Babushahi Special: ਛੋਟੀ ਖਬਰ ਡੂੰਘੇ ਅਰਥ: ਕੁੱਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ?
ਅਸ਼ੋਕ ਵਰਮਾ
ਬਠਿੰਡਾ,20ਅਪ੍ਰੈਲ 2025:ਖਬਰ ਕਦੇ ਵੀ ਛੋਟੀ ਨਹੀਂ ਹੁੰਦੀ ਬਲਕਿ ਹਰ ਖਬਰ ਦੇ ਆਪੋ ਆਪਣੇ ਅਤੇ ਡੂੰਘੇ ਅਰਥ ਵੀ ਹੁੰਦੇ ਹਨ। ਇਹ ਪੜ੍ਹਨ ਵਾਲੇ ਤੇ ਨਿਰਭਰ ਹੈ ਕਿ ਉਹ ਇਹਨਾਂ ਖਬਰਾਂ ਦੇ ਕੀ ਅਰਥ ਕੱਢਦਾ ਹੈ। ਸੋਸ਼ਲ ਮੀਡੀਆ ਤੇ ਖਬਰ ਪੜ੍ਹੀ ਕਿ ਇੱਕ ਮੰਗਤਾ ਕਈ ਘਰਾਂ ਚੋਂ ਆਟਾ ਮੰਗਕੇ ਆਪਣੀ ਝੁੱਗੀ ਵੱਲ ਪਰਤ ਰਿਹਾ ਸੀ ਤਾਂ ਇਸ ਦੌਰਾਨ ਦੋ ਮੋਟਰਸਾਈਲ ਸਵਾਰ ਉਸ ਦੀ ਆਟੇ ਵਾਲੀ ਪੋਟਲੀ ਖੋਹਕੇ ਭੱਜ ਗਏ। ਦੇਖਿਆ ਜਾਏ ਤਾਂ ਲੁੱਟ ਖੋਹ ਹੋਣਾ ਕੋਈ ਅਲੋਕਾਰੀ ਨਹੀਂ ਹੈ ਪਰ ਇਹ ਖਬਰ ਝੰਜੋੜਨ ਵਾਲੀ ਹੈ। ਪੰਜਾਬ ਦੇ ਬੁਰੇ ਦਿਨਾਂ ਦੀ ਇੰਤਹਾ ਇਸ ਤੋਂ ਜਿਆਦਾ ਕੀ ਹੋ ਸਕਦੀ ਹੈ ਕਿ ਕਦੇ ਛਿੰਝਾਂ ਅਖਾੜਿਆਂ ਦਾ ਸ਼ਿੰਗਾਰ ਰਹੀ ਪੰਜਾਬ ਦੀ ਜੁਆਨੀ ਦੇ ਹੱਥ ਨਸ਼ਿਆਂ ਦੀ ਪੂਰਤੀ ਖਾਤਰ ਹੁਣ ਮੰਗਤਿਆਂ ਦੀਆਂ ਪੋਟਲੀਆਂ ਤੱਕ ਪੁੱਜ ਗਏ ਹਨ।
ਕਈ ਲੋਕ ਅਜਿਹੀਆਂ ਖਬਰਾਂ ਨੂੰ ਹਕੂਮਤਾਂ ਤੇ ਤਵਾ ਲਾਉਣ ਵਾਲੀਆਂ ਵੀ ਕਹਿੰਦੇ ਹਨ ਪਰ ਵਿਚਾਰਨ ਵਾਲੀ ਗੱਲ ਹੈ ਕਿ ਪੰਜਾਬ ਦੀ ਜੁਆਨੀ ਜਵਾਨੀ ਕਿੱਧਰ ਨੂੰ ਤੁਰ ਪਈ ਹੈ। ਗੱਲ ਤਵੇ ਦੀ ਚੱਲੀ ਹੈ ਤਾਂ ਇੱਕ ਗਰੀਬ ਪ੍ਰੀਵਾਰ ਦੇ ਘਰ ਕਮਾਊ ਜੀਅ ਬੀਮਾਰ ਹੋਣ ਕਾਰਨ ਟੱਬਰ ਵਿੱਚ ਫਾਕਿਆਂ ਦੀ ਨੌਬਤ ਆ ਗਈ ਜਿਸ ਕਾਰਨ ਚੁੱਲ੍ਹੇ ਤੇ ਰੱਖਿਆ ਤਵਾ ਕਈ ਦਿਨ ਠੰਢਾ ਰਿਹਾ। ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਨੂੂੰ ਜਦੋਂ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਗੁਰਬਤ ਦੇ ਭੰਨੇ ਇਸ ਪ੍ਰੀਵਾਰ ਦੇ ਘਰ ਆਪੀਣੀ ਤਨਾਖਾਹ ਚੋਂ ਫੌਰੀ ਤੌਰ ਤੇ ਦੋ ਮਹੀਨਿਆਂ ਦਾ ਰਾਸ਼ਨ ਪੁਜਦਾ ਕੀਤਾ। ਥਾਣੇਦਾਰ ਸਾਹਿਬ ਨੇ ਆਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕੀਤੀ ਹੈ । ਭੇਤੀ ਨੇ ਦੱਸਿਆ ਕਿ ਇਹ ਥਾਣੇਦਾਰ ਅਕਸਰ ਲੋੜਵੰਦ ਮਰੀਜਾਂ ਨੂੰ ਖੂਨਦਾਨ ਵੀ ਕਰਦੇ ਰਹਿੰਦੇ ਹਨ।
ਸਮੂਹ ਪੁਲਿਸ ਮੁਲਾਜਮਾਂ ਨੂੰ ਅਪੀਲ ਹੈ ਕਿ ਉਹ ਵੀ ਇਸ ਰਸਤੇ ਤੇ ਚੱਲਣ ਤਾਂ ਦੇਖਿਓ ਲੋਕ ਕਿੱਦਾਂ ਹੱਥਾਂ ਤੇ ਚੁੱਕਦੇ ਹਨ ਜਦੋਂਕਿ ਮਾੜੇ ਕੰਮ ਕਰਨ ਵਾਲਿਆਂ ਨੂੰ ਕੋਈ ਲੂਣ ਦੀ ਡਲੀ ਨਹੀਂ ਦਿੰਦਾ ਹੈ। ਹੁਣ ਇੱਕ ਸੇਵਾਮੁਕਤ ਥਾਣੇਦਾਰ ਦੀ ਸੁਣੋ ਜਿਸ ਨੇ ਕਦੇ ਇੱਕ ਅਮਲੀ ਨੂੰ ਅਫੀਮ ਦੀ ਡੱਬੀ ਸਣੇ ਫੜਿਆ ਸੀ। ਹਾਲਾਂਕਿ ਸੇਵਾਮੁਕਤੀ ਤੱਕ ਇੰਨ੍ਹਾ ਦਾ ਕਾਰਜਕਾਲ ਕਈ ਵਾਰ ਵਿਵਾਦਾਂ ’ਚ ਵੀ ਰਿਹਾ ਪਰ ਉਨ੍ਹਾਂ ਆਪਣੀ ਮੌਜ ਮਸਤੀ ਨਹੀਂ ਛੱਡੀ। ਭੇਤੀ ਨੇ ਦੱਸਿਆ ਕਿ ਥਾਣੇਦਾਰ ਸਾਹਿਬ ਨੇ ਸਰੀਰ ਟੁੱਟਣ ਕਾਰਨ ਸਬੱਬ ਨਾਲ ਉਸੇ ਅਮਲੀ ਤੋਂ ਕਾਲੀ ਨਾਗਣੀ ਮੰਗ ਲਈ ਜਿਸ ਦੇ ਤਰਾਰੇ ਬੱਝੇ ਹੋਏ ਸਨ। ਅਮਲੀ ਨੇ ਮਾਵਾ ਦੇਣ ਦੀ ਥਾਂ ਉਲਟਾ ਨਸੀਹਤ ਦੇ ਦਿੱਤੀ ਕਿ ਥਾਣੇਦਾਰੀ ਮੌਕੇ ਬਣਾਕੇ ਰੱਖਦੇ ਤਾਂ ਇੰਜ ਤੋੜ ਲੱਗਣ ਦੀ ਨੌਬਤ ਨਹੀਂ ਆਉਣੀ ਸੀ।
