ਪਠਾਨਕੋਟ ਸਿਵਲ ਸਰਜਨ ਨੇ ਡਾਕਟਰਾਂ ਦੀ ਮੌਜੂਦਗੀ ਬਾਰੇ ਦਿੱਤੀ ਜਾਣਕਾਰੀ, ਪੜ੍ਹੋ ਕਿੰਨੇ ਡਾਕਟਰ ਕਿੱਥੇ ਤੈਨਾਤ
ਪਠਾਨਕੋਟ, 20 ਫਰਵਰੀ 2025 : ਸਿਵਲ ਸਰਜਨ ਪਠਾਨਕੋਟ ਡਾ: ਅਦਿੱਤੀ ਸਲਾਰੀਆ ਵਲੋਂ ਦੱਸਿਆ ਗਿਆ ਕਿ ਸਿਵਲ ਹਸਪਤਾਲ ਪਠਾਨਕੋਟ ਵਿਖੇ 03 ਬੇਹੋਸ਼ੀ ਦੇ ਮਾਹਿਰ ਡਾਕਟਰ ਤੈਨਾਤ ਹਨ। ਇਸ ਤੋਂ ਇਲਾਵਾ ਸੀ.ਐਚ.ਸੀ. ਸੁਜਾਨਪੁਰ ਵਿਖੇ ਤੈਨਾਤ ਬੇਹੋਸ਼ੀ ਦੇ ਮਾਹਿਰ ਦੀ ਵੀ ਆਰਜ਼ੀ ਡਿਊਟੀ ਸਿਵਲ ਹਸਪਤਾਲ, ਪਠਾਨਕੋਟ ਵਿਖੇ ਲਗਾਈ ਹੋਈ ਹੈ ਅਤੇ ਇਹ 4 ਬੇਹੋਸ਼ੀ ਦੇ ਮਾਹਿਰ ਡਾਕਟਰ 24 x 7 ਰੋਟੇਸ਼ਨ ਪਧਰ ਤੇ ਇਥੇ ਹੋ ਰਹੇ ਵੱਖ-ਵੱਖ ਆਪ੍ਰੇਸ਼ਨਾਂ ਲਈ ਉਪਲਬਧ ਰਹਿੰਦੇ ਹਨ। ਇਸ ਤੋਂ ਇਲਾਵਾ ਐਨ.ਐਚ.ਐਮ. ਅਧੀਨ ਸਰਕਾਰ ਦੀਆਂ ਗਾਈਡਲਾਈਨਾਂ ਦੀ ਪਾਲਣਾ ਕਰਦੇ ਹੋਏ, 04 ਪ੍ਰਾਈਵੇਟ ਬੇਹੋਸ਼ੀ ਦੇ ਮਾਹਿਰ ਡਾਕਟਰਾਂ ਨੂੰ ਵੀ M.O.U. ਕਰਵਾ ਕੇ ਸਿਵਲ ਹਸਪਤਾਲ, ਪਠਾਨਕੋਟ ਵਿਖੇ ਲੋੜ ਪੈਣ ਤੇ ਜਾਂ ਕਿਸੇ ਬੇਹੋਸ਼ੀ ਦੇ ਮਾਹਿਰ ਡਾਕਟਰ ਦੀ ਗੈਰ-ਮੌਜੂਦਗੀ ਵਿੱਚ ਸਰਕਾਰੀ ਰੇਟਾਂ ਤੇ ਆਪ੍ਰੇਸ਼ਨ ਲਈ ਬੁਲਾਇਆ ਜਾਂਦਾ ਹੈ ਜਿਸ ਲਈ ਮਰੀਜ਼ ਕੋਲੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਹੈ।
ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਵਲੋਂ ਸਮੇਂ ਸਮੇਂ ਤੇ ਮਿਲਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅਤੇ Free Drug Initiative ਤਹਿਤ ਸਰਕਾਰੀ ਹਸਪਤਾਲ ਵਿਚ ਹਰ ਤਰ੍ਹਾ ਦੇ ਆਯੂਸ਼ਮਾਨ ਸਕੀਮ / ਬਿਨਾਂ ਆਯੂਸ਼ਮਾਨ ਸਕੀਮ ਅਧੀਨ ਆਪ੍ਰੇਸ਼ਨ,ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਂਦੀਆਂ ਹਨ ਅਤੇ ਇਸ ਨੂੰ ਨਿਜੀ ਤੌਰ ਤੇ ਮਾਨਯੋਗ ਸਿਵਲ ਸਰਜਨ,ਪਠਾਨਕੋਟ ਵਲੋਂ ਮੋਨਿਟਰ ਕੀਤਾ ਜਾਂਦਾ ਹੈ ਅਤੇ ਇਸ ਸੰਬਧੀ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਸਖਤ ਪਾਲਣਾ ਹਿੱਤ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ।
ਅਖਬਾਰ ਵਿੱਚ ਛੱਪੀ ਖਬਰ, ਜਿਸ ਵਿੱਚ ਬੇਹੋਸੀ ਦੇ ਟੀਕੇ ਲਈ 2500 ਰੁਪਏ ਦੀ ਮੰਗ ਬਾਰੇ ਲਿਖਿਆ ਗਿਆ ਹੈ. ਨੂੰ ਬਿਲਕੁਲ ਨਕਾਰਦੇ ਹੋਏ ਸਿਵਲ ਸਰਜਨ, ਪਠਾਨਕੋਟ ਵਲੋਂ ਦੱਸਿਆ ਗਿਆ ਕਿ ਜਿਸ ਤਰਾਂ ਇਹ ਖਬਰ ਕਿਸੇ ਸ਼ਰਾਰਤੀ ਅਨਸਰ ਵਲੋਂ ਲਗਵਾਉਣ ਅਤੇ ਸਿਹਤ ਵਿਭਾਗ ਦੀ ਛਵੀ ਖਰਾਬ ਕਰਣ ਦੀ ਸਾਜ਼ਿਸ਼ ਜਾਪਦੀ ਹੈ,ਤਾਂ ਇਸ ਸੰਬਧੀ ਸੰਬੰਧਤ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਸਿਵਲ ਹਸਪਤਾਲ, ਪਠਾਨਕੋਟ ਨੂੰ ਹਦਾਇਤ ਕੀਤੀ ਗਈ ਹੈ ਕਿ ਸਾਰੇ ਮਾਮਲੇ ਦੀ ਤਹਿਕੀਕਾਤ ਕਰਕੇ ਇਸਦੀ ਰਿਪੋਰਟ ਉਹਨਾਂ ਨੂੰ ਪੇਸ਼ ਕੀਤੀ ਜਾਵੇ।
ਸਿਵਲ ਸਰਜਨ, ਪਠਾਨਕੋਟ ਵਲੋਂ ਦੱਸਿਆ ਗਿਆ ਕਿ ਹਰ ਮਹੀਨੇ ਸਿਵਲ ਹਸਪਤਾਲ, ਪਠਾਨਕੋਟ ਦੇ ਸੱਚਾ-ਬੱਚਾ ਵਿੰਗ ਵਿਖੇ ਲੱਗਭੱਗ 170-200 ਤੋਂ ਸਿਜ਼ੇਰੀਅਨ ਰਾਹੀਂ ਜਨੇਪੇ ਹੁੰਦੇ ਹਨ ਜਿਹਨਾਂ ਵਿੱਚੋਂ ਨਾਲ ਲਗਦੇ ਹੋਏ ਹਿਮਾਚਲ ਪ੍ਰਦੇਸ਼ ਅਤੇ ਜੰਮ-ਕਸ਼ਮੀਰ ਸਮੇਤ ਹੋਰ ਇਲਾਕਿਆ ਤੋਂ ਰੈਫ਼ਰ ਹੋ ਕੇ ਵੀ ਆਉਣ ਵਾਲੇ ਮਰੀਜ਼ਾਂ ਦਾ ਬਿਲਕੁਲ ਮੁਫ਼ਤ ਆਪ੍ਰੇਸ਼ਨ /ਇਲਾਜ ਕੀਤਾ ਜਾਂਦਾ ਹੈ ਅਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ।