ਬਾਬੂਸ਼ਾਹੀ ਦੀ ਖ਼ਬਰ 'ਤੇ ਲੱਗੀ ਮੋਹਰ: ਰੇਖਾ ਗੁਪਤਾ ਬਣੀ ਦਿੱਲੀ ਦੀ ਮੁੱਖ ਮੰਤਰੀ
ਦਿੱਲੀ ਨੂੰ ਫੇਰ ਮਿਲੀ ਵੂਮੈਨ CM, ਭਾਜਪਾ ਵਿਧਾਇਕ ਦਲ ਦੀ ਮੀਟਿੰਗ 'ਚ ਹੋਇਆ ਵੱਡਾ ਐਲਾਨ
ਨਵੀਂ ਦਿੱਲੀ, 19 ਫਰਵਰੀ 2025: ਦਿੱਲੀ ਵਿੱਚ 27 ਸਾਲਾਂ ਬਾਅਦ ਭਾਜਪਾ ਦੀ ਸਰਕਾਰ ਬਣਨ ਦੇ ਨਾਲ ਹੀ ਰਾਜਧਾਨੀ ਨੂੰ ਇੱਕ ਨਵੀਂ ਮਹਿਲਾ ਮੁੱਖ ਮੰਤਰੀ ਮਿਲੀ ਹੈ। ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਰੇਖਾ ਗੁਪਤਾ ਨੂੰ ਦਿੱਲੀ ਦਾ ਮੁੱਖ ਮੰਤਰੀ ਚੁਣਿਆ ਗਿਆ ਹੈ। ਇਹ ਫੈਸਲਾ ਪਾਰਟੀ ਦੇ ਕੇਂਦਰੀ ਨਿਗਰਾਨਾਂ ਰਵੀ ਸ਼ੰਕਰ ਪ੍ਰਸਾਦ ਅਤੇ ਓਮ ਪ੍ਰਕਾਸ਼ ਧਨਖੜ ਦੀ ਮੌਜੂਦਗੀ ਵਿੱਚ ਲਿਆ ਗਿਆ ਹੈ। ਦੱਸ ਦਈਏ ਕਿ ਚਾਰ ਦਿਨ ਪਹਿਲਾਂ ਹੀ ਬਾਬੂਸ਼ਾਹੀ ਨੇ ਇਸ ਬਾਰੇ ਖ਼ੁਲਾਸਾ ਕਰ ਦਿੱਤਾ ਸੀ ਕਿ ਰੇਖਾ ਗੁਪਤਾ ਦਿੱਲੀ ਦੀ ਸੀਐੱਮ ਬਣਨ ਜਾ ਰਹੀ ਹੈ।
ਰੇਖਾ ਗੁਪਤਾ ਦਾ ਸਿਆਸੀ ਸਫ਼ਰ ਏਬੀਵੀਪੀ (ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ) ਨਾਲ ਸ਼ੁਰੂ ਹੋਇਆ ਸੀ, ਅਤੇ ਉਹ ਦਿੱਲੀ ਯੂਨੀਵਰਸਿਟੀ ਦੀ ਸਕੱਤਰ ਵੀ ਰਹਿ ਚੁੱਕੀ ਹੈ। ਉਨ੍ਹਾਂ ਦਾ ਪਰਿਵਾਰ ਵੈਸ਼ ਭਾਈਚਾਰੇ ਨਾਲ ਸਬੰਧਤ ਹੈ, ਜੋ ਦਿੱਲੀ ਵਿੱਚ ਭਾਜਪਾ ਦਾ ਮੁੱਖ ਵੋਟਰ ਬੇਸ ਮੰਨਿਆ ਜਾਂਦਾ ਹੈ।
ਇਸ ਮੀਟਿੰਗ ਵਿੱਚ ਭਾਜਪਾ ਦੇ 48 ਵਿਧਾਇਕਾਂ ਨੇ ਹਿੱਸਾ ਲਿਆ, ਅਤੇ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਚੁਣਿਆ ਗਿਆ। ਇਸ ਤੋਂ ਬਾਅਦ, ਉਹ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਮਿਲਣਗੇ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ।
ਰੇਖਾ ਗੁਪਤਾ ਦੀ ਚੋਣ ਨੂੰ ਭਾਜਪਾ ਦੀ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਪਾਰਟੀ ਨੇ ਪਹਿਲਾਂ ਵੀ ਰਾਜਸਥਾਨ, ਹਰਿਆਣਾ, ਅਤੇ ਛੱਤੀਸਗੜ੍ਹ ਵਰਗੇ ਰਾਜਾਂ ਵਿੱਚ ਸਭ ਨੂੰ ਹੈਰਾਨ ਕੀਤਾ ਸੀ।
ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ
ਰੇਖਾ ਗੁਪਤਾ ਦਾ ਸਹੁੰ ਚੁੱਕ ਸਮਾਗਮ 20 ਫਰਵਰੀ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਵੇਗਾ। ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਅਤੇ ਹੋਰ ਵੱਡੇ ਆਗੂ ਸ਼ਾਮਲ ਹੋਣਗੇ। ਇਸ ਦੌਰਾਨ ਦਿੱਲੀ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ, ਅਤੇ ਟ੍ਰੈਫਿਕ ਡਾਇਵਰਜ਼ਨ ਵੀ ਲਾਗੂ ਕੀਤੇ ਗਏ ਹਨ।