ਹੁਣ ਬਠਿੰਡਾ ਜਿਲ੍ਹੇ ਦੇ ਇੱਕ ਨਾਮੀ ਅਦਾਰੇ ’ਚ ਤਾਇਨਾਤ ਇੱਕ ਕਾਫੀ ਵੱਡੇ ਅਧਿਕਾਰੀ ਦੀ ਸੁਣੋ ਜਿਸ ਨੂੰ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਰਹਿਣ ਦੀ ਐਨੀ ਝੱਲ ਚੜ੍ਹੀ ਹੋਈ ਕਿ ਹਰ ਨਿੱਕੀ ਮੋਟੀ ਗੱਲ ਅਤੇ ਦਿਨ ਤਿਉਹਾਰ ਤੇ ਵੀ ਜਨਾਬ ਪ੍ਰੈਸ ਬਿਆਨ ਜਾਰੀ ਕਰਨਾ ਨਹੀਂ ਭੁੱਲਦੇ ਹਨ। ਇਹ ਵੱਖਰੀ ਗੱਲ ਹੈ ਕਿ ਕਦੇ ਇਸ ਜਨਾਬ ਦੇ ਆਪਣੇ ਮਹਿਕਮੇ ਦੀ ਖਬਰ ਲੱਗਦੀ ਨਹੀਂ ਦੇਖੀ ਹੈ। ਉਡਦੇ ਪੰਛੀ ਨੇ ਦੱਸਿਆ ਕਿ ਸਾਹਿਬ ਨੂੰ ਤਾਂ ਹੁਣ ਐਨੀ ਮੁਹਾਰਤ ਹਾਸਲ ਹੋ ਗਈ ਹੈ ਕਿ ਉਹ ਫਲੱਸ਼ ’ਚ ਬੈਠੇ ਖਬਰ ਬਣਾ ਲੈਂਦੇ ਹਨ। ਪਹਿਲੀ ਨਜ਼ਰੇ ਤਾਂ ਇਹ ਸਧਾਰਨ ਜਾਪਦਾ ਹੈ ਪਰ ਤਹਿ ਤੱਕ ਜਾਣ ਤੇ ਪਤਾ ਲੱਗਾ ਕਿ ਇਸ ਅਧਿਕਾਰੀ ਨੇ ਵਿਸ਼ੇਸ਼ ਦਿਨਾਂ ਅਤੇ ਅਹਿਮ ਵਿਅਕਤੀਆਂ ਦੇ ਜਨਮ ਮਰਨ ਦੀ ਬਕਾਇਦਾ ਸੂਚੀ ਤਿਆਰ ਕਰਕੇ ਰੱਖੀ ਹੋਈ ਹੈ।
ਪਰਾਣੇ ਵੇਲਿਆਂ ’ਚ ਤਾਂ ਇਹ ਮਸ਼ਹੂਰ ਸੀ ਕਿ ਜੱਟ ਦੇ ਦੋ ਹੀ ਅਫਸਰ ਹੁੰਦੇ ਹਨ ਇੱਕ ਪ੍ਰਾਹੁਣਾ ਤੇ ਦੂਸਰਾ ਪਟਵਾਰੀ । ਪੰਜਾਬ ’ਚ ਅੱਜ ਵੀ ਪਟਵਾਰੀ ਦੇ ਰੁਤਬੇ ਤੋਂ ਕੌਣ ਜਾਣੂੰ ਨਹੀਂ ਹੈ। ਬੇਸ਼ੱਕ ਕੰਪਿਊਟਰ ਨੇ ਪਟਵਾਰੀ ਦੀ ਸਰਦਾਰੀ ਫਿੱਕੀ ਪਾਈ ਹੈ ਪਰ ਕਈਆਂ ਦੇ ਪੁਰਾਣੇ ਰੰਗ ਅਜੇ ਵੀ ਬਰਕਰਾਰ ਹਨ। ਉਡਦੇ ਪੰਛੀ ਨੇ ਦੱਸਿਆ ਕਿ ਇੱਕ ਪਟਵਾਰੀ ਸਾਹਿਬ ਨੇ ਆਪਣੇ ਰੁਤਬੇ ਦੇ ਅਧਾਰ ਤੇ ਘਰ ਦੀ ਜਰੂਰਤ ਅਨੁਸਾਰ ਕਣਕ ਮੰਗ ਲਈ ਤਾਂ ਅੱਗਿਓਂ ਉਮੀਦ ਮੁਤਾਬਕ ਹੁੰਗਾਰਾ ਨਾਂ ਮਿਲਿਆ । ਪਟਵਾਰੀ ਸਾਹਬ ਨੂੰ ਸਲਾਹ ਹੈ ਕਿ ਉਹ ਫਸਲ ਆਈ ਤੋਂ ਬੋਹਲ ਤੇ ਜਾਂਦੇ ਅਤੇ ‘ਰੀੜੀ’ ਮੰਗਦੇ ਤਾਂ ਕੀੜੀ ਦੇ ਘਰ ਨਰਾਇਣ ਆਇਆ ਮੰਨਕੇ ਜੱਟ ਭਰਾਵਾਂ ਨੇ ਕਣਕ ਦੀਆਂ ਬੋਰੀਆਂ ਭਰਕੇ ਦੇ ਦੇਣੀਆਂ ਸਨ ਕਿਉਂਕਿ ਪੰਜਾਬੀ ਮਾਣ ਤਾਣ ਰੱਖਣਾ ਜਾਣਦੇ ਹਨ।
ਕਦੋਂ ਚੜ੍ਹੇਗੀ ਸੱਜਰੀ ਸਵੇਰ
ਸਰਕਾਰਾਂ ਵੱਲੋਂ ਕੀਤੇ ਜਾਂਦੇ ਦਾਅਵਿਆਂ ਦੇ ਬਾਵਜੂਦ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਕਰਜਿਆਂ ਦੀ ਪੰਡ ਕਾਰਨ ਕੀਤੀ ਜਾਂਦੀ ਖੁਦਕਸ਼ੀ ਦੀ ਖਬਰ ਆਉਣੋ ਨਹੀਂ ਹਟ ਸਕੀ ਹੈ। ਕੋਈ ਨਹੀਂ ਦੱਸਦਾ ਕਿ ਇਹ ਖਬਰਾਂ ਕਦੋਂ ਆਉਣੋ ਹਟਣਗੀਆਂ ‘ਚੰਗਾ ਬੰਦਾ ਸੀ ਜਰਨੈਲ ਸਿਓਂ ’ ਪਤਾ ਨਹੀਂ ਕਿਉਂ ਇਸ ਰਾਹ ਪੈ ਗਿਆ। ਨਾਮ ਤਾਂ ਅਮੀਰ ਚੰਦ ਪਰ ਤਕਦੀਰ ’ਚ ਦਿਹਾੜੀ ਲਿਖੀ ਹੈ। ਲੇਖ ਰਾਜ ਦੇ ਹੱਥਾਂ ’ਚ ‘ਲੇਖਾਂ’ ਦੀ ਲਕੀਰ ਹੁੰਦੀ ਤਾਂ ਉਸ ਨੂੰ ਡੰਗਰਾਂ ਨਾਲ ਨਹੀਂ ਰਹਿਣਾ ਪੈਣਾ ਸੀ। ਹਰ ਛੋਟੀ ਵੱਡੀ ਚੋਣ ਦੌਰਾਨ ਸਿਆਸੀ ਧਿਰਾਂ ਪਲਾਟਾਂ ਦਾ ਲਾਲੀਪਾਪ ਲਿਆਉਂਦੀਆਂ ਪਰ ਲੇਖ ਰਾਜ ਵਰਗੇ ਕਦੇ ਕਿਸੇ ਨੂੰ ਨਹੀਂ ਦਿਸੇ ਹਨ। ਸੁਣਿਆ ਹੈ ਕਿ ਪੰਜਾਬ ’ਚ ਹਜ਼ਾਰਾਂ ਲੋਕ ਬੇਘਰੇ ਹਨ ਜਿਨ੍ਹਾਂ ਲਈ ਸੱਜਰੀ ਸਵੇਰ ਕਦੋਂ ਚੜ੍ਹੇਗੀ ਇਹ ਵੱਡਾ ਸਵਾਲ ਬਣਿਆ ਹੋਇਆ ਹੈ।