ਵਿਰਸਾ ਸਿੰਘ ਵਲਟੋਹਾ ਨੇ ਇੱਕ ਵਾਰ ਫਿਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਕੀਤੇ ਸ਼ਬਦੀ ਹਮਲੇ, ਪੜ੍ਹੋ ਵੇਰਵਾ
ਗੁਰਪ੍ਰੀਤ ਸਿੰਘ
- ਸਾਬਕਾ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ
- ਦੋ ਦਸੰਬਰ ਨੂੰ ਫਸੀਲ ਤੋਂ ਕੀਤੇ ਫੈਸਲੇ ਅਤੇ ਬਾਅਦ ਵਿੱਚ ਉਹਨਾਂ ਫੈਸਲਿਆਂ ਚ ਕੀਤੀ ਤਬਦੀਲੀ ਦੇ ਉੱਪਰ ਵਲਟੋਹਾ ਨੇ ਚੁੱਕੇ ਸਵਾਲ
- ਜਥੇਦਾਰ ਸਾਹਿਬਾਨਾਂ ਵੱਲੋਂ ਅਕਾਲੀ ਆਗੂਆਂ ਦੇ ਗੱਲਾਂ ਚ ਤਖਤੀਆਂ ਪਵਾ ਕੇ ਗੁਰਬਾਣੀ ਦੀ ਪੰਗਤੀਆਂ ਦੀ ਕਰਵਾਈ ਹੈ ਬੇਅਦਬੀ - ਵਲਟੋਹਾ
- ਗਿਆਨੀ ਹਰਪ੍ਰੀਤ ਸਿੰਘ ਬਣਾਉਣਾ ਚਾਹੁੰਦੇ ਹਨ ਆਪਣਾ ਨਵਾਂ ਅਕਾਲੀ ਦਲ - ਵਲਟੋਹਾ
ਅੰਮ੍ਰਿਤਸਰ, 20 ਫਰਵਰੀ 2025 - ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਵਿਰਸਾ ਸਿੰਘ ਵਲਟੋਹਾ ਵਿਚਾਲੇ ਚੱਲਿਆ ਆ ਰਿਹਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਅੱਜ ਇਸੇ ਹੀ ਕੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਮਰਿਆਦਾ ਭੰਗ ਕਰਨ ਦੇ ਦੋਸ਼ ਵਿੱਚ ਬਾਹਰ ਕੀਤੇ ਗਏ ਵਿਰਸਾ ਸਿੰਘ ਵਲਟੋਹਾ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ, ਜਿਸ ਵਿੱਚ ਉਹਨਾਂ ਵੱਲੋਂ ਫਿਰ ਇੱਕ ਵਾਰ ਗਿਆਨੀ ਹਰਪ੍ਰੀਤ ਸਿੰਘ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ।
ਵਿਰਸਾ ਸਿੰਘ ਵਲਟੋਹਾ ਵੱਲੋਂ ਜਿੱਥੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵਰਤੀ ਗਈ ਸ਼ਬਦਾਵਲੀ ਉੱਤੇ ਇਤਰਾਜ਼ ਕੀਤਾ ਗਿਆ। ਉੱਥੇ ਹੀ ਉਹਨਾਂ ਵੱਲੋਂ ਦੋ ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਤਨਖਾਹਾਂ ਲਾਉਣ ਅਤੇ ਉਹਨਾਂ ਵਿੱਚ ਤਬਦੀਲੀਆਂ ਕਰਨ ਉੱਤੇ ਵੀ ਸਵਾਲ ਚੁੱਕੇ ਗਏ। ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਕਾਲੀ ਦਲ ਨੂੰ ਛੇ ਮੈਂਬਰੀ ਕਮੇਟੀ ਬਣਾ ਕੇ ਨਵੀਂ ਭਰਤੀ ਕਰਨ ਦੇ ਆਦੇਸ਼ ਫਸੀਲ ਤੋਂ ਜਾਰੀ ਕੀਤੇ ਗਏ ਸਨ, ਜਦ ਕਿ ਇਸ ਵਿੱਚ ਤਬਦੀਲੀ ਕਰਦੇ ਹੋਏ ਬਾਅਦ ਵਿੱਚ ਇਸ ਨੂੰ ਸੱਤ ਮੈਂਬਰੀ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਇਨ ਬਿਨ ਪਾਲਣਾ ਕਰਨ ਦੀ ਗੱਲ ਕਰਦੇ ਹਨ ਅਤੇ ਦੂਜੇ ਪਾਸੇ ਆਪ ਹੀ ਫਸੀਲ ਤੋਂ ਸੁਣਾਏ ਗਏ ਹੁਕਮ ਵਿੱਚ ਤਬਦੀਲੀ ਕਰ ਦਿੰਦੇ ਹਨ।
ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਗੁਰਬਾਣੀ ਦੇ ਬੇਅਦਬੀ ਕਰਨ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਿਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੂੰ ਸਜ਼ਾਵਾਂ ਸੁਣਾਈਆਂ ਗਈਆਂ ਸਨ, ਉਸ ਵਿੱਚ ਟੋਇਲਟ ਸਾਫ ਕਰਨ ਦੀ ਸੇਵਾ ਅਤੇ ਜੂਠੇ ਭਾਂਡੇ ਮਾਂਜਣ ਦੀ ਸੇਵਾ ਵੀ ਸੁਣਾਈ ਗਈ ਸੀ ਅਤੇ ਨਾਲ ਹੀ ਗੁਰਬਾਣੀ ਦੀਆਂ ਪੰਗਤੀਆਂ ਵਾਲੀ ਤਖਤੀ ਗੱਲ ਵਿੱਚ ਪਾਉਣ ਲਈ ਕਿਹਾ ਗਿਆ ਸੀ। 2 ਦਸੰਬਰ ਦੀ ਵੀਡੀਓ ਵਿਖਾਉਂਦੇ ਹੋਏ ਵਲਟੋਹਾ ਨੇ ਕਿਹਾ ਕਿ ਇਹ ਤਖਤੀਆਂ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਦੇ ਗਲਾਂ ਦੇ ਵਿੱਚ ਪਾਈਆਂ ਗਈਆਂ ਸਨ ਜਦੋਂ ਉਨਾਂ ਵੱਲੋਂ ਚਾਰ ਦਸੰਬਰ ਨੂੰ ਟੋਇਲੇਟ ਵਿੱਚ ਗੁਰਬਾਣੀ ਦੀ ਬੇਅਦਬੀ ਅਤੇ ਜੂਠੇ ਭਾਂਡੇ ਮਾਂਜਣ ਲੱਗਿਆਂ ਗੁਰਬਾਣੀ ਦੀ ਬੇਅਦਬੀ ਦਾ ਸੁਨੇਹਾ ਦਿੱਤਾ ਗਿਆ ਤਾਂ ਇਸ ਤੋਂ ਬਾਅਦ ਗੁਰਬਾਣੀ ਦੀਆਂ ਪੰਗਤੀਆਂ ਵਾਲੀ ਤਖਤੀਆਂ ਗੱਲਾਂ ਚੋਂ ਹਟਾਉਣ ਲਈ ਆਦੇਸ਼ ਜਾਰੀ ਕੀਤੇ ਗਏ, ਜਿਸ ਦੀ ਕਾਪੀ ਵੀ ਉਨਾਂ ਵੱਲੋਂ ਦਿਖਾਈ ਗਈ।
ਉਹਨਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਜਾਂਚ ਕਿਉਂ ਨਹੀਂ ਕੀਤੀ ਜਾ ਰਹੀ ਉਹਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਗਿਆ ਕਿ ਉਹਨਾਂ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਜਿਸ ਵਿੱਚ 29 ਅਕਤੂਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਜਿਹੜੇ ਇਲਜ਼ਾਮ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਉਹਨਾਂ ਉੱਤੇ ਲਗਾਏ ਗਏ ਸਨ ਉਹਨਾਂ ਦੇ ਸਬੂਤ ਪੇਸ਼ ਕਰਨ ਦੇ ਲਈ ਦਿੱਤੀ ਗਈ ਸੀ ਉਸ ਉੱਤੇ ਵੀ ਕੋਈ ਐਕਸ਼ਨ ਨਹੀਂ ਲਿੱਤਾ ਗਿਆ ਅਤੇ ਇਸ ਦੇ ਉਲਟ ਉਹਨਾਂ ਨੂੰ ਹੀ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਸਾਨੂੰ 1994 ਵਿੱਚ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਵਾਲੀ ਭੂਮਿਕਾ ਨਿਭਾਉਣ ਦੀ ਅਪੀਲ ਵਲਟੋਹਾ ਨੇ ਸੰਨ 1994 ਵਿੱਚ ਉਦੋਂ ਦੇ ਕਾਰਜਕਾਰੀ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜੇ ਹੋ ਕੇ ਹੁਕਮ ਸੁਣਾਏ ਗਏ ਹਨ ਉਹਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤਿਕ ਹੋਂਦ ਤੇ ਸਵਾਲੀਆ ਨਿਸ਼ਾਨ ਵੀ ਲੱਗ ਸਕਦੇ ਹਨ ਅਤੇ ਉਸਦੀ ਹੋਂਦ ਨੂੰ ਵੀ ਖਤਰਾ ਹੋ ਸਕਦਾ ਹੈ।
ਉਹਨਾਂ ਨੇ ਕਿਹਾ ਕਿ ਪ੍ਰੋਫੈਸਰ ਮਨਜੀਤ ਸਿੰਘ ਵੱਲੋਂ 1994 ਵਿੱਚ ਵੀ ਅਜਿਹੇ ਹੁਕਮ ਜਾਰੀ ਕੀਤੇ ਗਏ ਸਨ ਜਿਸ ਵਿੱਚ ਨਵੀਂ ਭਰਤੀ ਦੀ ਗੱਲ ਕਹੀ ਗਈ ਸੀ ਪਰ ਅਕਾਲੀ ਦਲ ਦੀ ਹੋਂਦ ਤੇ ਖਤਰਾ ਹੋਣ ਦੀ ਗੱਲ ਸੁਣਨ ਤੋਂ ਬਾਅਦ ਪ੍ਰੋਫੈਸਰ ਮਨਜੀਤ ਸਿੰਘ ਵੱਲੋਂ ਆਪਣੇ ਆਪ ਨੂੰ ਇਸ ਮਾਮਲੇ ਤੋਂ ਦੂਰ ਕਰ ਲਿੱਤਾ ਗਿਆ ਸੀ। ਉਨਾਂ ਨੇ ਕਿਹਾ ਕਿ ਹਾਲਾਂਕਿ ਉਹ ਆਪ ਸ਼੍ਰੋਮਣੀ ਅਕਾਲੀ ਦਲ ਵਿੱਚ ਨਹੀਂ ਹਨ ਪਰ ਫਿਰ ਵੀ ਉਹ ਚਾਹੁੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਰਾਜਨੀਤਿਕ ਪਾਰਟੀ ਹੈ ਅਤੇ ਇਸ ਵਿੱਚ ਧਰਮ ਦੀ ਸਿੱਧੀ ਦਖਲ ਅੰਦਾਜੀ ਨਾਲ ਇਸ ਦੀ ਹੋਂਦ ਨੂੰ ਖਤਰਾ ਪੈਦਾ ਹੋ ਸਕਦਾ ਹੈ ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਵਰਗਾ ਰੋਲ ਨਿਭਾਣਾ ਚਾਹੀਦਾ ਹੈ। ਆਪਣੀ ਨਵੀਂ ਹੋਂਦ ਬਣਾਉਣ ਦੇ ਵੀ ਲਗਾਏ ਇਲਜ਼ਾਮ ਵਿਰਸਾ ਸਿੰਘ ਵਲਟੋਹਾ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਨੂੰ ਇਕੱਠੇ ਕਰਨ ਦੀ ਆੜ ਵਿੱਚ ਇੱਕ ਨਵਾਂ ਅਕਾਲੀ ਦਲ ਬਣਾਉਣ ਦੀ ਯੋਜਨਾ ਜਾਂ ਸਾਜਿਸ਼ ਦੇ ਵੀ ਇਲਜ਼ਾਮ ਲਗਾਏ।