ਨੰਨ੍ਹੀ ਬੇਟੀ ਨਯਨਾ ਨੂੰ ਲੋਹੜੀ ਦੀ ਗਾਗਰ ਦੇ ਕੇ ਦਿੱਤਾ "ਧੀਆਂ ਦੇ ਲੋਹੜੀ ਮੇਲੇ" 'ਤੇ ਆਉਣ ਦਾ ਸੱਦਾ
- ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਲੋਹੜੀ ਮੇਲੇ ਦਾ ਸੱਦਾ ਪ੍ਰਵਾਨ ਕਰਦੇ ਹੋਏ ਧੀਆਂ ਦੀ ਲੋਹੜੀ ਮਨਾਉਣ ਨੂੰ ਸ਼ੁਭ ਸ਼ਗਨ ਕਿਹਾ
- 10 ਜਨਵਰੀ ਨੂੰ 11 ਵਜੇ "ਯਾਦਾਂ ਜੱਸੋਵਾਲ ਦੀਆਂ" ਵਿਸ਼ੇ 'ਤੇ ਸੈਮੀਨਾਰ ਹੋਵੇਗਾ ਜਿਸ ਵਿੱਚ ਮੁੱਖ ਤੌਰ 'ਤੇ ਰੰਧਾਵਾ ਯੂ.ਐੱਸ.ਏ. ਹਿੱਸਾ ਲੈਣਗੇ
ਲੁਧਿਆਣਾ, 9 ਜਨਵਰੀ 2025 - ਅੱਜ ਮਾਲਵਾ ਸੱਭਿਆਚਾਰਕ ਮੰਚ (ਰਜਿਃ)ਪੰਜਾਬ ਦੇ ਅਹੁਦੇਦਾਰ ਤੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੂੰ ਮਿਲੇ ਅਤੇ ਧੀਆਂ ਦੀ 28 ਸਾਲ ਤੋਂ ਲੋਹੜੀ ਮਨਾਉਣ ਸਬੰਧੀ ਦੱਸਿਆ।
ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਹਰ ਸਾਲ ਮਾਲਵਾ ਸੱਭਿਆਚਾਰਕ ਮੰਚ ਸੈਂਕੜੇ ਨਵਜੰਮੀਆਂ ਬੱਚੀਆਂ ਨੂੰ ਸ਼ਗਨ, ਸੂਟ, ਖਿਡਾਉਣੇ, ਮਠਿਆਈ ਅਤੇ ਜਨਮ ਦਾਤੀਆਂ ਨੂੰ ਸ਼ਾਲ ਭੇਂਟ ਕਰਕੇ ਲੋਹੜੀ ਮਨਾਉਂਦਾ ਆ ਰਿਹਾ ਹੈ। ਮੇਲੇ ਦੌਰਾਨ ਉੱਚ ਕੋਟੀ ਦੇ ਆਰਟਿਸਟਾਂ ਵੱਲੋਂ ਗੀਤ ਸੰਗੀਤ ਰਾਹੀਂ ਮੇਲੇ ਨੂੰ ਹੋਰ ਖੂਬਸੂਰਤ ਬਣਾਇਆ ਜਾ ਰਿਹਾ ਹੈ ਤਾਂ ਡਿਪਟੀ ਕਮਿਸ਼ਨਰ ਜੋਰਵਾਲ ਨੇ ਧੀਆਂ ਦੀ ਲੋਹੜੀ 29 ਸਾਲ ਤੋਂ ਮਨਾਉਣ ਨੂੰ ਸ਼ੁਭ ਸ਼ਗਨ ਅਤੇ ਉਸਾਰੂ ਸੋਚ ਕਿਹਾ। ਉਹਨਾਂ ਕਿਹਾ ਕਿ ਭਾਵੇਂ ਉਸ ਦਿਨ ਬਹੁਤ ਪ੍ਰਸ਼ਾਸਨਿਕ ਰੁਝੇਵੇਂ ਹਨ ਪਰ ਉਹ ਮੇਲੇ ਵਿੱਚ ਜਰੂਰ ਸਮਾਂ ਕੱਢ ਕੇ ਆਉਣਗੇ ਕਿਉਂਕਿ ਇਹ ਭਰੂਣ ਹੱਤਿਆ ਦੇ ਖ਼ਿਲਾਫ਼ ਬਹੁਤ ਵੱਡਾ ਮੇਲਾ ਹੈ।
ਇਸ ਸਮੇਂ ਉਨਾਂ ਦੀ ਨੰਨ੍ਹੀ ਬੇਟੀ ਨਯਨਾ ਨੂੰ ਲੋਹੜੀ ਦੀ ਗਾਗਰ ਭੇਂਟ ਕੀਤੀ ਅਤੇ ਦੋ ਉੱਚ ਅਧਿਕਾਰੀ ਮਹਿਲਾਵਾਂ ਕ੍ਰਿਤੀਕਾ ਗੋਇਲ ਆਈ.ਏ.ਐੱਸ. ਅਤੇ ਪੂਨਮਪ੍ਰੀਤ ਕੌਰ ਪੀ ਸੀ ਐੱਸ ਐੱਸ.ਡੀ.ਐਮ. ਪੱਛਮੀ ਲੁਧਿਆਣਾ ਨੂੰ ਵੀ ਗਾਗਰ ਭੇਟ ਕਰਕੇ ਮੇਲੇ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ । ਇਸ ਸਮੇਂ ਮਾਲਵਾ ਸੱਭਿਆਚਾਰਕ ਮੰਚ ਦੇ ਪ੍ਰਧਾਨ ਜਸਵੀਰ ਸਿੰਘ ਰਾਣਾ ਝਾਂਡੇ, ਮੰਚ ਦੀ ਚੇਅਰਪਰਸਨ ਸਿੰਮੀ ਕਵਾਤਰਾ, ਮੰਚ ਦੀ ਮਹਿਲਾ ਵਿੰਗ ਦੀ ਪ੍ਰਧਾਨ ਇੰਦਰਜੀਤ ਕੌਰ ਓਬਰਾਏ, ਜਨਰਲ ਸਕੱਤਰ ਪ੍ਰੋ. ਗੁਰਸ਼ਰਨ ਕੌਰ, ਰੇਸ਼ਮ ਸਿੰਘ ਸੱਗੂ ਵਾਈਸ ਪ੍ਰਧਾਨ, ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਬਸਹਿਮੀ ਸਰਪੰਚ, ਲਖਵਿੰਦਰ ਸਿੰਘ ਅਤੇ ਅਰਜਨ ਬਾਵਾ ਵੀ ਹਾਜ਼ਰ ਸਨ।
ਇਸ ਸਮੇਂ ਜਸਬੀਰ ਸਿੰਘ ਰਾਣਾ ਝਾਂਡੇ ਅਤੇ ਸੁਖਵਿੰਦਰ ਸਿੰਘ ਬਸਹਿਮੀ ਨੇ ਕਿਹਾ ਕਿ 10 ਜਨਵਰੀ ਮੰਚ ਦੇ ਅਹੁਦੇਦਾਰਾਂ ਦੀ ਮੀਟਿੰਗ 11 ਵਜੇ ਪੰਜਾਬੀ ਭਵਨ ਲੁਧਿਆਣਾ ਵਿੱਚ ਹੋਵੇਗੀ ਜਿੱਥੇ ਲੋਹੜੀ ਮੇਲੇ ਦੇ ਸੁਪਨਕਾਰ ਸ. ਜਗਦੇਵ ਸਿੰਘ ਜੱਸੋਵਾਲ ਦੀ ਯਾਦ ਵਿੱਚ “ਯਾਦਾਂ ਜੱਸੋਵਾਲ ਦੀਆਂ" ਵਿਸ਼ੇ 'ਤੇ ਗੁਰਜਤਿੰਦਰ ਸਿੰਘ ਰੰਧਾਵਾ ਯੂ ਐੱਸ ਏ,ਗੁਰਭਜਨ ਗਿੱਲ, ਪ੍ਰਗਟ ਸਿੰਘ ਗਰੇਵਾਲ, ਤ੍ਰੈਲੋਚਨ ਲੋਚੀ, ਡਾ. ਨਿਰਮਲ ਜੌੜਾ ਅਤੇ ਸਾਬਕਾ ਮੰਤਰੀ ਪੰਜਾਬ ਸ. ਮਲਕੀਤ ਸਿੰਘ ਦਾਖਾ ਵਿਚਾਰ ਪੇਸ਼ ਕਰਨਗੇ।