ਨਿੱਤ ਦਿਹਾੜੇ ਸੈਂਕੜਿਆਂ ਦੀ ਗਿਣਤੀ 'ਚ ਜ਼ਬਰੀ ਹੱਥਾਂ 'ਚ ਹੱਥਕੜੀਆਂ ਪੈਰਾਂ 'ਚ ਬੇੜੀਆਂ ਨਾਲ ਜਕੜ ਕੇ ਪ੍ਰਵਾਸੀ ਅਮਰੀਕਾ 'ਚੋਂ ਕੱਢੇ ਜਾ ਰਹੇ ਹਨ। ਅਮਰੀਕਾ ਵਸਦੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਲੱਖਾਂ ਵਿੱਚ ਹੈ। ਮੈਕਸੀਕੋ, ਭਾਰਤ ਅਤੇ ਹੋਰ ਦੇਸ਼ਾਂ ਦੇ ਵਸ਼ਿੰਦੇ ਰੁਜ਼ਗਾਰ ਅਤੇ ਚੰਗੇ ਭਵਿੱਖ ਖ਼ਾਤਰ ਏਜੰਟਾਂ ਦੇ ਢਹੇ ਚੜ੍ਹਕੇ ਅਮਰੀਕਾ ਪੁੱਜੇ, ਸਰਕਾਰੀ ਸ਼ਿਕੰਜੇ 'ਚ ਗ਼ੈਰ-ਕਾਨੂੰਨੀ ਹੋਣ ਕਾਰਨ ਜਕੜੇ ਗਏ।
ਅਮਰੀਕਾ ਦੀ ਨਵੀਂ ਹਕੂਮਤ ਆਉਣ 'ਤੇ ਉਹਨਾਂ ਵਿੱਚੋਂ ਵੱਡੀ ਗਿਣਤੀ ਪ੍ਰਵਾਸੀਆਂ ਨੂੰ ਡਿਟੈਂਸ਼ਨ ਸੈਂਟਰ 'ਚ ਧੱਕ ਦਿੱਤਾ ਗਿਆ, ਜਿੱਥੇ ਉਹਨਾਂ ਨੂੰ ਤਸੀਹੇ ਦਿੱਤੇ ਗਏ ਅਤੇ ਮੁੜ ਉਹਨਾਂ ਨੂੰ ਉੱਥੋਂ ਦੇ ਸਖ਼ਤ ਕਾਨੂੰਨ ਅਨੁਸਾਰ ਫੌਜੀ ਹਵਾਈ ਜਹਾਜ਼ਾਂ ਰਾਹੀਂ ਉਹਨਾ ਦੇ ਆਪਣੇ ਦੇਸ਼ ਭੇਜਿਆ ਜਾ ਰਿਹਾ ਹੈ। ਇਹ ਉਹ ਪ੍ਰਵਾਸੀ ਹਨ ਜਿਹੜੇ ਲੱਖਾਂ ਰੁਪਏ ਖ਼ਰਚਕੇ ਡੌਂਕੀ ਰੂਟਾਂ ਰਾਹੀਂ ਵੱਡੇ ਕਸ਼ਟ ਝੱਲਕੇ ਅਮਰੀਕਾ ਪੁੱਜੇ ਸਨ। ਇੱਕ ਰਿਪੋਰਟ ਮੁਤਾਬਕ ਕੁਝ ਸਮੇਂ 'ਚ ਹੀ ਲਗਭਗ 18000 ਗ਼ੈਰ-ਕਾਨੂੰਨੀ ਪ੍ਰਵਾਸੀ ਭਾਰਤੀ ਦੇਸ਼ ਪਰਤਾ ਦਿੱਤੇ ਜਾਣਗੇ। ਗ਼ੈਰ-ਕਾਨੂੰਨੀ ਪ੍ਰਵਾਸੀਆਂ ਦਾ ਇਹ ਪ੍ਰਤੱਖ ਸਿੱਟਾ ਦੁਖਦਾਇਕ ਹੈ।
ਇਸ ਤੋਂ ਵੱਧ ਪੀੜਾ ਦਾਇਕ ਕੈਨੇਡਾ, ਅਮਰੀਕਾ ਵਸਦੇ ਉਹਨਾ ਲੋਕਾਂ ਦੇ ਡਗਮਗਾਉਂਦੇ ਭਵਿੱਖ ਦੀ ਵਾਰਤਾ ਹੈ, ਜੋ ਉਹਨਾ ਦੇਸ਼ਾਂ ਦੇ ਕਾਨੂੰਨਾਂ ਦੇ ਥਪੇੜੇ ਝੱਲ ਰਹੇ ਹਨ, ਜਿਹੜੇ ਇਸ ਆਸ ਨਾਲ ਉਹਨਾ ਦੇਸ਼ਾਂ 'ਚ ਚੰਗੇਰੇ ਭਵਿੱਖ ਲਈ ਵਿਦਿਆਰਥੀ ਬਣ ਕੇ ਜਾਂ ਨੌਕਰੀਆਂ ਕਰਨ ਲਈ ਗਏ ਸਨ ਅਤੇ ਹੁਣ ਬਦਲਦੇ ਕਾਨੂੰਨਾਂ ਦੇ ਥਪੇੜੇ ਝੱਲ ਰਹੇ ਹਨ। ਇਹਨਾ ਦੀ ਚਿੰਤਾ ਉੱਥੋਂ ਦੇਸ-ਨਿਕਾਲੇ ਦੀ ਹੈ।
ਅਸਲ ਵਿੱਚ ਪ੍ਰਵਾਸ ਦਾ ਦਰਦ ਇੰਨਾ ਡੂੰਘਾ ਹੈ ਮਨੁੱਖ ਲਈ ਕਿ ਉਸਨੂੰ ਝੱਲਣਾ ਔਖਾ ਹੈ। ਪਿੰਡ ਤੋਂ ਸ਼ਹਿਰ ਦਾ ਪ੍ਰਵਾਸ, ਸ਼ਹਿਰ ਦੇ ਇੱਕ ਕੋਨੇ ਤੋਂ ਦੂਜੇ ਸੂਬੇ ਦਾ ਪ੍ਰਵਾਸ, ਜਿਥੋਂ ਦੀ ਬੋਲੀ, ਸਭਿਆਚਾਰ ਦਾ ਆਪਸੀ ਵਖਰੇਵਾਂ ਹੈ ਅਤੇ ਫਿਰ ਦੇਸ਼ ਤੋਂ ਪ੍ਰਦੇਸ਼ ਦੇ ਪ੍ਰਵਾਸ ਦਾ ਦਰਦ ਮਨੁੱਖ ਨੂੰ ਭਰੇ ਮਨ ਨਾਲ ਮਜ਼ਬੂਰੀ ਬੱਸ ਹੰਡਾਉਣਾ ਪੈਂਦਾ ਹੈ।
ਇਹੋ ਜਿਹੇ ਪ੍ਰਵਾਸ ਦੇ ਦਰਦ ਦੀ ਇੱਕ ਵੰਨਗੀ ਪਿਛਲੇ ਸਾਲਾਂ 'ਚ ਉਸ ਵੇਲੇ ਦੇਸ਼ 'ਚ ਵੇਖਣ ਨੂੰ ਮਿਲੀ ਜਦੋਂ ਕਰੋਨਾ ਆਫ਼ਤ ਨੇ ਦੇਸਾਂ-ਵਿਦੇਸ਼ਾਂ 'ਚ ਕਰੋੜਾਂ ਲੋਕ ਘਰੋਂ ਬੇਘਰ ਕਰ ਦਿੱਤੇ। ਸ਼ਹਿਰਾਂ 'ਚ ਰੋਜ਼ੀ ਰੋਟੀ ਕਮਾਉਣ ਗਏ ਲੋਕ ਪਿੰਡਾਂ ਵੱਲ ਪਰਤਾ ਦਿੱਤੇ। ਇਹਨਾ ਪ੍ਰਵਾਸੀਆਂ ਦੇ ਹਾਲਾਤ ਬਦ ਤੋਂ ਬਦਤਰ ਹੋਏ, ਜਿਹੜੇ ਵਰ੍ਹਿਆਂ ਬਾਅਦ ਵੀ ਸੌਖੇ ਨਹੀਂ ਹੋ ਸਕੇ।
