Bathinda Breaking: ਪੁਲਿਸ ਨੇ ਦਬੋਚਿਆ 'ਕਾਲੀ ਥਾਰ ਵਾਲੀ ਚਿੱਟਾ ਕੁਈਨ' ਅਮਨਦੀਪ ਕੌਰ ਦਾ ਦੋਸਤ
ਅਸ਼ੋਕ ਵਰਮਾ
ਬਠਿੰਡਾ ,21 ਅਪ੍ਰੈਲ 2024 : ਬਠਿੰਡਾ ਪੁਲਿਸ ਨੇ ਕਾਲੀ ਥਾਰ ’ਚ ਚਿੱਟੇ ਸਮੇਤ ਗ੍ਰਿਫਤਾਰ ਬਰਖਾਸਤ ਹੈਡ ਕਾਂਸਟੇਬਲ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲੇ ਦੇ ਦੋਸ਼ ਬਲਵਿੰਦਰ ਸਿੰਘ ਉਰਫ ਸੋਨੂੰ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕਰ ਲਈ ਹੈ। ਪੁਲਿਸ ਵੱਲੋਂ ਹੁਣ ਬੁੱਧਵਾਰ ਨੂੰ ਅਦਾਲਤ ’ਚ ਪੇਸ਼ ਕਰਕੇ ਸੋਨੂੰ ਦਾ ਰਿਮਾਂਡ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੋਨੂੰ ਆਪਣੀ ਪਤਨੀ ਗੁਰਮੇਲ ਕੌਰ ਉਰਫ ਗਗਨ ਨੂੰ ਜਿਲ੍ਹਾ ਕਚਹਿਰੀਆਂ ’ਚ ਭਾਰੀ ਪੁਲਿਸ ਦੀ ਮੌਜੂਦਗੀ ਵਿੱਚ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਫਰਾਰ ਹੋ ਗਿਆ ਸੀ ਜਿਸ ਨੂੰ ਕਾਫੀ ਜੱਦੋ ਜਹਿਦ ਤੋਂ ਬਾਅਦ ਪੁਲਿਸ 18 ਦਿਨਾਂ ਦੀ ਫਰਾਰੀ ਮਗਰੋਂ ਦਬੋਚਣ ਵਿੱਚ ਸਫਲ ਹੋਈ ਹੈ। ਪਤਨੀ ਨੂੰ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਸੋਨੂੰ ਖਿਲਾਫ ਥਾਣਾ ਸਿਵਲ ਲਾਈਨ ਵਿਖੇ ਵੱਖਰੇ ਤੌਰ ਤੇ ਮੁਕੱਦਮਾ ਦਰਜ ਹੋਇਆ ਸੀ ਜਦੋਂਕਿ ਚਿੱਟਾ ਤਸਕਰੀ ਕਰਨ ਦੇ ਮਾਮਲੇ ’ਚ ਉਸ ਨੂੰ ਪੁਲਿਸ ਨੇ 3 ਅਪ੍ਰੈਲ ਨੂੰ ਨਾਮਜਦ ਕੀਤਾ ਸੀ।
ਸੂਤਰ ਦੱਸਦੇ ਹਨ ਕਿ ਤਿੰਨ ਵਾਰ ਦੇ ਪੁਲਿਸ ਰਿਮਾਂਡ ਦੌਰਾਨ ਜਾਂਚ ਅਧਿਕਾਰੀ ਅਮਨਦੀਪ ਕੌਰ ਤੋਂ ਨਸ਼ਾ ਤਸਕਰੀ ਸਬੰਧੀ ਕੋਈ ਵੱਡਾ ਭੇਦ ਜਾਨਣ ਵਿੱਚ ਸਫਲ ਨਹੀਂ ਹੋ ਸਕੇ ਪਰ ਸੋਨੂੰ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੂੰ ਅਜਿਹੀ ਜਾਣਕਾਰੀ ਤੋਂ ਪਰਦਾ ਉੱਠਣ ਦੀ ਆਸ ਹੈ ਜੋ ਇਸ ਚਿੱਟਾ ਕਾਂਡ ਨੂੰ ਨਵਾਂ ਮੋੜ ਦੇ ਸਕਦੀ ਹੈ। ਦੱਸਣਯੋਗ ਹੈ ਕਿ ਸੋਨੂੰ ਦੀ ਪਤਨੀ ਗੁਰਮੀਤ ਕੌਰ ਨੇ ਦੋਸ਼ ਲਾਏ ਸਨ ਕਿ ਉਸ ਨੇ ਸਾਲ 2022 ’ਚ ਬਠਿੰਡਾ ਪੁਲਿਸ ਨੂੰ ਸ਼ਕਾਇਤ ਦਿੱਤੀ ਸੀ ਕਿ ਉਸ ਦਾ ਐਂਬੂਲੈਂਸ ਡਰਾਈਵਰ ਪਤੀ ਅਤੇ ਅਮਨਦੀਪ ਕੌਰ ਆਪਸ ’ਚ ਮਿਲਕੇ ਐਂਬੂਲੈਂਸ ਦੀ ਆੜ ’ਚ ਚਿੱਟੇ ਦੀ ਤਸਕਰੀ ਕਰਦੇ ਹਨ । ਖੁਦ ਨੂੰ ਵੱਡੇ ਆਈਪੀਐਸ ਅਧਿਕਾਰੀਆਂ ਦੀ ਚਹੇਤੀ ਦੱਸਣ ਵਾਲੀ ਅਮਨਦੀਪ ਕੌਰ ਨੂੰ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਮੁਖੀ ਨਿਲਾਂਭ ਕਿਸ਼ੋਰ ਅਤੇ ਸਿਖਲਾਈ ਅਧੀਨ ਆਈਪੀਐਸ ਅਫਸਰ ਅਭਿਨਵ ਜੈਨ ਦੀ ਟੀਮ ਨੇ 3 ਅਪ੍ਰੈਲ ਨੂੰ 17 .71 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਸੀ।
ਇੰਸਟਗ੍ਰਾਮ ਤੇ ਰੀਲਾਂ ਬਨਾਉਣ ਦੀ ਸ਼ੌਕੀਨ ਅਮਨਦੀਪ ਕੌਰ ਨੂੰ ਜਿਸ ਦਿਨ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਦੇ ਫਾਲੋਅਰਜ਼ ਦੀ ਗਿਣਤੀ 29 ਹਜ਼ਾਰ 400 ਸੀ ਜੋ ਚਰਚਾ ’ਚ ਆਉਣ ਮਗਰੋਂ 88 ਹਜ਼ਾਰ ਤੋਂ ਵੱਧ ਹੋ ਗਏ ਹਨ। ਅਮਨਦੀਪ ਕੌਰ ਦਾ ਰਹਿਣ ਸਹਿਣ ਧਨਾਢਾਂ ਵਰਗਾ ਸੀ ਜੋ ਆਪਣੇ ਵੱਲ ਧਿਆਨ ਖਿੱਚ੍ਹਣ ਵਾਲਾ ਸੀ। ਕਾਲੇ ਰੰਗ ਦੀ ਲਗਜ਼ਰੀ ਥਾਰ, ਮਹਿੰਗੀਆਂ ਐਨਕਾਂ ਤੇ ਕੀਮਤੀ ਘੜੀ ’ਚ ਉਹ ਹਾਈਪ੍ਰੋਫਾਈਲ ਅਫਸਰਾਂ ਵਾਂਗ ਨਜ਼ਰ ਆਉਂਦੀ ਸੀ। ਅਮਨਦੀਪ ਕੌਰ ਨੂੰ ਇੰਸਟਾ ਕੁਈਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜਿਸ ਨੂੰ ਅਦਾਲਤ ਨੇ 8 ਅਪ੍ਰੈਲ ਨੂੰ ਜੇਲ੍ਹ ਭੇਜ ਦਿੱਤਾ ਸੀ। ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਪੁਲਿਸ ਨੇ ਬਲਵਿੰਦਰ ਸਿੰਘ ਉਰਫ ਸੋਨੂੰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜਮ ਨੂੰ ਅਗਲੀ ਪੁੱਛਗਿਛ ਲਈ ਬੁੱਧਵਾਰ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਏਗਾ ਜਿਸ ਦੌਰਾਨ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ।