ਪੈਟਰੋਲ ਪੰਪ 'ਤੇ ਲੁੱਟ ਦਾ ਮਾਮਲਾ! ਇੱਕ ਹੋਰ ਬਦਮਾਸ਼ ਗ੍ਰਿਫਤਾਰ
50 ਤੋਂ ਵੱਧ ਵਾਰਦਾਤਾਂ ਨੂੰ ਦਿੱਤਾ ਅੰਜਾਮ, ਵਿਰੋਧ ਕਰਨ ਵਾਲੇ ਨੂੰ ਮਾਰ ਦਿੰਦੇ ਸੀ ਗੋਲੀ
ਰੋਹਿਤ ਗੁਪਤਾ
ਗੁਰਦਾਸਪੁਰ, 2 ਅਪ੍ਰੈਲ 2025-ਬੀਤੀ 16 ਮਾਰਚ ਨੂੰ ਬਟਾਲਾ ਨਜ਼ਦੀਕੀ ਕਸਬਾ ਉਧਨਵਾਲ ਪੈਟਰੋਲ ਪੰਪ ਤੇ ਲੁੱਟ ਦੀ ਨੀਅਤ ਨਾਲ ਲੁਟੇਰਿਆਂ ਨੇ ਗੋਲੀਆਂ ਚਲਾਈਆਂ ਸੀ ਜਿਸ ਵਿੱਚ ਹਿਮਾਚਲ ਦੇ ਰਹਿਣ ਵਾਲੇ ਪੰਪ ਮੁਲਾਜ਼ਮ ਰਵੀ ਕੁਮਾਰ ਦੀ ਮੌਤ ਹੋ ਗ਼ਈ ਸੀ ਅਤੇ ਦੂਸਰਾ ਮੁਲਾਜ਼ਮ ਜ਼ਖਮੀ ਹੋ ਗਿਆ ਸੀ।
ਇਸੇ ਗਿਰੋਹ ਵੱਲੋਂ ਬਾਅਦ ਵਿੱਚ ਹੋਰ ਵੀ ਕਈ ਪੈਟਰੋਲ ਪੰਪਾਂ ਤੇ ਲੁੱਟ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਲੁੱਟ ਦੀ ਨੀਅਤ ਨਾਲ ਤੇ ਕਾਹਨੂੰਵਾਨ ਦੇ ਇੱਕ ਦੁਕਾਨਦਾਰ ਨੂੰ ਵੀ ਗੋਲੀ ਮਾਰੀ ਗਈ ਸੀ ਜਿਸ ਤੋਂ ਬਾਅਦ ਇਸ ਦਰਿਆ ਦੇ ਮੁੱਖ ਸਰਗਨਾ ਸਾਹਿਬ ਸਿੰਘ ਨੂੰ ਗੁਰਦਾਸਪੁਰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਹੁਣ ਉਸ ਦਾ ਇੱਕ ਹੋਰ ਸਾਥੀ ਬਲਦੇਵ ਸਿੰਘ ਵੀ ਘੁਮਾਣ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ।
ਘੁਮਾਣ ਪੁਲਿਸ ਥਾਣਾ ਦੀ ਐਸ ਐਚ ਓ ਬਲਜੀਤ ਕੌਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਇਸ ਲੁਟੇਰੇ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ 50 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਇਹਨਾਂ ਵੱਲੋਂ ਜ਼ਿਆਦਾਤਰ ਪੈਟਰੋਲ ਪੰਪਾਂ ਤੇ ਲੁੱਟਾਂ ਕੀਤੀਆਂ ਗਈਆਂ ਹਨ। ਕਾਫੀ ਸਮੇਂ ਤੋਂ ਇਹ ਪੁਲਿਸ ਨੂੰ ਲੋੜੀਂਦਾ ਸੀ ।ਇਸਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਅਗਲੀ ਪੁੱਛਗਿੱਛ ਜਾਰੀ ਹੈ।