ਵੱਡੀਆਂ ਉਜਾੜੇ ਦੀਆਂ ਇਹ ਹਾਲਤਾਂ ਭੁੱਖਮਰੀ ਦੀਆਂ ਪ੍ਰਸਥਿਤੀਆਂ ਪੈਦਾ ਕਰਦੀਆਂ ਹਨ, ਉਦੋਂ ਜਦੋਂ ਮਨੁੱਖ ਆਪਣੀਆਂ ਜੜ੍ਹਾਂ ਤੋਂ ਉਖੜਨ ਲਈ ਬੇਬਸ ਹੋ ਜਾਂਦਾ ਹੈ। ਵਸਿਆ-ਰਸਿਆ ਘਰ, ਪਰਿਵਾਰ, ਆਲਾ-ਦੁਆਲਾ ਛੱਡਣ ਲਈ ਉਹ ਮਜ਼ਬੂਰ ਹੋ ਜਾਂਦਾ ਹੈ।
ਅੱਜ ਵਿਸ਼ਵ ਭਰ 'ਚ ਜ਼ਬਰਨ ਘਰ ਛੱਡਣ-ਛੁਡਾਉਣ ਦੇ ਹਾਲਾਤਾਂ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀ ਗਿਣਤੀ ਅੱਠ ਕਰੋੜ ਚਾਲੀ ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ। ਇਹਨਾ ਵਿੱਚ ਚਾਰ ਕਰੋੜ ਅੱਸੀ ਲੱਖ ਲੋਕ ਤਾਂ ਆਪਣੇ ਦੇਸ਼ਾਂ ਵਿੱਚ ਹੀ ਉਜਾੜੇ ਦਾ ਸ਼ਿਕਾਰ ਹਨ। ਪਰ ਅਸਲ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਵਾਸੀਆਂ ਦੀ ਗਿਣਤੀ ਸਤਾਈ ਕਰੋੜ ਵੀਹ ਲੱਖ ਪੁੱਜ ਚੁੱਕੀ ਹੈ। ਇਹਨਾ ਵਿੱਚੋਂ 9 ਕਰੋੜ 50 ਲੱਖ ਲੋਕ ਹੇਠਲੇ ਅਤੇ ਵਿਚਕਾਰਲੀ ਆਮਦਨ ਵਾਲੇ ਦੇਸ਼ਾਂ ਵਿੱਚ ਰਹਿ ਰਹੇ ਹਨ। ਉਹ ਉਜਾੜੇ ਅਤੇ ਭੁੱਖਮਰੀ ਨਾਲ ਜੂਝ ਰਹੇ ਹਨ। ਜਲਵਾਯੂ ਆਫ਼ਤ, ਭੁਚਾਲ, ਹਿੰਸਕ ਝੜਪਾਂ, ਯੁੱਧ, ਮਹਿੰਗਾਈ-ਬੇਰੁਜ਼ਗਾਰੀ, ਸਿਆਸੀ ਹਾਲਾਤ, ਸੋਕਾ ਅਤੇ ਹੜ੍ਹ ਦੇ ਚਲਦਿਆਂ ਦੁਨੀਆਂ ਦੇ ਉਜਾੜੇ ਦਾ ਸ਼ਿਕਾਰ ਲੋਕਾਂ ਦੀ ਗਿਣਤੀ ਗਿਆਰਾਂ ਕਰੋੜ ਤੋਂ ਵੀ ਵੱਧ ਹੈ, ਜਿਹਨਾ 'ਚ 40 ਫ਼ੀਸਦੀ ਬੱਚੇ ਹਨ। ਉਹ ਰਾਸ਼ਟਰੀਅਤਾ, ਸਿਖਿਆ, ਸਿਹਤ, ਰੁਜ਼ਗਾਰ, ਆਵਾਗਮਨ, ਆਜ਼ਾਦੀ ਅਤੇ ਬੁਨਿਆਦੀ ਅਧਿਕਾਰਾਂ ਤੋਂ ਵਾਂਝੇ ਹੋ ਚੁੱਕੇ ਹਨ। 2024 'ਚ ਇੱਕ ਰਿਪੋਰਟ ਇਹੋ ਜਿਹੇ ਹਾਲਾਤਾਂ ਬਾਰੇ ਛਪੀ ਹੈ, ਜੋ ਦਰਸਾਉਂਦੀ ਹੈ ਕਿ 2024 ਉਜਾੜੇ 'ਤੇ ਪ੍ਰਵਾਸ ਦੀ ਦ੍ਰਿਸ਼ਟੀ ਤੋਂ ਅਤਿਅੰਤ ਚੁਣੌਤੀ ਭਰਪੂਰ ਰਿਹਾ ਹੈ।
