ਅੱਜ 20 ਅਪ੍ਰੈਲ ਦੇ ਮੌਸਮ ਦਾ ਹਾਲ ਜਾਣੋ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, ਸ਼ਿਮਲਾ, 20 ਅਪ੍ਰੈਲ 2025: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਦੋ ਦਿਨਾਂ ਦੀ ਬਾਰਿਸ਼ ਤੋਂ ਬਾਅਦ ਹੁਣ ਤਾਪਮਾਨ ਵਿੱਚ ਥੋੜ੍ਹੀ ਜਿਹੀ ਗਿਰਾਵਟ ਦੇਖੀ ਗਈ ਹੈ। ਜਿਸ ਕਾਰਨ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ ਅਤੇ ਤਾਪਮਾਨ ਆਮ ਦੇ ਨੇੜੇ ਪਹੁੰਚ ਗਿਆ ਹੈ। ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਵਿੱਚ ਮੀਂਹ ਜਾਂ ਤੂਫ਼ਾਨ ਸਬੰਧੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪਰ, ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਹਿਮਾਚਲ ਵਿਚ ਅਗਲੇ 12 ਘੰਟਿਆਂ ਦੌਰਾਨ ਸੂਬੇ ਵਿੱਚ ਕੁਝ ਥਾਵਾਂ 'ਤੇ ਗਰਜ ਦੇ ਨਾਲ-ਨਾਲ ਗੜੇਮਾਰੀ ਅਤੇ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਚੰਬਾ, ਕਾਂਗੜਾ, ਮੰਡੀ, ਕੁੱਲੂ ਅਤੇ ਸ਼ਿਮਲਾ ਜ਼ਿਲ੍ਹਿਆਂ ਵਿੱਚ ਕਈ ਥਾਵਾਂ 'ਤੇ ਭਾਰੀ ਮੀਂਹ, ਗਰਜ ਅਤੇ ਗੜੇਮਾਰੀ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਹੈ।
ਇਸੇ ਤਰ੍ਹਾਂ ਊਨਾ, ਬਿਲਾਸਪੁਰ, ਹਮੀਰਪੁਰ, ਸੋਲਨ, ਸਿਰਮੌਰ, ਕਿਨੌਰ ਅਤੇ ਲਾਹੌਲ-ਸਪੀਤੀ ਦੇ ਕੁਝ ਹਿੱਸਿਆਂ 'ਚ ਗਰਜ਼-ਤੂਫ਼ਾਨ ਹੋ ਸਕਦਾ ਹੈ। ਮੌਸਮ ਵਿੱਚ ਇਹ ਤਬਦੀਲੀ ਸਰਗਰਮ ਪੱਛਮੀ ਗੜਬੜੀ ਅਤੇ ਹੋਰ ਅਨੁਕੂਲ ਵਾਯੂਮੰਡਲੀ ਸਥਿਤੀਆਂ ਦੇ ਪ੍ਰਭਾਵ ਕਾਰਨ ਆਈ ਹੈ।
20 ਅਪ੍ਰੈਲ ਨੂੰ ਵੀ ਸਾਰੇ ਜ਼ਿਲ੍ਹਿਆਂ ਵਿੱਚ ਗਰਜ-ਤੂਫ਼ਾਨ ਲਈ ਪੀਲਾ ਅਲਰਟ ਹੈ। ਮੌਸਮ ਵਿਭਾਗ ਨੇ 20 ਅਪ੍ਰੈਲ ਤੱਕ ਰਾਜ ਦੇ ਉੱਚ, ਮੱਧ, ਨੀਵੇਂ ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਇਲਾਵਾ ਕੁਝ ਥਾਵਾਂ 'ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।