ਅੰਮ੍ਰਿਤਸਰ: ਇਸ ਮਹੀਨੇ ਵਿੱਚ ਹੀ ਪੁਲਿਸ ਨੇ 174 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ -ਏਡੀਜੀਪੀ
- 50 ਕਿਲੋ ਹੈਰੋਇਨ ਬਰਾਮਦ ਹੋਈ ਅਤੇ 92 ਪਰਚੇ ਦਰਜ ਕੀਤੇ
ਅੰਮ੍ਰਿਤਸਰ, 29 ਮਾਰਚ 2025 - ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਪੰਜਾਬ ਭਰ ਵਿੱਚ ਚੱਲ ਰਹੇ ਕਾਸੋ ਆਪਰੇਸ਼ਨ, ਜਿਸ ਅਧੀਨ ਸ਼ੱਕੀ ਵਿਅਕਤੀ ਦੇ ਘਰਾਂ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾਂਦੀ ਹੈ, ਦੌਰਾਨ ਜਾਇਜ਼ਾ ਲੈਣ ਲਈ ਪਹੁੰਚੇ ਏਡੀਜੀਪੀ ਸ੍ਰੀ ਐਮ ਐਫ ਫਾਰੂਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੁਹਿੰਮ ਦੇ ਬਹੁਤ ਵਧੀਆ ਨਤੀਜੇ ਆਏ ਹਨ। ਉਹਨਾਂ ਦੱਸਿਆ ਕਿ ਇੱਕ ਮਾਰਚ ਤੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੌਰਾਨ ਪੁਲਿਸ ਨੇ 92 ਪਰਚੇ ਦਰਜ ਕੀਤੇ ਹਨ ਅਤੇ 174 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਦੌਰਾਨ ਪੁਲਿਸ ਨੂੰ 50 ਕਿਲੋ ਤੋਂ ਵੱਧ ਹੈਰੋਇਨ, ਦਸ ਪਿਸਟਲ ਅਤੇ ਹੋਰ ਨਸ਼ੀਲੇ ਪਦਾਰਥ ਵੀ ਬਰਾਮਦ ਕਰਨ ਵਿੱਚ ਸਫਲਤਾ ਮਿਲੀ ਹੈ।
ਉਹਨਾਂ ਨਸ਼ਾ ਸਮਗਲਰਾਂ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਤੁਹਾਡੇ ਵੱਲੋਂ ਨਸ਼ਾ ਵੇਚ ਕੇ ਬਣਾਈਆਂ ਗਈਆਂ ਜਾਇਦਾਤਾਂ ਅਤੇ ਮਕਾਨ ਢਾਹ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਜੋ ਵਿਅਕਤੀ ਸਮਾਜ ਨੂੰ ਬਰਬਾਦ ਕਰ ਰਹੇ ਹਨ ਅਸੀਂ ਉਹਨਾਂ ਨੂੰ ਆਬਾਦ ਨਹੀਂ ਰਹਿਣ ਦਿਆਂਗੇ। ਉਹਨਾਂ ਨੇ ਲੋਕਾਂ ਨੂੰ ਇਸ ਮੁਹਿੰਮ ਵਿੱਚ ਪੁਲਿਸ ਦਾ ਸਾਥ ਦੇਣ ਦੀ ਅਪੀਲ ਕਰਦੇ ਕਿਹਾ ਕਿ ਤੁਹਾਨੂੰ ਜਿਸ ਵੀ ਵਿਅਕਤੀ ਉੱਤੇ ਨਸ਼ਾ ਵੇਚਣ ਦਾ ਕੋਈ ਸ਼ੱਕ ਪਵੇ ਜਾਂ ਜਾਣਕਾਰੀ ਮਿਲੇ ਤਾਂ ਇਸ ਦੀ ਜਾਣਕਾਰੀ ਪੁਲਿਸ ਨੂੰ ਜਰੂਰ ਦਿਓ ਤਾਂ ਜੋ ਅਸੀਂ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਸਕੀਏ। ਉਹਨਾਂ ਕਿਹਾ ਕਿ ਇਹ ਮੁਹਿੰਮ ਕੋਈ ਇੱਕ ਜਾਂ ਦੋ ਮਹੀਨੇ ਨਹੀਂ ਬਲਕਿ ਨਸ਼ੇ ਦੀ ਸਮਾਪਤੀ ਤੱਕ ਚੱਲੇਗੀ।
ਉਹਨਾਂ ਕਿਹਾ ਕਿ ਅਸੀਂ ਇਸ ਤੋਂ ਇਲਾਵਾ ਨਸ਼ਾ ਤਸਕਰਾਂ ਵੱਲੋਂ ਬਣਾਈਆਂ ਗਈਆਂ ਜਾਇਦਾਤਾਂ ਵੀ ਜ਼ਬਤ ਕਰ ਰਹੇ ਹਾਂ ਹਾਂ ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਅਜਿਹੇ ਬੁਰੇ ਕੰਮ ਕਰਕੇ ਜਾਇਦਾਦ ਬਣਾਉਣ ਦਾ ਸੁਪਨਾ ਤੱਕ ਨਾ ਲਵੇ। ਇਸ ਮੌਕੇ ਉਹਨਾਂ ਨਾਲ ਡੀਆਈਜੀ ਸ੍ਰੀ ਸਤਿੰਦਰ ਸਿੰਘ, ਜਿਲਾ ਪੁਲਿਸ ਮੁਖੀ ਮਨਿੰਦਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।