ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਮੌਕੇ ਸਾਮਰਾਜ ਵਿਰੋਧੀ ਲਹਿਰ ਖੜੀ ਕਰਨ ਦਾ ਸੱਦਾ
ਅਸ਼ੋਕ ਵਰਮਾ
ਮਲੋਟ, 23 ਮਾਰਚ 2025: ਬਰਤਾਨਵੀ ਸਾਮਰਾਜ ਵਿਰੋਧੀ ਇਨਕਲਾਬ ਲਹਿਰ ਦੇ ਜੁਝਾਰੂ ਸ਼ਹੀਦਾਂ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਮੌਕੇ ਦਾਣਾ ਮੰਡੀ ਮਲੋਟ ਵਿਖੇ ਭਾਕਿਯੂ ਏਕਤਾ ਉਗਰਾਹਾਂ ਤੇ ਜਥੇਬੰਦੀਆਂ ਨੇ ਸੰਗਰਾਮੀ ਸ਼ਰਧਾਂਜਲੀਆਂ ਭੇਟ ਕੀਤੀਆਂ ।ਇਹ ਜਾਣਕਾਰੀ ਦਿੰਦਿਆਂ ਕੌਮੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਲੱਖਾ ਸ਼ਰਮਾ ਆਲਮਵਾਲਾ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਵਣਵਾਲਾ ,ਡੀ ਟੀ ਐਫ਼ ਦੇ ਰਾਮ ਸਵਰਨ ਲੱਖੇਵਾਲੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ ਕਾਕਾ ਸਿੰਘ ਖੁੰਡੇ ਹਲਾਲ, ਭਾਕਿਯੂ ਉਗਰਾਹਾਂ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ ਅਤੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਦੱਸਿਆ ਕਿ ਸ਼ਰਧਾਂਜਲੀ ਸਮਾਗਮਾਂ ਵਿੱਚ ਔਰਤਾਂ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਹੋਰਨਾਂ ਕਿਰਤੀ ਲੋਕਾਂ ਨੇ ਇੱਕਠਾਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਦੀ ਜੈ ਜੈ ਕਾਰ ਕੀਤੀ ਅਤੇ ਉਨ੍ਹਾਂ ਦੇ ਸੁਪਨਿਆਂ ਦੀ ਲੋਕ ਪੱਖੀ ਬੁਨਿਆਦੀ ਤਬਦੀਲੀ ਵਾਲਾ ਸਮਾਜ ਸਿਰਜਣ ਦੇ ਅਧੂਰੇ ਸੰਗਰਾਮੀ ਕਾਰਜ ਨੂੰ ਪੂਰਾ ਕਰਨ ਵਿੱਚ ਬਣਦਾ ਰੋਲ ਨਿਭਾਉਣ ਦਾ ਅਹਿਦ ਕੀਤਾ।
ਆਗੂਆਂ ਨੇ ਕਿਹਾ ਕਿ ਕਿਉਂਕਿ ਅੱਜ ਵੀ ਸਾਮਰਾਜੀ ਤਾਕਤਾਂ ਭਾਰਤ ਸਮੇਤ ਦੁਨੀਆ ਭਰ ਵਿੱਚ ਕਿਸਾਨਾਂ ਮਜ਼ਦੂਰਾਂ ਤੇ ਸਮੂਹ ਕਿਰਤੀਆਂ ਦੀ ਅੰਨ੍ਹੀ ਲੁੱਟ ਕਾਇਮ ਰੱਖਣ ਲਈ ਸਥਾਨਕ ਹਕੂਮਤਾਂ ਰਾਹੀਂ ਜ਼ਬਰ ਜ਼ੁਲਮ ਤੇ ਉਤਾਰੂ ਹਨ। ਇਨ੍ਹਾਂ ਦਾ ਜਚਵਾਂ ਟਾਕਰਾ ਸ਼ਹੀਦਾਂ ਦੀ ਸੰਗਰਾਮੀ ਸੋਚ ਨੂੰ ਪ੍ਰਣਾਈ ਲੋਕ ਲਹਿਰ ਰਾਹੀਂ ਹੀ ਕੀਤਾ ਜਾ ਸਕਦਾ ਹੈ ਅਤੇ ਕਿਸਾਨਾਂ ਮਜ਼ਦੂਰਾਂ ਦੀ ਹਕੀਕੀ ਪੁੱਗਤ ਵਾਲਾ ਸਮਾਜ ਸਿਰਜਿਆ ਜਾ ਸਕਦਾ ਹੈ। ਸ਼ਹੀਦ ਭਗਤ ਸਿੰਘ ਦੇ ਕਥਨ ਅਨੁਸਾਰ ਅਜਿਹੀ ਸੋਚ ਵਾਲੇ ਨੌਜਵਾਨ ਕਿਸਾਨ ਮਜ਼ਦੂਰ ਹੀ ਇਸ ਲੋਕ ਲਹਿਰ ਦਾ ਧੁਰਾ ਬਣਨਗੇ।ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਦੀ ਕੇਂਦਰੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਵੱਲੋਂ ਕਿਸਾਨ ਲਹਿਰ ਉੱਤੇ ਵਿੱਢਿਆ ਜਾਬਰ ਹੱਲਾ ਵੀ ਜਲ ਜੰਗਲ ਜ਼ਮੀਨਾਂ ਸਮੇਤ ਖੇਤੀ ਅਤੇ ਵਪਾਰ ਦਾ ਪੂਰਾ ਤਾਣਾ ਬਾਣਾ ਸਾਮਰਾਜੀ ਕਾਰਪੋਰੇਟਾਂ ਹਵਾਲੇ ਕਰਨ ਵਾਲੀਆਂ ਨੀਤੀਆਂ ਅਤੇ ਕਾਨੂੰਨ ਮੜ੍ਹਨ ਵੱਲ ਸੇਧਤ ਹੈ। ਇਸ ਜਾਬਰ ਹੱਲੇ ਨੂੰ ਪਛਾੜਨ ਲਈ ਬੁਲਾਰਿਆਂ ਵੱਲੋਂ ਸ਼ਹੀਦਾਂ ਦੀ ਸੋਚ ਮੁਤਾਬਕ ਦੇਸ਼ ਭਰ ਦੇ ਕਿਸਾਨਾਂ ਮਜ਼ਦੂਰਾਂ ਸਮੇਤ ਸਾਰੇ ਕਿਰਤੀ ਤਬਕਿਆਂ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਵਿਆਪਕ ਸਾਂਝੀ ਲੋਕ ਲਹਿਰ ਉਸਾਰਨ ਦੀ ਅਣਸਰਦੀ ਲੋੜ ਵੱਲ ਉਚੇਚਾ ਧਿਆਨ ਦੇਣ ਉੱਤੇ ਜ਼ੋਰ ਦਿੱਤਾ ਗਿਆ।
ਇਸ ਮੌਕੇ ਐਸ ਕੇ ਐਮ ਭਾਰਤ ਵੱਲੋਂ ਉਲੀਕੇ ਗਏ ਪ੍ਰੋਗਰਾਮ ਮੁਤਾਬਿਕ 28 ਮਾਰਚ ਨੂੰ ਜ਼ਬਰ ਵਿਰੋਧੀ ਦਿਹਾੜੇ ਵਿੱਚ ਭਰਵੀਂ ਸ਼ਮੂਲੀਅਤ ਦੀ ਤਿਆਰੀ ਵਾਸਤੇ 24 ਮਾਰਚ ਨੂੰ ਕੀਤੀਆਂ ਜਾ ਰਹੀਆਂ ਸਾਂਝੀਆਂ ਜ਼ਿਲ੍ਹਾ ਮੀਟਿੰਗਾਂ ਵਿੱਚ ਸਮੂਹ ਕਿਸਾਨ ਮਜ਼ਦੂਰ ਵਪਾਰੀ ਮੁਲਾਜ਼ਮ ਤੇ ਹੋਰ ਕਿਰਤੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ।ਮੁੱਖ ਬੁਲਾਰਿਆਂ ਵਿੱਚ ਲੰਬੀ ਬਲਾਕ ਦੇ ਜਨਰਲ ਸਕੱਤਰ ਮਲਕੀਤ ਸਿੰਘ ਗੱਗੜ, ਮਨੋਹਰ ਸਿੰਘ ਸਿੱਖਵਾਲਾ, ਅਜੈਬ ਸਿੰਘ ਮੱਲਣ, ਹਰਫੂਲ ਸਿੰਘ ਭਾਗਸਰ, ਸੁਖਰਾਜ ਸਿੰਘ ਰਹੂੜਿਆਂ ਵਾਲੀ, ਨਿਸ਼ਾਨ ਸਿੰਘ ਕੱਖਾਂ ਵਾਲੀ , ਗੁਰਤੇਜ ਸਿੰਘ, ਜਗਸੀਰ ਸਿੰਘ ਤੇ ਡਾ: ਹਰਪਾਲ ਸਿੰਘ ਕਿੱਲਿਆਂਵਾਲੀ ,ਕੁਲਦੀਪ ਸਿੰਘ ਤੇਲੀਆਂ ਢਾਣੀ ,ਸੁਖਦੇਵ ਸਿੰਘ, ਬੋਹੜ ਸਿੰਘ ਮਲੋਟ ਕੁਲਦੀਪ ਸਿੰਘ ਕਰਮਗੜ੍ਹ , ਕੁਲ ਹਿੰਦ ਕਿਸਾਨ ਸਭਾ ਦੇ ਨਗਿੰਦਰ ਸਿੰਘ ਵਣਵਾਲਾ ,ਲੋਕ ਮੋਰਚਾ ਦੇ ਸੂਬਾਈ ਆਗੂ ਗੁਰਦੀਪ ਸਿੰਘ ਖੁੱਡੀਆਂ, ਪਿਆਰਾ ਲਾਲ ਦੋਦਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗ ਰਾਮਪਾਲ ਗੱਗੜ ਆਦਿ ਨੇ ਸੰਬੋਧਨ ਕੀਤਾ।