ਪੰਜਾਬ 'ਚ ਭਾਰੀ ਮੀਂਹ ਅਤੇ ਝੱਖੜ ਨੇ 3 ਵਿਅਕਤੀਆਂ ਦੀ ਲਈ ਜਾਨ!
ਸੰਗਰੂਰ , 20 ਅਪ੍ਰੈਲ 2025- ਬੀਤੇ ਦਿਨੀਂ ਆਏ ਭਾਰੀ ਮੀਂਹ ਅਤੇ ਝੱਖੜ ਵਾਪਰੀਆਂ ਘਟਨਾਵਾਂ ਦੌਰਾਨ ਆਪਣੀ ਜਾਨ ਗੁਆਉਣ ਵਾਲੇ 3 ਵਿਅਕਤੀਆਂ ਦੇ ਪਰਿਵਾਰਾਂ ਨਾਲ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁੱਖ ਦੀ ਇਸ ਘੜੀ ’ਚ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ ਅਤੇ ਉਹ ਅਰਦਾਸ ਕਰਦੇ ਹਨ ਕਿ ਪਰਮਾਤਮਾ ਵਿੱਛੜੀਆਂ ਰੂਹਾਂ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ਣ।
ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਦੀ ਸ਼ਾਮ ਆਏ ਭਾਰੀ ਝੱਖੜ ਕਾਰਨ ਰੁੱਖਾਂ ਅਤੇ ਖੰਭਿਆਂ ਦੇ ਡਿੱਗਣ ਕਾਰਨ ਧੂਰੀ ਨਾਲ ਸਬੰਧਤ 5 ਵਿਅਕਤੀ ਵੱਖ-ਵੱਖ ਥਾਵਾਂ ’ਤੇ ਵਾਪਰੇ ਹਾਦਸਿਆਂ ਕਾਰਨ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਵਿੱਚੋਂ ਚਰਨ ਸਿੰਘ ਵਾਸੀ ਬੇਨੜਾ ਅਤੇ ਪ੍ਰਿਤਪਾਲ ਸਿੰਘ ਵਾਸੀ ਵਾਰਡ ਨੰਬਰ 4 ਧੂਰੀ ਦੀ ਸਿਵਲ ਹਸਪਤਾਲ ਧੂਰੀ ਵਿਖੇ ਇਲਾਜ ਦੌਰਾਨ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਭਵਾਨੀਗੜ੍ਹ ਦੇ ਪਿੰਡ ਮਾਝਾ ਵਿਖੇ ਪੋਲਟਰੀ ਫਾਰਮ ਦੇ ਸ਼ੈੱਡ ਦੇ ਡਿੱਗਣ ਕਾਰਨ 68 ਸਾਲਾਂ ਦੇ ਗੁਰਚਰਨ ਸਿੰਘ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ।