ਜਥੇਦਾਰ ਸਾਹਿਬਾਨ ਨੂੰ ਗੈਰ-ਰਸਮੀ ਢੰਗ ਨਾਲ ਹਟਾਉਣਾ ਮੰਦਭਾਗਾ -ਧਾਲੀਵਾਲ
ਅੰਮ੍ਰਿਤਸਰ, 9 ਮਾਰਚ 2025 - ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਬੀਤੇ ਦਿਨੀਂ ਅਕਾਲੀ ਲੀਡਰਸ਼ਿਪ ਵੱਲੋਂ ਬਦਲਾਖੋਰੀ ਦੀ ਭਾਵਨਾ ਨਾਲ ਜਥੇਦਾਰ ਸਾਹਿਬਾਨ ਨੂੰ ਗੈਰ- ਰਸਮੀ ਢੰਗ ਨਾਲ ਹਟਾਉਣ ਦੀ ਨਿੰਦਾ ਕਰਦਿਆਂ ਇਸ ਨੂੰ ਸਿੱਖ ਪੰਥ ਲਈ ਬਹੁਤ ਮੰਦਭਾਗਾ ਦੱਸਦਿਆਂ ਕਿਹਾ ਕਿ ਹੁਣ ਰਾਜਨੀਤੀ, ਧਾਰਮਿਕ ਆਗੂਆਂ ਦੀ ਚੋਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਨਾ-ਮੁਆਫੀਯੋਗ ਬੱਜਰ ਗੁਨਾਹਾਂ ਲਈ ਦੋਸ਼ੀ ਕਰਾਰ ਦੇਣ ਤੋਂ ਬਾਅਦ ਜਥੇਦਾਰ ਸਾਹਿਬਾਨ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਅਤੇ ਹੁਣ ਬਦਲੇ ਦੀ ਭਾਵਨਾ ਨਾਲ ਅਕਾਲੀ ਲੀਡਰਸ਼ਿਪ ਨੇ ਜਥੇਦਾਰਾਂ ਨੂੰ ਹਟਾ ਦਿੱਤਾ।
ਉਨ੍ਹਾਂ ਕਿਹਾ ਕਿ ਇਸ ਨਾਲ ਸਮੁੱਚੇ ਸਿੱਖ ਭਾਈਚਾਰੇ ਦੇ ਮਨਾਂ ਨੂੰ ਗਹਿਰੀ ਠੇਸ ਪਹੁੰਚੀ ਹੈ ਅਤੇ ਉਹ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਨਕਾਰੇ ਹੋਏ ਆਗੂਆਂ ਦੀ ਜੇਬ ਵਿੱਚੋਂ ਜਥੇਦਾਰ ਸਾਹਿਬ ਨੂੰ ਚੁਣਨ ਅਤੇ ਹਟਾਉਣ ਦਾ ਇਹ ਰੁਝਾਨ ਦੁਖਦਾਈ ਸਥਿਤੀ ਨੂੰ ਦਰਸਾਉਂਦਾ ਹੈ। ਉਹਨਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਸਮੁੱਚੇ ਸਿੱਖ ਭਾਈਚਾਰੇ ਦੀ ਬਹੁਤ ਸਤਿਕਾਰਯੋਗ ਸ਼ਖਸੀਅਤ ਹਨ ਅਤੇ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਗੈਰ-ਵਾਜਬ ਹੈ।