ਸੀਰੀਆ 'ਚ ਉਜਾੜੇ ਦੀ ਸਥਿਤੀ ਗੰਭੀਰ ਹੈ। ਯੁਕਰੇਨ ਜੰਗ ਕਾਰਨ ਇੱਕ ਕਰੋੜ ਤੇਰਾਂ .ਲੱਖ ਲੋਕ ਬੇਘਰ ਹੋ ਗਏ ਹਨ। ਪੋਲੈਂਡ, ਰੁਮਾਨੀਆ, ਹੰਗਰੀ ਅਤੇ ਬੇਲਾਰੂਸ ਦੇ ਲੋਕ ਗੁਆਂਢੀ ਦੇਸ਼ਾਂ 'ਚ ਸ਼ਰਨਾਰਥੀ ਬਣੇ ਹੋਏ ਹਨ। ਅਫਗਾਨਿਸਤਾਨ ਦੇ ਇੱਕ ਕਰੋੜ ਨੱਬੇ ਲੱਖ ਲੋਕ ਭੁੱਖਮਰੀ ਵਰਗੇ ਹਾਲਾਤਾਂ ਵਿੱਚ ਹਨ। ਵੈਨੇਜੋਏਲਾ 'ਚ ਤੇਈ ਲੱਖ ਲੋਕ ਭੁੱਖਮਰੀ ਦੀ ਗੰਭੀਰ ਸਥਿਤੀ ਸੰਕਟ 'ਚ ਹਨ। ਬੱਚੇ ਕੁਪੋਸ਼ਨ ਦਾ ਸ਼ਿਕਾਰ ਹਨ। ਦੱਖਣੀ ਸੁਡਾਨ ਦੇ ਹਾਲਾਤ ਅਤਿਅੰਤ ਗੰਭੀਰ ਹਨ। ਮੀਆਂਮਾਰ ਵਿੱਚੋਂ ਉਜੜੇ ਸਤਾਰਾਂ ਲੱਖ ਲੋਕ ਆਪਣੀ ਨਾਗਰਿਕਤਾ ਗੁਆ ਕੇ ਦੁਨੀਆ ਦੇ ਸਭ ਤੋਂ ਜ਼ਿਆਦਾ ਸਤਾਏ ਜਾਣ ਵਾਲੀ ਸਥਿਤੀ 'ਚ ਘੱਟ ਗਿਣਤੀਆਂ ਦੇ ਰੂਪ 'ਚ ਜਾਣੇ ਜਾਂਦੇ ਹਨ। ਇਹਨਾ ਦੇਸ਼ਾਂ ਦੇ ਬੱਚਿਆਂ ਦੇ ਹਾਲਾਤ ਅਤਿਅੰਤ ਤਰਸਯੋਗ ਹਨ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਕੁਪੋਸ਼ਨ ਕਾਰਨ ਬੋਨੇਪਨ ਦਾ ਸ਼ਿਕਾਰ ਹਨ। ਦੁਨੀਆਂ 'ਚ ਇਸ ਸਮੇਂ ਸਭ ਤੋਂ ਵੱਧ ਆਬਾਦੀ ਸ਼ਰਨਾਰਥੀਆਂ ਦੀ ਹੈ, ਜਿਹਨਾ ਵਿੱਚ ਦੋ ਕਰੋੜ ਪੰਜਾਹ ਲੱਖ ਤੋਂ ਜ਼ਿਆਦਾ ਆਪਣੇ ਘਰਾਂ 'ਚੋਂ ਉਜੜਕੇ ਵਿਦੇਸ਼ਾਂ 'ਚ ਦਿਨ ਕੱਟੀ ਕਰ ਰਹੇ ਹਨ। ਇਹਨਾ ਵਿੱਚੋਂ ਇੱਕ ਕਰੋੜ ਦਸ ਲੱਖ ਬੱਚੇ ਹਨ। ਪਿਛਲੇ ਦਸ ਸਾਲਾਂ 'ਚ ਇਹ ਸੰਖਿਆ ਦੁਗਣੀ ਹੋ ਗਈ ਹੈ।
ਵਿਸ਼ਵ ਭਰ 'ਚ ਟੈਕਨੌਲੋਜੀ ਦੇ ਵਿਕਾਸ ਦੇ ਫੋਕੇ ਨਾਹਰਿਆਂ ਵਿਚਕਾਰ ਬੀਤੇ ਸਾਲ 2024 ਵਿੱਚ ਲਗਭਗ ਪੰਦਰਾਂ ਕਰੋੜ ਲੋਕ ਭੁੱਖਮਰੀ ਤੋਂ ਬੇਹਾਲ ਰਹੇ। ਕੋਵਿਡ ਦੇ ਬਾਅਦ ਹੁਣ ਤੱਕ ਇਸ ਗਿਣਤੀ 'ਚ ਪੰਦਰਾਂ ਕਰੋੜ ਦਾ ਹੋਰ ਵਾਧਾ ਹੋਇਆ। ਇੱਕ ਅਧਿਐਨ ਅਨੁਸਾਰ ਸਤਾਹਟ ਕਰੋੜ ਲੋਕਾਂ ਨੂੰ 2030 ਤੱਕ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਭਾਰਤ ਵਿੱਚ ਉਜਾੜੇ ਅਤੇ ਪ੍ਰਵਾਸ ਦੇ ਕਾਰਨ ਵੱਖ-ਵੱਖ ਖਿੱਤਿਆਂ 'ਚ ਵੱਖੋ-ਵੱਖਰੇ ਹਨ। ਇਹਨਾ ਦਾ ਕਾਰਨ ਸੋਕਾ, ਹੜ੍ਹ ਵੀ ਹੈ, ਭੋਜਨ ਦੀ ਘਾਟ ਵੀ ਅਤੇ ਹਿੰਸਾ ਅਤੇ ਸੰਘਰਸ਼ ਵੀ। ਡਾਊਨ ਟੂ ਅਰਥ ਸਟੇਟ ਆਫ਼ ਇੰਡੀਅਨਜ਼ ਇਨਵਾਇਰਨਮੈਂਟ ਦੀ ਇੱਕ ਰਿਪੋਰਟ ਇਹ ਦਾਅਵਾ ਕਰਦੀ ਹੈ ਕਿ ਸੰਘਰਸ਼ ਅਤੇ ਹਿੰਸਾ ਕਾਰਨ ਲਗਭਗ ਪਚਾਸੀ ਲੱਖ ਲੋਕ ਉਜਾੜੇ ਦਾ ਸ਼ਿਕਾਰ ਹੋਏ। ਅਸਾਮ, ਮਿਜ਼ੋਰਮ, ਕਸ਼ਮੀਰ, ਮੇਘਾਲਿਆ, ਮਨੀਪੁਰ, ਤ੍ਰਿਪੁਰਾ 'ਚ ਸਾਲ 2022 ਦੇ ਅੰਤ ਤੱਕ ਸੱਤ ਲੱਖ ਲੋਕਾਂ ਨੂੰ ਆਪਣੇ ਘਰ ਛਡਣੇ ਪਏ।
ਵਿਕਾਸ ਦੀਆਂ ਕਈ ਯੋਜਨਾਵਾਂ ਵੀ ਉਜਾੜੇ ਦਾ ਕਾਰਨ ਬਣ ਰਹੀਆਂ ਹਨ। ਸੈਂਟਰ ਫਾਰ ਸਾਇੰਜ ਐਂਡ ਇਨਵਾਇਰਨਮੈਂਟ ਦੀ ਇੱਕ ਰਿਪੋਰਟ ਦੱਸਦੀ ਹੈ ਕਿ ਹੜ੍ਹ, ਸੋਕੇ ਅਤੇ ਚੱਕਰਵਾਤ ਤੂਫਾਨਾਂ ਕਾਰਨ ਭਾਰਤ ਵਿੱਚ ਵੱਡੇ ਪੈਮਾਨੇ ਉੱਤੇ ਉਜਾੜਾ ਹੋ ਰਿਹਾ ਹੈ। ਦੇਸ਼ ਦੇ ਪਹਾੜੀ ਅਤੇ ਸਮੁੰਦਰੀ ਤੱਟ ਵਰਤੀ ਖੇਤਰਾਂ ਤੋਂ ਬਿਨ੍ਹਾਂ ਬਿਹਾਰ, ਛੱਤੀਸਗੜ੍ਹ, ਝਾਰਖੰਡ 'ਚ ਵੀ ਲਗਾਤਾਰ ਇਹੋ ਜਿਹੀਆਂ ਸਥਿਤੀਆਂ ਵੇਖਣ ਨੂੰ ਮਿਲਦੀਆਂ ਹਨ।
ਬਿਨ੍ਹਾਂ ਸ਼ੱਕ ਮਨੁੱਖ ਨੂੰ ਵੱਡੀਆਂ ਆਫ਼ਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਕੁਦਰਤੀ ਆਫ਼ਤਾਂ ਹਨ, ਜਿਹਨਾ ਦਾ ਕਾਰਨ ਵਾਤਾਵਰਨ ਨਾਲ ਵੱਡੀ ਛੇੜ-ਛਾੜ ਹੈ, ਜਿਸਦਾ ਖਮਿਆਜ਼ਾ ਆਮ ਆਦਮੀ ਨੂੰ ਭੁਗਤਣਾ ਪੈਂਦਾ ਹੈ। ਆਮ ਲੋਕਾਂ ਵਿੱਚੋਂ ਵੀ ਘੱਟ ਤਾਕਤਵਰ, ਕੰਮਜ਼ੋਰ ਲੋਕ, ਖ਼ਾਸ ਕਰਕੇ ਔਰਤਾਂ ਤੇ ਬੱਚੇ ਆਫ਼ਤਾਂ, ਯੁੱਧਾਂ ਦੇ ਸਿੱਟਿਆਂ ਦਾ ਵੱਧ ਸ਼ਿਕਾਰ ਹੁੰਦੇ ਹਨ।
ਸਮਾਜ 'ਚ ਆਰਥਿਕ ਤੇ ਸਮਾਜਿਕ ਨਾ-ਬਰਾਬਰੀ, ਸਾਧਨਾਂ ਦੀ ਲੁੱਟ, ਇਹੋ ਜਿਹੇ ਕਾਰਨ ਹਨ, ਜੋ ਸਾਧਨਹੀਣ ਮਨੁੱਖ ਲਈ ਵਧੇਰੇ ਮੁਸੀਬਤਾਂ ਖੜੀਆਂ ਕਰਦੇ ਹਨ। ਹੇਠਲੇ ਵਰਗ ਵਾਲੇ, ਘੱਟ ਆਮਦਨੀ ਵਾਲੇ ਲੋਕਾਂ ਨੂੰ ਪ੍ਰਵਾਸ ਦਾ ਵੱਧ ਦਰਦ ਸਹਿਣਾ ਪੈਂਦਾ ਹੈ। ਘਰੋਂ ਬੇਘਰ ਹੋਣਾ, ਭੁੱਖਮਰੀ ਦਾ ਸ਼ਿਕਾਰ ਹੋਣਾ, ਬੇਰੁਜ਼ਗਾਰੀ ਦੀ ਮਾਰ ਹੇਠ ਆਉਣਾ, ਇਹ ਵਰਤਮਾਨ ਸਮੇਂ 'ਚ ਕਾਰਪੋਰੇਟ ਦੇ ਘਰਾਣਿਆਂ ਦੀ ਤਾਕਤ ਤੇ ਧਨ ਹਥਿਆਉਣ ਦਾ ਸਿੱਟਾ ਹੈ। ਜੋ ਕੁਦਰਤ ਦੇ ਨਾਲ ਖਿਲਵਾੜ ਕਰਕੇ ਨਵੇਂ ਪ੍ਰਾਜੈਕਟ ਲਗਾਕੇ ਸਾਧਨਾਂ ਦੀ ਲੁੱਟ ਕਰਕੇ ਆਪਣੇ ਭੜੌਲੇ ਭਰਦੇ ਹਨ, ਹਾਕਮਾਂ ਨਾਲ ਰਲਕੇ ਲੋਕਾਂ ਦੀ ਲੁੱਟ-ਖਸੁੱਟ ਕਰਦੇ ਹਨ, ਉਹਨਾ ਦਾ ਸ਼ੋਸਣ ਕਰਦੇ ਹਨ। ਇਹ ਵਰਤਾਰਾ ਦੇਸ-ਪ੍ਰਦੇਸ 'ਚ ਲਗਾਤਾਰ ਵੱਧ ਰਿਹਾ ਹੈ।
