SSP ਗੁਰਦਾਸਪੁਰ ਦਾ ਵੱਡਾ ਐਕਸ਼ਨ! ਹਥਿਆਰਾਂ ਨਾਲ ਵੀਡੀਓ ਪਾਉਣ ਵਾਲਿਆਂ ਖਿਲਾਫ਼ FIR ਦਰਜ
ਰੋਹਿਤ ਗੁਪਤਾ
ਗੁਰਦਾਸਪੁਰ , 20 ਅਪ੍ਰੈਲ 2025- ਐਸਐਸਪੀ ਗੁਰਦਾਸਪੁਰ ਆਦਿੱਤਿਆ ਲਗਾਤਾਰ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ। ਆਪਣੀਆਂ ਗਤੀਵਿਧੀਆਂ ਵਿੱਚ ਸੁਸਤ ਦਿਖਾਈ ਦਿੱਤੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਤੋਂ ਬਾਅਦ ਦੇਰ ਰਾਤ ਐਸਐਸਪੀ ਖੁਦ ਸੜਕਾਂ ਤੇ ਆਏ ਅਤੇ ਨਾਕਿਆਂ ਤੇ ਤੈਨਾਤ ਮੁਲਾਜ਼ਮਾ ਪੀਸੀਆਰ ਕਰਮੀਆਂ ਨਾਲ ਗੱਲਬਾਤ ਕਰਨ ਦੇ ਨਾਲ ਨਾਲ ਉਹਨਾਂ ਨੂੰ ਸੁਰੱਖਿਆ ਅਤੇ ਚੈਕਿੰਗ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਵਰਤਣ ਦੀਆਂ ਹਿਦਾਇਤਾਂ ਦਿੱਤੀਆਂ ਸਨ ਤੇ ਅੱਜ ਐਸ ਐਸ ਪੀ ਨੇ ਆਪ ਦਿਲਚਸਪੀ ਲੈ ਕੇ ਕੁਝ ਆਗੂਆਂ ਵੱਲੋਂ ਹਥਿਆਰਾਂ ਨਾਲ ਵਾਇਰਲ ਕੀਤੀਆਂ ਪੁਰਾਣੀਆਂ ਵੀਡੀਓਜ਼ ਤੇ ਕਾਰਵਾਈ ਕਰ ਦਿੱਤੀ ਹੈ।
ਕਰੀਬ ਛੇ ਸੱਤ ਮਹੀਨੇ ਪਹਿਲਾਂ ਇੱਕ ਨੌਜਵਾਨ ਰੋਹਤਾਂਸ਼ ਭੋਲਾ ਜੋ ਧਾਰੀਵਾਲ ਦਾ ਰਹਿਣ ਵਾਲਾ ਹੈ ਅਤੇ ਸ਼ਿਵਸੈਨਾ ਦੇ ਇੱਕ ਆਗੂ ਦਾ ਉਸ ਨੂੰ ਸਮਰਥਨ ਪ੍ਰਾਪਤ ਹੈ ਦੀ ਗੋਲੀਆਂ ਚਲਾਉਂਦੇ ਦੀ ਵੀਡੀਓ ਵਾਇਰਲ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਿਵ ਸੈਨਾ ਆਗੂ ਇਸ ਨੂੰ ਬਚਾਉਂਦਾ ਆ ਰਿਹਾ ਸੀ ਪਰ ਅੱਜ ਇਸ ਵਾਇਰਲ ਵੀਡੀਓ ਤੇ ਰੋਹਤਾਸ਼ ਭੋਲਾ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਇੱਕ ਹੋਰ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਰੋਹਿਤ ਅਬਰੋਲ ਦੀ ਹਥਿਆਰਾਂ ਨਾਲ ਫੋਟੋ ਵਾਇਰਲ ਹੋਈ ਸੀ ਜਿਸ ਦੇ ਖਿਲਾਫ ਵੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।