਾਣੀ ਦੀ ਤਾਜ਼ੇ ਪਾਣੀ ਨਾਲ ਅਦਲਾ ਬਦਲੀ ਜਰੂਰ ਕਰੋ। ਸੀਨੀਅਰ ਮੱਛੀ ਪਾਲਣ ਅਫਸਰ, ਫਾਜ਼ਿਲਕਾ ਸ੍ਰੀਮਤੀ ਕੋਕਮ ਕੌਰ ਨੇ ਮੱਛੀ ਪਾਲਕਾਂ ਨੂੰ ਮੱਛੀ/ਝੀਂਗਾ ਪਾਲਣ ਦੇ ਕਿੱਤੇ ਨਾਲ ਵੱਧ ਤੋਂ ਵੱਧ ਜੁੜ ਕੇ ਖੇਤੀ ਵਿਭਿੰਨਤਾ ਅਪਣਾਉਣ ਦੀ ਅਪੀਲ ਕੀਤੀ।