ਮਨੁੱਖ ਮੁੱਢ ਕਦੀਮ ਤੋਂ ਪ੍ਰਵਾਸ ਹੰਢਾਉਂਦਾ, ਜੰਗਲ ਬੇਲੇ ਘੁੰਮਦਾ, ਸੁਰੱਖਿਅਤ ਟਿਕਾਣਿਆਂ ਅਤੇ ਚੰਗੇ ਸੁਖਾਵੇਂ ਜੀਵਨ ਦੀ ਭਾਲ ਤੇ ਲਾਲਸਾ ਤਹਿਤ ਆਪਣੀ ਜਨਮ ਭੂਮੀ ਤੋਂ ਦੂਰ ਜਾਂਦਾ ਰਿਹਾ ਹੈ। ਜੀਵਨ ਦਾ ਉਸਦਾ ਇਹ ਸੰਘਰਸ਼ ਲਗਾਤਾਰ ਜਾਰੀ ਹੈ। ਉਸਦੀ ਤਾਂਘ ਬ੍ਰਹਿਮੰਡ 'ਚ ਵਿਸ਼ਵ ਨਾਗਰਿਕਤਾ ਪ੍ਰਾਪਤ ਕਰਨ ਨਾਲ ਜੁੜੀ ਹੈ। ਉਸਦੀ ਸੋਚ, ਭੁੱਖਮਰੀ ਤੋਂ ਛੁਟਕਾਰਾ ਪਾਕੇ ਚੰਗੀ ਸਾਵੀ ਜ਼ਿੰਦਗੀ ਜੀਊਣ ਨਾਲ ਬੱਝੀ ਹੋਈ ਹੈ। ਦੇਸਾਂ-ਵਿਦੇਸ਼ਾਂ ਦੀਆਂ ਸਰਕਾਰਾਂ ਦੇ ਨਿਯਮ ਉਸਨੂੰ ਆਪਣੀ ਖੁਲ੍ਹੀ ਸੋਚ 'ਚ ਰੁਕਾਵਟ ਜਾਪਦੇ ਹਨ। ਉਹ ਕਈ ਵੇਰ ਵੱਡੇ ਜ਼ੋਖ਼ਮ ਉਠਾਕੇ ਕਾਨੂੰਨੀ ਸੰਗਲਾਂ ਨੂੰ ਤੋੜਦਾ ਹੈ ਅਤੇ ਕਈ ਵੇਰ ਆਪ ਇਹਨਾ ਸੰਗਲਾਂ 'ਚ ਜਕੜਿਆਂ ਜਾਂਦਾ ਹੈ।
ਉਂਜ ਮਨੁੱਖ ਲਈ ਉਜਾੜਾ ਅਤੇ ਪ੍ਰਵਾਸ ਦੋਵੇਂ ਹੀ ਅਤਿਅੰਤ ਖ਼ਤਰਨਾਕ ਪੀੜਾ ਦਾਇਕ ਹਨ। ਜਿਹਨਾ ਤੋਂ ਨਿਜਾਤ ਪਾਉਣ ਲਈ ਮਨੁੱਖ ਨੂੰ ਨਿਵੇਕਲੀ ਸੋਚ ਨਾਲ ਨਵੇਂ ਦਿਸਹੱਦੇ ਸਿਰਜਣੇ ਪੈਣਗੇ ਤਾਂ ਕਿ ਚੰਗੇਰਾ ਮਨੁੱਖੀ ਜੀਵਨ ਜੀਊਣ ਦੀਆਂ ਉਸਦੀਆਂ ਆਸਾਂ ਨੂੰ ਬੂਰ ਪਵੇ।

-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.