ਬਾਇਓ ਗੈਸ ਪਲਾਟ ਅੱਗੇ ਲੱਗਾ ਧਰਨਾ ਚਕਾਉਣ ਲਈ ਪੁਲਿਸ ਨੇ ਅਖਾੜਾ ਪਿੰਡ ਕੀਤਾ ਪੁਲਿਸ ਛਾਉਣੀ ਵਿੱਚ ਤਬਦੀਲ
ਦੀਪਕ ਜੈਨ
ਜਗਰਾਓ 26 ਅਪ੍ਰੈਲ 2025 - ਜਗਰਾਉਂ ਦੇ ਲਾਗਲੇ ਪਿੰਡ ਅਖਾੜਾ ਵਿਖੇ ਬਾਇਓ ਗੈਸ ਪਲਾਂਟ ਦੇ ਵਿਰੋਧ ਵਿੱਚ ਧਰਨਾ ਲਾਈ ਬੈਠੇ ਪਿੰਡ ਵਾਸੀਆਂ ਖਿਲਾਫ ਲੁਧਿਆਣਾ ਦਿਹਾਤੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਦਿਹਾਤੀ ਪੁਲਿਸ ਨੇ ਸ਼ਨੀਵਾਰ ਦੀ ਤੜਕਸਾਰ ਹੀ ਪਿੰਡ ਅਖਾੜਾ ਵਿਖੇ ਲੱਗੇ ਪਿੰਡ ਵਾਸੀਆਂ ਦੇ ਪੱਕੇ ਮੋਰਚੇ ਨੂੰ ਕੀਤਾ ਢਾਹ ਢੇਰੀ ਕਰ ਦਿੱਤਾ।
ਇਹ ਮੋਰਚਾ ਪਿਛਲੇ ਕਰੀਬ ਇੱਕ ਸਾਲ ਤੋਂ ਪਿੰਡ ਅਖਾੜਾ ਵਿੱਚ ਲੱਗ ਰਹੇ ਬਾਇਓ ਗੈਸ ਪਲਾਂਟ ਦੇ ਵਿਰੋਧ ਵਿੱਚ ਧਰਨੇ ਤੇ ਬੈਠੇ ਪਿੰਡ ਵਾਸੀਆ ਧਰਨਾਕਾਰੀਆਂ ਤੇ ਲਾਠੀ ਚਾਰਜ ਕਰਕੇ 15 ਤੋਂ 20 ਧਰਨਾਕਾਰੀ ਹਿਰਾਸਤ ਵਿੱਚ ਲਏ, ਜਿਨਾਂ ਵਿੱਚ ਬੀਬੀਆਂ ਵੀ ਸ਼ਾਮਿਲ ਹਨ ਤੇ ਨਾਲ ਹੀ ਧਰਨੇ ਵਾਲੀ ਜਗ੍ਹਾ ਦਾ ਸ਼ੈਡ ਵੀ ਢਾਹ ਦਿੱਤਾ ਇਸ ਪੂਰੇ ਸੰਬੰਧ ਵਿੱਚ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਿਵਿਲ ਅਤੇ ਪੁਲਿਸ ਪ੍ਰਸ਼ਾਸਨ ਚਾਹੇ ਜੇ ਉਹ ਮਰਜ਼ੀ ਅਤੇ ਜਿੱਦਾਂ ਦੀ ਮਰਜ਼ੀ ਵੱਡੀ ਕਾਰਵਾਈ ਕਰ ਲਵੇ ਪਰ ਕਿਸੇ ਵੀ ਕੀਮਤ ਉੱਪਰ ਪਿੰਡ ਵਿੱਚ ਬਾਇਓ ਗੈਸ ਪਲਾਂਟ ਨਹੀਂ ਲੱਗਣ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਇਸ ਗੈਸ ਪਲਾਂਟ ਨੂੰ ਰੋਕਣ ਲਈ ਚਾਹੇ ਉਹਨਾਂ ਨੂੰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਤਸ਼ਦਦ ਦਾ ਸ਼ਿਕਾਰ ਵੀ ਹੋਣਾ ਪਵੇ ਤਾਂ ਮਨਜ਼ੂਰ ਹੈ ਪਰ ਆਪਣੇ ਬੱਚਿਆਂ ਦੇ ਭਵਿੱਖ ਅਤੇ ਉਹਨਾਂ ਦੇ ਜਾਣ ਮਾਲ ਦੀ ਰਾਖੀ ਲਈ ਉਹ ਕਿਸੇ ਵੀ ਕੀਮਤ ਤੇ ਪਿੱਛੇ ਨਹੀਂ ਹਟਣਗੇ। ਇਹ ਧਰਨਾ ਹਰ ਕੀਮਤ ਤੇ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਇਸ ਪਲਾਂਟ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕਰ ਦਿੰਦੀ।
ਉਹਨਾਂ ਦੱਸਿਆ ਕਿ 30 ਅਪ੍ਰੈਲ ਨੂੰ ਉਹਨਾਂ ਦੀ ਹਾਈਕੋਰਟ ਵਿਖੇ ਤਾਰੀਖ ਹੈ ਪਰ ਪੁਲਿਸ ਪ੍ਰਸ਼ਾਸਨ ਉਸ ਤਰੀਕ ਤੋਂ ਪਹਿਲਾਂ ਹੀ ਉਹਨਾਂ ਨੂੰ ਇੱਥੋਂ ਖਦੇੜ ਕੇ ਇਹ ਸਾਬਿਤ ਕਰਨਾ ਚਾਹੁੰਦਾ ਹੈ ਕਿ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਹਾਈ ਕੋਰਟ ਦੇ ਤੋਂ ਵੀ ਉੱਪਰ ਹੈ ਅਤੇ ਉਹ ਜਦੋਂ ਵੀ ਚਾਹੇ ਕੋਈ ਵੀ ਕਾਰਵਾਈ ਕਰ ਸਕਦੀ ਹੈ ਜੋ ਕਿ ਸਰਾਸਰ ਗਲਤ ਹੈ। ਉਹਨਾਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਵੀ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਇਹ ਸਰਕਾਰ ਉਹਨਾਂ ਨੇ ਇਸ ਵਾਸਤੇ ਬਣਾਈ ਸੀ ਤਾਂ ਕਿ ਉਹ ਉਹਨਾਂ ਦੀ ਜਾਨ ਮਾਲ ਅਤੇ ਬੱਚਿਆਂ ਦੀ ਰਾਖੀ ਲਈ ਹਰ ਕਦਮ ਚੁੱਕੇਗੀ ਪਰ ਇਹ ਸਰਕਾਰ ਵੀ ਹੁਣ ਕੋਆਪਰੇਟ ਘਰਾਨਿਆਂ ਦੇ ਨਾਲ ਰਲ ਚੁੱਕੀ ਹੈ ਅਤੇ ਉਹ ਪੰਜਾਬ ਨੂੰ ਖਤਮ ਕਰਨ ਦੇ ਰਸਤੇ ਤੇ ਤੁਰੀ ਹੋਈ ਹੈ। ਜ਼ਿਕਰ ਯੋਗ ਹੈ ਕਿ ਪੁਲਿਸ ਵੱਲੋਂ ਤੜਕਸਾਰੀ ਪਿੰਡ ਨੂੰ ਪੁਲਿਸ ਛਾਵਣੀ ਵਿੱਚ ਤਬਦੀਲ ਕਰਦਿਆਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਜਿਸ ਦੇ ਚਲਦੇ ਨਾ ਹੀ ਕਿਸੇ ਬਾਹਰੀ ਵਿਅਕਤੀ ਨੂੰ ਪਿੰਡ ਵਿੱਚ ਆਉਣ ਦੀ ਇਜਾਜ਼ਤ ਸੀ ਅਤੇ ਨਾ ਹੀ ਪਿੰਡ ਚੋਂ ਬਾਹਰ ਇੱਥੋਂ ਤੱਕ ਕਿ ਪਿੰਡ ਦੇ ਵਿੱਚ ਸਕੂਲ ਵੈਨਾਂ ਨੂੰ ਵੀ ਨਹੀਂ ਆਉਣ ਦਿੱਤਾ ਗਿਆ ਜਿਸ ਦੇ ਚਲਦਿਆਂ ਪਿੰਡ ਦਾ ਕੋਈ ਵੀ ਬਚਿਆ ਸਕੂਲ ਨਹੀਂ ਜਾ ਸਕਿਆ ਤੇ ਪਿੰਡ ਦੇ ਆਸੇ ਪਾਸੇ ਲੱਗਦੇ ਸਕੂਲ ਵੀ ਅੱਜ ਬੰਦ ਹੀ ਰਹੇ।
ਇਸ ਸਾਰੇ ਮਾਮਲੇ ਵਿੱਚ ਲੁਧਿਆਣਾ ਦਿਹਾਤੀ ਦੇ ਵੱਡੇ ਪੁਲਿਸ ਅਧਿਕਾਰੀਆਂ ਨੇ ਪੱਤਰਕਾਰਾਂ ਦੇ ਕੈਮਰਿਆਂ ਮੂਹਰੇ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ।।