ਗਲ ਪਿਆ ਢੋਲ ਵਜਾਉਣ ਵਾਂਗ ਬਣਿਆ ਬਠਿੰਡਾ ਦਾ ਵਿਰਾਸਤੀ ਮੇਲਾ
ਅਸ਼ੋਕ ਵਰਮਾ
ਬਠਿੰਡਾ, 23 ਮਾਰਚ 2025:ਬਠਿੰਡਾ ਦੇ ਵਿਰਾਸਤੀ ਪਿੰਡ ਜੈਪਾਲਗੜ੍ਹ ’ਚ ਲੱਗਿਆ ਵਿਰਾਸਤੀ ਮੇਲਾ ਇੱਕ ਤਰਾਂ ਨਾਲ ਗਲ ਪਿਆ ਢੋਲ ਵਜਾਉਣ ਵਰਗਾ ਹੋ ਗਿਆ ਹੈ। ਹਾਲਾਂਕਿ ਪ੍ਰਬੰਧਕਾਂ ਨੇ ਆਪਣੀ ਪੂਰੀ ਵਾਹ ਲਾਈ ਫਿਰ ਵੀ ਗਰਮੀ ਦੀ ਸ਼ੁਰੂਆਤ ’ਚ ਲੱਗੇ ਬਠਿੰਡਾ ਦੇ ਵਿਰਾਸਤੀ ਮੇਲੇ ’ਚ ਐਤਕੀਂ ਲੋਕਾਂ ਦੀ ਕਮੀ ਵੱਡੇ ਪੱਧਰ ਤੇ ਰੜਕ ਰਹੀ ਹੈ ਜਦੋਂਕਿ ਕਰੀਬ 15 ਸਾਲ ਪਹਿਲਾਂ ਵਿਰਾਸਤੀ ਮੇਲੇ ਕਾਫੀ ਭਰਦੇ ਰਹੇ ਹਨ। ਵਿਰਾਸਤੀ ਮੇਲੇ ਤੋਂ ਐਤਕੀਂ ਸ਼ਹਿਰੀ ਲੋਕ ਦੂਰ ਹੋਏ ਹਨ ਤੇ ਮੇਲਾ ਹੁਣ ਪੁਰਾਣਾ ਜਲੌਅ ਵੀ ਗੁਆ ਬੈਠਾ ਹੈ। ਅੰਤਿਮ ਦਿਨ ਪੇਂਡੂ ਸੱਭਿਆਚਾਰ ਤੇ ਵਿਰਾਸਤ ਦੀ ਤੂਤੀ ਬੋਲਣ ਦੀ ਗੱਲ ਵੀ ਦੂਰ ਰਹੀ ਅਤੇ ਵਿਰਾਸਤ ਨੂੰ ਸਮਝਣ ਵਾਲੇ ਦਰਸ਼ਕਾਂ ਦੀ ਘਾਟ ਰੜਕਦੀ ਨਜ਼ਰ ਆਈ। ਏਨਾ ਜ਼ਰੂਰ ਹੈ ਕਿ ਵੱਖ ਵੱਖ ਥਾਵਾਂ ਤੇ ਤਸਵੀਰਾਂ ਖਿਚਵਾਉਣ ਵਾਲੇ ਦਰਸ਼ਕ ਮੇਲਾ ਲੁੱਟ ਰਹੇ ਹਨ। ਉਂਜ ਮੇਲੇ ਵਿੱਚ ਅੱਜ ਬਾਅਦ ਦੁਪਹਿਰ ਇੱਕ ਦਿਨ ਪਹਿਲਾਂ ਨਾਲੋਂ ਜਿਆਦਾ ਭੀੜ ਰਹੀ।

ਮੇਲੇ ’ਚ ਕੁੱਝ ਲੋਕ ਅੱਜ ਅਜਿਹੇ ਵੀ ਨਜ਼ਰ ਆਏ ਜੋ ਆਪਣੇ ਬੱਚਿਆਂ ਨੂੰ ਵਿਰਾਸਤ ਬਾਰੇ ਸਮਝਾਉਣ ਅਤੇ ਵਿਰਾਸਤੀ ਵਸਤਾਂ ਦਿਖਾਉਣ ਲਈ ਆਏ ਹੋਏ ਸਨ। ਬੋਹਾ ਤੋਂ ਆਏ ਇੱਕ ਅਧਿਆਪਕ ਅਤੇ ਉਨ੍ਹਾਂ ਦੀ ਧਰਮਪਤਨੀ ਨੇ ਆਪਣੀ ਬੱਚੀ ਨੂੰ ਚਰਖੇ ਤੇ ਬੈਠਣਾ ਅਤੇ ਕੱਤਣ ਦਾ ਵੱਲ ਸਿਖਾਇਆ । ਆਪਣੇ ਪ੍ਰੀਵਾਰ ਨਾਲ ਮੇਲੇ ’ਚ ਆਏ ਪਾਵਰਕੌਮ ਦੇ ਇੱਕ ਅਧਿਕਾਰੀ ਨੇ ‘ਚਾਚੀ ਅਤਰੋ’ ਵਾਂਗ ਨਜ਼ਰ ਆਉਣ ਵਾਲੇ ਨੌਜਵਾਨ ਨਾਲ ਫੋਟੋ ਖਿਚਵਾਈ ਅਤੇ ਹੋਰ ਫੋਟਆਂ ਵੀ ਖਿੱਚੀਆਂ। ਅੰਤਿਮ ਦਿਨ ਵਿਰਾਸਤ ਮੇਲੇ ਵਿੱਚ ਬਾਜ਼ੀਗਰਾਂ ਨੇ ਜਾਨ ਹੂਲਵੇਂ ਢੰਗ ਨਾਲ ਬਾਜੀ ਪਾਈ ਤੇ ਸਟੇਜ਼ ਤੋਂ ਗਾਇਕੀ ਦਾ ਅਖਾੜਾ ਜੰਮਿਆ। ਅੱਜ ਵਿਰਾਸਤੀ ਪਿੰਡ ਵਿੱਚ ਨਚਾਰਾਂ ਦੀ ਪਾਰਟੀ ਵੀ ਆਪਣੇ ਰਿਵਾਇਤੀ ਬਾਜ਼ਾਂ ਨਾਲ ਜੌਹਰ ਦਿਖਾਉਂਦੀ ਰਹੀ। ਭੂੰਡਾਂ ਵਾਲੇ ਬਾਬੇ ਨੇ ਕਾਫੀ ਭੀੜ ਖਿੱਚੀ ਜਿੱਥੇ ਮੇਲੀਆਂ ਨੇ ਫੋਟੋਆਂ ਵੀ ਖਿੱਚੀਆਂ। ਭੂੰਡਾਂ ਵਾਲੇ ਬਾਬੇ ਦੇ ਡੇਰੇ ’ਤੇ ਬਿਨਾਂ ਰੁਕੇ ਨੱਚਦਾ ਰਿਹਾ ਬਾਬਾ ਮੇਲੇ ’ਚ ਖਿੱਚ੍ਹ ਦਾ ਕੇਂਦਰ ਰਿਹਾ।
ਜੈਲਦਾਰਾਂ ਦੀ ਹਵੇਲੀ ਵਾਲੀ ਥਾਂ ਤੇ ਰਾਜਸਥਾਨੀ ਲੋਕ ਨਾਚ ਦੀ ਟੀਮ ਨਾਲ ਬੈਠ ਕੇ ਵੀ ਲੋਕਾਂ ਨੇ ਤਸਵੀਰਾਂ ਖਿੱਚਣ ਨੂੰ ਤਰਜੀਹ ਦਿੱਤੀ। ਬਹੁਤੇ ਨੌਜਵਾਨਾਂ ਤੇ ਖਾਸ ਕਰਕੇ ਕੁੜੀਆਂ ਨੇ ਵੀ ਚਾਚੀ ਅਤਰੋ ਦੇ ਘਰ ਵਿੱਚ ਸਜ਼ਾਕੇ ਰੱਖਿਆ ਦਾਜ ਦਾ ਸਮਾਨ ਬੈਠ ਕੇ ਦੇਖਿਆ। ਤਲਵੰਡੀ ਸਾਬੋ ਤੋਂ ਪ੍ਰੀਵਾਰ ਨਾਲ ਮੇਲਾ ਦੇਖਣ ਲਈ ਆਏ ਬਲਦੇਵ ਸਿੰਘ ਨੇ ਦੱਸਿਆ ਕਿ ਨਵੀਂ ਪੀੜੀ ਵਿਰਾਸਤ ’ਚੋਂ ਮਨੋਰੰਜਨ ਤਲਾਸ਼ਦੀ ਹੈ ਤੇ ਜਾਂ ਫਿਰ ਵਿਰਾਸਤ ਨੂੰ ਕੈਮਰੇ ਵਿੱਚ ਕੈਦ ਕਰਨ ਦੀ ਇੱਛੁਕ ਹੈ। ਉਨ੍ਹਾਂ ਦੱਸਿਆ ਕਿ ਨਵੇਂ ਮੁੰਡੇ ਪੁਰਾਣੇ ਵਿਰਾਸਤ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ। ਵਿਰਾਸਤੀ ਮੇਲੇ ਵਿੱਚ ਲੱਗੇ ਖਾਣ ਪੀਣ ਦੇ ਸਟਾਲਾਂ ਤੇ ਨਵੀਂ ਪੀੜ੍ਹੀ ਬਹੁਤੀ ਦਿਲਚਸਪੀ ਦਿਖਾ ਰਹੀ ਹੈ। ਵਿਰਾਸਤ ਮੇਲੇ ਵਿੱਚ ਐਤਕੀਂ ਪੁਸਤਕ ਪ੍ਰਦਰਸ਼ਨੀ ਦੀ ਘਾਟ ਰੜਕਦੀ ਰਹੀ ਹੈ। ਨੌਜਵਾਨ ਦਰਸ਼ਨ ਕੁਮਾਰ ਨੇ ਦੱਸਿਆ ਕਿ ਪਹਿਲਾਂ ਵਾਲੇ ਮੇਲਿਆਂ ਦੌਰਾਨ ਪੁਸਤਕਾਂ ਕਾਫੀ ਵਿਕਦੀਆਂ ਰਹੀਆਂ ਹਨ।
ਵਿਰਾਸਤੀ ਮੇਲੇ ਵਿੱਚ ਬੀਤੀ ਰਾਤ ਕਵੀਸ਼ਰਾਂ ਨੇ ਆਪਣੀ ਪੇਸ਼ਕਾਰੀ ਦਿੱਤੀ । ਇਸ ਤੋ ਇਲਾਵਾ ਉੱਤਰੀ ਜੋਨ ਸੱਭਿਆਚਾਰ ਕੇਂਦਰ ਪਟਿਆਲਾ ਦੀਆਂ ਟੀਮਾਂ ਨੇ ਵੀ ਪ੍ਰੋਗਾਮ ਪੇਸ਼ ਕੀਤਾ। ਅੱਜ ਸ਼ਹੀਦੀ ਦਿਨ ਹੋਣ ਕਾਰਨ ਵਿਰਾਸਤੀ ਮੇਲੇ ’ਚ ਸੁਖਦਰਸ਼ਨ ਸਿੰਘ ਸੋਹਲ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਪੇਂਟਿੰਗ ਬਣਾਈ। ਵਿਰਾਸਤ ਮੇਲੇ ’ਚ ਅੱਜ ਮੇਲੀਆਂ ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਿਜ਼ਦਾ ਕੀਤਾ ਜਾ ਰਿਹਾ ਹੈ ਅਤੇ ਲੋਕ ਸ਼ਹਾਦਤਾਂ ਸ਼ਰਧਾਂਜਲੀ ਵੀ ਭੇਂਟ ਕਰ ਰਹੇ ਹਨ। ਵਿਰਾਸਤੀ ਪਿੰਡ ਵਿੱਚ ਪਿੰਡ ਪੁਰਾਣਾ ਗੱਡਾ ਵੀ ਖਿੱਚ ਦਾ ਕੇਂਦਰ ਬਣਿਆ ਰਿਹਾ। ਵਿਰਾਸਤੀ ਮੇਲੇ ਵਿੱਚ ਖਾਣ ਪੀਣ ਦੇ ਸਟਾਲ ਵੀ ਇਸ ਵਾਰ ਬਹੁਤੀ ਭੀੜ ਨਹੀਂ ਖਿੱਚ ਸਕੇ ਹਨ। ਵਿਰਾਸਤੀ ਮੇਲੇ ਵਿੱਚ ਇੱਕ ਕਮਰੇ ਨੂੰ ਕੇਂਦਰੀ ਜੇਲ੍ਹ ਦਾ ਰੂਪ ਦਿੱਤਾ ਗਿਆ ਸੀ ਜਿੱਥੇ ਬੱਚੇ ਅੰਦਰ ਬਾਹਰ ਆ ਜਾ ਰਹੇ ਸਨ।
ਸੁੰਨਾ ਰਿਹਾ ਮਾਣਕ ਨਿਵਾਸ
