ਜ਼ਿਲ੍ਹਾ ਮੋਗਾ ਵਿੱਚ ' ਪਹਿਲ ' ਪ੍ਰੋਜੈਕਟ ਦੇ ਦੂਜੇ ਪੜਾਅ ਦੀ ਸ਼ੁਰੂਆਤ
- ਸਰਕਾਰੀ ਸਕੂਲਾਂ ਦੀਆਂ 20 ਹਜ਼ਾਰ ਵਰਦੀਆਂ ਤਿਆਰ ਕਰਨਗੀਆਂ ਸਵੈ ਸਹਾਇਤਾ ਗਰੁੱਪਾਂ ਦੀਆਂ ਔਰਤਾਂ
- 35 ਗਰੁੱਪਾਂ ਦੀਆਂ 150 ਔਰਤਾਂ ਨੂੰ ਮਿਲਿਆ ਘਰ ਬੈਠੇ ਰੁਜ਼ਗਾਰ, ਪ੍ਰਤੀ ਵਰਦੀ ਮਿਲਣਗੇ 100 ਰੁਪਏ
ਮੋਗਾ, 21 ਫਰਵਰੀ 2025 - ਪਹਿਲੇ ਸਾਲ ਦੀ ਅਪਾਰ ਸਫ਼ਲਤਾ ਤੋਂ ਬਾਅਦ ਜ਼ਿਲ੍ਹਾ ਮੋਗਾ ਵਿੱਚ ' ਪਹਿਲ ' ਪ੍ਰੋਜੈਕਟ ਦੇ ਦੂਜੇ ਪੜਾਅ ਦੀ ਸ਼ੁਰੂਆਤ ਹੋ ਗਈ ਹੈ। ਇਸ ਪ੍ਰੋਜੈਕਟ ਤਹਿਤ 145 ਸਕੂਲਾਂ ਦੇ ਵਿਦਿਆਰਥੀਆਂ ਦੀਆਂ ਵਰਦੀਆਂ ਨੂੰ ਤਿਆਰ ਕਰਨ ਦਾ ਕੰਮ ਸਵੈ ਸਹਾਇਤਾ ਗਰੁੱਪਾਂ ਨੂੰ ਸੌਂਪਿਆ ਗਿਆ ਹੈ।
ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਪੀ.ਸੀ.ਐਸ ਵੱਲੋਂ ਕਲੱਸਟਰ ਲੈਵਲ ਫੈਡਰੇਸ਼ਨ ਇੰਦਰਗੜ੍ਹ ਵਿਖੇ ਪਹਿਲ ਪ੍ਰੋਜੈਕਟ ਅਧੀਨ ਬਣਾਏ ਗਏ ਸੈਂਟਰ ਦਾ ਦੌਰਾ ਕੀਤਾ ਗਿਆ ਅਤੇ ਜਿਲ੍ਹਾ ਮੋਗਾ ਵਿਖੇ ਪਹਿਲ ਪ੍ਰਜੈਕਟ ਦੇ ਦੂਜੇ ਪੜਾਅ ਦਾ ਆਗਾਜ ਕਰਵਾਇਆ ਗਿਆ।
ਉਹਨਾਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਜਿਲ੍ਹਾ ਮੋਗਾ ਵਿੱਚ ਪਹਿਲ ਪ੍ਰੋਜੈਕਟ 2024 ਵਿੱਚ ਲਾਗੂ ਕੀਤਾ ਗਿਆ ਸੀ।ਜਿਸ ਦੇ ਅੰਤਰਗਤ ਬਲਾਕ ਕੋਟ ਈਸੇ ਖਾਂ ਦੇ ਪਿੰਡ ਇੰਦਰਗੜ੍ਹ ਵਿਖੇ ਪਹਿਲ ਸੈਂਟਰ ਸਥਾਪਿਤ ਕੀਤਾ ਗਿਆ ਅਤੇ ਧਰਮਕੋਟ 1 ਅਤੇ ਧਰਮਕੋਟ 2 ਦੇ ਪ੍ਰਾਇਮਰੀ ਅਤੇ ਪ੍ਰੀ ਪ੍ਰਾਇਮਰੀ ਸਕੂਲਾਂ ਦੀਆਂ ਲਗਭਗ 10000 ਵਰਦੀਆਂ ਦਾ ਆਰਡਰ ਤਿਆਰ ਕੀਤਾ ਗਿਆ ਸੀ ਅਤੇ ਸਕੂਲਾਂ ਦੇ ਵਿੱਦਿਆਰਥੀਆਂ ਨੂੰ ਵੰਡਿਆ ਗਿਆ ਹੈ।ਜਿਸ ਨਾਲ ਸੈਲਫ ਹੈਲਪ ਗਰੁੱਪਾਂ ਦੀਆਂ ਲਗਭਗ 150 ਔਰਤਾਂ ਨੂੰ ਰੁਜਗਾਰ ਪ੍ਰਾਪਤ ਹੋਇਆ ਅਤੇ ਪ੍ਰਤੀ ਵਰਦੀ 100 ਰੁਪਏ ਦਾ ਲਾਭ ਪ੍ਰਾਪਤ ਹੋਇਆ ਹੈ।
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਇਸ ਵਾਰ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਮੋਗਾ ਨੂੰ 20,000 ਸਕੂਲੀ ਵਰਦੀਆਂ ਦਾ ਟੀਚਾ ਦਿੱਤਾ ਗਿਆ ਹੈ। ਜਿਸ ਸਬੰਧੀ 145 ਸਕੂਲਾਂ ਦਾ ਆਰਡਰ ਸਿੱਖਿਆ ਵਿਭਾਗ ਪਾਸੋਂ ਪ੍ਰਾਪਤ ਕਰ ਲਿਆ ਹੈ। ਇਸ ਆਰਡਰ ਅਧੀਨ ਬਲਾਕ ਬਲਾਕ ਈਸੇ ਖਾਂ ਵਿੱਚ ਬਣੇ ਸੈਲਫ ਗਰੁੱਪਾਂ ਵਿੱਚੋਂ ਲਗਭਗ 35 ਗਰੁੱਪਾਂ ਦੀਆਂ ਔਰਤਾਂ ਨੂੰ ਘਰ ਬੈਠੇ ਹੀ ਰੋਜ਼ਗਾਰ ਮਿਲੇਗਾ। ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਵੱਲੋਂ ਜਲਦ ਹੀ ਇਹ ਆਰਡਰ ਪੂਰਾ ਕਰਕੇ ਸਮੇਂ ਸਿਰ ਵਰਦੀਆਂ ਦੀ ਡਿਲਵਰੀ ਕੀਤੀ ਜਾਵੇਗੀ। ਉਹਨਾਂ ਵੱਲੋਂ ਔਰਤਾਂ ਨੂੰ ਸੈਲਫ ਹੈਲਪ ਗੁਰੱਪਾਂ ਨਾਲ ਜੁਣਨ ਦੀ ਵੀ ਅਪੀਲ ਕੀਤੀ ਗਈ।