ਮਾਲਵਾ ਹੈਰੀਟੇਜ ਫਾਊਡੇਸ਼ਨ ਵੱਲੋਂ ਵਿਰਾਸਤੀ ਪਿੰਡ ਵਿੱਚ ਬਣਾਇਆ ਮਾਣਕ ਨਿਵਾਸ ’ਚ ਕੋਈ ਜਿਆਦਾ ਰੌਣਕ ਨਜ਼ਰ ਨਹੀਂ ਆਈ। ਮਾਣਕ ਨਿਵਾਸ ’ਚ ਕਿਧਰੇ ਵੀ ਕੋਈ ਵੱਡੀ ਸ਼ਾਨਦਾਰ ਤਸਵੀਰ ਨਹੀਂ ਲਾਈ ਗਈ ਹੈ। ਇਸ ਮੌਕੇ ਮਾਣਕ ਦੇ ਪ੍ਰਸ਼ੰਸ੍ਰਕ ਗੁਰÇਪਿਆਰ ਸਿੰਘ ਸਿੰਘ ਦਾ ਕਹਿਣਾ ਸੀ ਕਿ ਚੰਗਾ ਹੁੰਦਾ ਕਿ ਮਾਣਕ ਨਿਵਾਸ ਵਿੱਚ ਮਾਣਕ ਦੀ ਯਾਦ ਨਾਲ ਜੁੜੀ ਹਰ ਤਸਵੀਰ ਨੂੰ ਸਜਾਉਇਆ ਜਾਂਦਾ।
ਵਿਰਾਸਤ ਨਾਲ ਸਾਂਝ :ਖਾਲਸਾ
ਮਾਲਵਾ ਹੈਰੀਟੇਜ਼ ਫਾਊਂਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਦਾ ਕਹਿਣਾ ਸੀ ਕਿ ਵਿਰਸਤ ਮੇਲ ਦਾ ਮਕਸਦ ਨਵੀਂ ਪੀੜ੍ਹੀ ਦੀ ਵਿਰਾਸਤ ਨਾਲ ਸਾਂਝ ਪੁਆਉਣਾ ਹੈ। ਉਨ੍ਹਾਂ ਕਿਹਾ ਕਿ ਫਾਊਂਡੇਸ਼ਨ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੇ ਸਹਿਯੋਗ ਕਾਰਨ ਇਹ ਉੱਦਮ ਕਾਫੀ ਹੱਦ ਤੱਕ ਸਫਲ ਰਿਹਾ ਹੈ।
ਵਿਰਸਾ ਸੰਭਾਲਣਾ ਫਰਜ਼
ਫਾਊਂਡੇਸ਼ਨ ਦੇ ਆਗੂ ਚਮਕੌਰ ਸਿੰਘ ਮਾਨ ਦਾ ਕਹਿਣਾ ਸੀ ਕਿ ਬੇਸ਼ੱਕ ਫਾਉਂਡੇਸ਼ਨ ਪੁਰਾਤਨ ਪੰਜਾਬ ਦੀ ਅਮੀਰ ਵਿਰਾਸਤ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹੈ ਪਰ ਵਿਰਸਾ ਸੰਭਾਲਣਾ ਸਭਨਾਂ ਦਾ ਇਖਲਾਕੀ ਫਰਜ਼ ਬਣਦਾ ਹੈ। ਵਿਰਾਸਤੀ ਮੇਲੇ ‘ਚ ਆਪਣੀ ਕਲਾ ਦਾ ਮੁਜ਼ਾਹਰਾ ਕਰ ਰਹੇ ਲੋਕਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਕਾਲਾਕਾਰਾਂ ਵੱਲੋਂ ਕੀਤੀ ਜਾਂਦੀ ਸਖਤ ਮਿਹਨਤ ਤੋਂ ਸਪਸ਼ਟ ਹੈ ਕਿ ਮਾਇਆ ਦੀ ਚਕਾਚੌਂਧ ਤੋਂ ਦੂਰ ਇਨ੍ਹਾਂ ਦਾ ਮਕਸਦ ਵਿਰਾਸਤ ਨੂੰ ਜਿੰਦਾ ਰੱਖਣਾ ਹੀ ਰਹਿ ਗਿਆ ਹੈ ਜੋਕਿ ਪੰਜਾਬੀ ਸਮਾਜ ਲਈ ਸ਼ੁਭ ਸੰਕੇਤ ਹੈ।